OP Soni

ਅੰਮ੍ਰਿਤਸਰ ਅਦਾਲਤ ਨੇ ਓਮ ਪ੍ਰਕਾਸ਼ ਸੋਨੀ ਨੂੰ 14 ਦਿਨ ਦੀ ਜੂਡੀਸ਼ੀਅਲ ‘ਤੇ ਭੇਜਿਆ

ਅੰਮ੍ਰਿਤਸਰ, 19 ਜੁਲਾਈ 2023: ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Om Parkash Soni) ਦਾ 2 ਦਿਨ ਦਾ ਰਿਮਾਂਡ ਖ਼ਤਮ ਹੋਣ ‘ਤੇ ਅੱਜ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਣ ਕਾਰਨ ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ | ਅਦਾਲਤ ਨੇ ਸੁਣਵਾਈ ਕਰਦਿਆਂ ਓਮ ਪ੍ਰਕਾਸ਼ ਸੋਨੀ ਨੂੰ 14 ਦਿਨ ਲਈ ਜੂਡੀਸ਼ੀਅਲ ‘ਤੇ ਭੇਜ ਦਿੱਤਾ ਹੈ |

ਓਮ ਪ੍ਰਕਾਸ਼ ਸੋਨੀ ਨੂੰ ਹਸਪਤਾਲ ਤੋਂ ਵ੍ਹੀਲ ਚੇਅਰ ਦੀ ਮੱਦਦ ਨਾਲ ਅਦਾਲਤ ਲਿਆਂਦਾ ਗਿਆ, ਇਸ ਦੌਰਾਨ ਸੋਨੀ ਦੇ ਸਮਰਥਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ |
ਓਮ ਪ੍ਰਕਾਸ਼ ਸੋਨੀ ਦੇ ਵਕੀਲ ਪਰਦੀਪ ਸੈਣੀ ਨੇ ਕਿਹਾ ਕਿ ਓਮ ਪ੍ਰਕਾਸ਼ ਸੋਨੀ ਦੀ ਸਿਹਤ ਵਿੱਚ ਸੁਧਾਰ ਨਾ ਹੋਣ ਕਰਕੇ ਹੁਣ ਉਨ੍ਹਾਂ ਵੱਲੋਂ ਇੱਕ ਪੱਤਰ ਜੇਲ੍ਹ ਪ੍ਰਸ਼ਾਸਨ ਨੂੰ ਲਿਖਿਆ ਗਿਆ ਹੈ ਕਿ ਜਿੰਨੀ ਦੇਰ ਤੱਕ ਓਮ ਪ੍ਰਕਾਸ਼ ਸੋਨੀ ਦੀ ਸਿਹਤ ਠੀਕ ਨਹੀਂ ਹੁੰਦੀ ਦੇਰ ਤੱਕ ਉਨ੍ਹਾਂ ਨੂੰ ਹਸਪਤਾਲ ਵਿੱਚ ਹੀ ਰੱਖਿਆ ਜਾਵੇ |

ਦੂਜੇ ਪਾਸੇ ਇਸ ਮਾਮਲੇ ‘ਚ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਓਮ ਪ੍ਰਕਾਸ਼ ਸਿਹਤ ਵਿੱਚ ਸੁਧਾਰ ਨਾ ਹੋਣ ਕਰਕੇ ਲਗਾਤਾਰ ਹੀ ਵਿਜੀਲੈਂਸ ਰਿਮਾਂਡ ਮੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਉਹਨਾਂ ਨੂੰ ਅਦਾਲਤ ‘ਤੇ ਪੂਰਾ ਯਕੀਨ ਹੈ ਕਿ ਉਹ ਸਹੀ ਫੈਸਲਾ ਸੁਣਾਉਣਗੇ |

ਵਿਜੀਲੈਂਸ ਬਿਊਰੋ ਅਨੁਸਾਰ ਸਾਬਕਾ ਉਪ ਮੁੱਖ ਮੰਤਰੀ (Om Parkash Soni) ਨੇ ਸਾਲ 2016 ਤੋਂ ਸਾਲ 2022 ਤੱਕ ਆਮਦਨ ਤੋਂ ਵੱਧ ਜਾਇਦਾਦਾਂ ਹਾਸਲ ਕੀਤੀਆਂ ਹਨ। 1 ਅਪ੍ਰੈਲ, 2016 ਤੋਂ 31 ਮਾਰਚ, 2022 ਤੱਕ, ਕੁੱਲ ਆਮਦਨ 4,52,18,771 ਰੁਪਏ ਸੀ, ਜਦੋਂ ਕਿ ਉਸ ਦੀ ਤਰਫੋਂ ਖਰਚਾ 12,48,42,692 ਰੁਪਏ ਸੀ। ਸੋਨੀ ਦੁਆਰਾ ਕੀਤਾ ਗਿਆ ਇਹ ਖਰਚਾ 7,96,23,921 ਰੁਪਏ ਯਾਨੀ ਉਸਦੀ ਆਮਦਨ ਤੋਂ 176.08 ਫੀਸਦੀ ਵੱਧ ਹੈ। ਵਿਜੀਲੈਂਸ ਮੁਤਾਬਕ ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ ‘ਤੇ ਜਾਇਦਾਦਾਂ ਰੱਖੀਆਂ ਹੋਈਆਂ ਹਨ। ਵਿਜੀਲੈਂਸ ਬਿਊਰੋ ਪਿਛਲੇ ਛੇ ਮਹੀਨਿਆਂ ਤੋਂ ਉਸ ਦੀਆਂ ਜਾਇਦਾਦਾਂ ਦੀ ਜਾਂਚ ਵਿੱਚ ਜੁਟੀ ਹੋਈ ਸੀ।

Scroll to Top