ਚੰਡੀਗੜ੍ਹ, 19 ਜੁਲਾਈ 2023: ਬੈਂਗਲੁਰੂ ‘ਚ 26 ਪਾਰਟੀਆਂ ਦੀ ਸਾਂਝੀ ਬੈਠਕ ਤੋਂ ਬਾਅਦ ਵਿਰੋਧੀ ਗਠਜੋੜ ਦਾ ਨਾਂ ‘ਇੰਡੀਆ’ ਰੱਖਿਆ ਗਿਆ ਹੈ। ਹਾਲਾਂਕਿ ਬੈਠਕ ਤੋਂ ਬਾਅਦ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ Nitish Kumar) ਲਾਲੂ-ਤੇਜਸਵੀ ਨਾਲ ਪਟਨਾ ਲਈ ਰਵਾਨਾ ਹੋ ਗਏ, ਜਿਸ ਤੋਂ ਬਾਅਦ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਨਿਤੀਸ਼ ਕੁਮਾਰ ਨੂੰ ‘ਇੰਡੀਆ’ ਦਾ ਨਾਂ ਸਹੀ ਨਹੀਂ ਲੱਗਾ |
ਨਿਤੀਸ਼ ਕੁਮਾਰ ਦੀ ਨਾਰਾਜ਼ਗੀ ਦਾ ਇੱਕ ਹੋਰ ਕਾਰਨ ਉਨ੍ਹਾਂ ਨੂੰ ਵਿਰੋਧੀ ਖੇਮੇ ਦਾ ਕੋਆਰਡੀਨੇਟਰ ਨਾ ਬਣਾਉਣਾ ਦੱਸਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ‘ਚ ਸੀਐੱਮ ਨਿਤੀਸ਼ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਰਮਿਆਨ ਜੇਡੀਯੂ ਨੇ ਇਸ ‘ਤੇ ਚੁੱਪੀ ਤੋੜੀ ਹੈ। ਬੁੱਧਵਾਰ ਨੂੰ ਜੇਡੀਯੂ ਪ੍ਰਧਾਨ ਰਾਜੀਵ ਰੰਜਨ ਉਰਫ਼ ਲਲਨ ਸਿੰਘ ਨੇ ਕਿਹਾ ਕਿ ਨਿਤੀਸ਼ ਕੁਮਾਰ ਵਿਰੋਧੀ ਏਕਤਾ ਦੇ ਸੂਤਰਧਾਰ ਹਨ। ਜਿਸ ਨੇ ਸਾਰਿਆਂ ਨੂੰ ਇਕੱਠੇ ਕੀਤਾ ਹੈ, ਉਹ ਕਦੇ ਵੀ ਗੁੱਸੇ ਨਹੀਂ ਹੋ ਸਕਦੇ । ਲਲਨ ਸਿੰਘ ਨੇ ਦੱਸਿਆ ਕਿ ‘ਇੰਡੀਆ’ ਨਾਂ ਦਾ ਫੈਸਲਾ ਸਾਰਿਆਂ ਦੀ ਸਹਿਮਤੀ ਨਾਲ ਕੀਤਾ ਗਿਆ ਹੈ।