ਚੰਡੀਗੜ੍ਹ 25 ਜਨਵਰੀ 2023: ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Gajendra Singh Shekhawat) ਅੱਜ ਪੰਜਾਬ ਦੇ ਦੋ ਦਿਨਾ ਦੌਰੇ ‘ਤੇ ਹਨ, ਇਸ ਦੌਰਾਨ ਕੇਂਦਰੀ ਮੰਤਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚੇ ਅਤੇ ਮੱਥਾ ਟੇਕਿਆ । ਇਸ ਦੌਰਾਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਬੇ ਭਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਗਈ ਦਸਤਖ਼ਤ ਮੁਹਿੰਮ ਦਾ ਹਿੱਸਾ ਵੀ ਬਣੇ।ਇਸਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ।
ਕੇਂਦਰੀ ਮੰਤਰੀ ਨੇ ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾ ਚੁੱਕੀ ਹੈ ਤੇ ਕੁਝ ਦੀਆਂ ਸਜਾਵਾਂ ਵੀ ਮੁਆਫ ਕੀਤੀਆਂ ਗਈਆਂ ਹਨ ਤੇ ਬਾਕੀਆਂ ਦੀ ਵਿਚਾਰ ਚਰਚਾ ਜਾਰੀ ਹੈ।