ਚੰਡੀਗੜ੍ਹ 02 ਜਨਵਰੀ 2022: ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਥਾਣਾ ਸਦਰ ਨਕੋਦਰ (Nakodar) ਦੀ ਪੁਲਿਸ ਨੇ ਇਕ ਸੁਨਿਆਰੇ ਤੋਂ 8 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਬੱਬੀ ਪੁੱਤਰ ਸੋਹਣ ਲਾਲ ਵਾਸੀ ਪਿੰਡ ਵਾਠ ਨੂਰਮਹਿਲ, ਬਲਵਿੰਦਰ ਕੁਮਾਰ ਉਰਫ ਵਿੱਕੀ ਪੁੱਤਰ ਹੰਸਰਾਜ ਉਰਫ ਕਰਮਚੰਦ ਵਾਸੀ ਰਵਿਦਾਸ ਪੁਰਾ ਮਹਿਤਪੁਰ ਅਤੇ ਅਮਨਪ੍ਰੀਤ ਸਿੰਘ ਉਰਫ਼ ਅਪਨਾ ਪੁੱਤਰ ਬੂਟਾ ਸਿੰਘ ਵਾਸੀ ਖੁਰਸ਼ੀਦਪੁਰ ਵਜੋਂ ਹੋਈ ਹੈ।
ਇਸ ਸੰਬੰਧੀ ਐੱਸ.ਪੀ.ਡੀ.ਸਰਵਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਨਕੋਦਰ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਅਰਵਿੰਦਰ ਕੁਮਾਰ ਵਾਸੀ ਗੁਰੂ ਨਾਨਕ ਪੁਰਾ ਨਕੋਦਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਕੁਝ ਲੋਕ ਉਸ ਨੂੰ ਧਮਕੀਆਂ ਦੇ ਕੇ ਫੋਨ ਕਰ ਕੇ 8 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਹੇ ਹਨ। ਜਿਸ ‘ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਪਲਵਿੰਦਰ ਸਿੰਘ ਨੇ ਤਕਨੀਕੀ ਟੀਮ ਦੇ ਨਾਲ ਕਪੂਰਥਲਾ ਰੋਡ ਉੱਗੀ ਤੋਂ ਉਕਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਵਾਰਦਾਤ ‘ਚ ਵਰਤੇ ਗਏ ਮੋਬਾਇਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ, ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।




