ਅੰਮ੍ਰਿਤਸਰ 02 ਜਨਵਰੀ 2023: ਪੰਜਾਬ ਵਿੱਚ ਲਗਾਤਾਰ ਸਪਾ ਸੈਂਟਰਾਂ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚੱਲਣ ਦੀ ਖ਼ਬਰਾਂ ਸਾਹਮਣੇ ਆਉਂਦੀਆਂ ਹਨ | ਇਸਦੇ ਨਾਲ ਹੀ ਪੁਲਿਸ ਨੇ ਅੰਮ੍ਰਿਤਸਰ-ਬਟਾਲਾ ਰੋਡ ‘ਤੇ ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕੀਤਾ ਹੈ |
ਥਾਣਾ ਮੋਹਕਮਪੁਰਾ ਪੁਲਿਸ ਨੂੰ ਜਦੋਂ ਇਸ ਸਬੰਧੀ ਸੂਚਨਾ ਮਿਲੀ ਤਾਂ ਥਾਣਾ ਮੋਹਕਮਪੁਰਾ ਦੇ ਇੰਚਾਰਜ ਇੰਸਪੈਕਟਰ ਬਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਬਟਾਲਾ ਰੋਡ ਸਥਿਤ ਰੰਧਾਵਾ ਹੋਟਲ ਵਿਚ ਰੇਡ ਕੀਤੀ ਅਤੇ ਉਨ੍ਹਾਂ ਦੇਖਿਆ ਕਿ ਹੋਟਲ ਦੀ ਦੂਸਰੀ ਮੰਜ਼ਿਲ ਦੇ ਉਪਰ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ | ਪੁਲਿਸ ਨੇ ਮੌਕੇ ਤੇ ਦੋ ਲੜਕੀਆਂ ਅਤੇ ਪੰਜ ਲੜਕਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ |
ਇਸ ਸੰਬੰਧੀ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਮੋਹਕਮਪੁਰਾ ਦੇ ਇੰਚਾਰਜ ਇੰਸਪੈਕਟਰ ਬਿੰਦਰਜੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਨੂੰ ਲੈ ਕੇ ਉਨ੍ਹਾਂ ਵੱਲੋਂ ਇਲਾਕੇ ਵਿਚ ਚੈਕਿੰਗ ਕੀਤੀ ਜਾ ਰਹੀ ਸੀ | ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕੀ ਰੰਧਾਵਾ ਹੋਟਲ ਦੇ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਜਦੋਂ ਪੁਲਿਸ ਨੇ ਪਾਰਟੀ ਬਣਾ ਕੇ ਰੇਡ ਕੀਤੀ ਤਾਂ ਪੁਲਿਸ ਨੂੰ ਓਥੋਂ ਪੰਜ ਲੜਕੇ ਤੇ ਦੋ ਲੜਕੀਆਂ ਬਰਾਮਦ ਹੋਈਆਂ | ਉਨ੍ਹਾਂ ਦੱਸਿਆ ਕਿ ਲੜਕੀਆਂ ਵੀ ਅੰਮ੍ਰਿਤਸਰ ਤੋਂ ਬਾਹਰ ਦੇ ਜ਼ਿਲ੍ਹਿਆਂ ਦੀਆਂ ਰਹਿਣ ਵਾਲੀਆਂ ਹਨ ਤੇ ਲੜਕੀਆਂ ਦੀ ਪਹਿਚਾਣ ਪੁਲਿਸ ਨੇ ਗੁਪਤ ਰੱਖੀ ਗਈ ਹੈ | ਇਨ੍ਹਾਂ ਵਿੱਚ ਇਕ ਲੜਕੀ ਵਿਆਹੀ ਹੈ ਅਤੇ ਇੱਕ ਲੜਕੀ ਅਣ-ਵਿਆਹੀ ਹੈ | ਪੁਲਿਸ ਨੇ ਦੱਸਿਆ ਕਿ ਇਹਨਾਂ ‘ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |




