ਮਾਨਸਾ, 18 ਨਵੰਬਰ 2026: ਪੰਜਾਬ ਦੀ ਸਟਾਰ ਤੀਰਅੰਦਾਜ਼ ਪ੍ਰਨੀਤ ਕੌਰ ਨੇ 11 ਤੋਂ 18 ਨਵੰਬਰ ਤੱਕ ਸ਼ਿਲਾਂਗ, ਮੇਘਾਲਿਆ ‘ਚ ਹੋਈ ਰਾਸ਼ਟਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ 50 ਮੀਟਰ ਮਹਿਲਾ ਕੰਪਾਊਂਡ ਮੁਕਾਬਲੇ ‘ਚ ਸੋਨ ਤਗਮਾ ਜਿੱਤਿਆ ਹੈ। ਉਨ੍ਹਾਂ ਨੇ 710/720 ਦੇ ਸਕੋਰ ਨਾਲ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਪ੍ਰਨੀਤ ਕੌਰ ਨੇ ਸੀਨੀਅਰ ਰਾਸ਼ਟਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ ਮਹਾਰਾਸ਼ਟਰ ਦੀ ਅਦਿਤੀ ਗੋਪੀਚੰਦ ਦਾ ਰਿਕਾਰਡ ਤੋੜਿਆ।
ਅਦਿਤੀ ਦਾ ਸਕੋਰ 709/720 ਸੀ। ਪ੍ਰਨੀਤ ਕੌਰ ਨੇ ਅਵਨੀਤ ਕੌਰ ਗਿੱਦੜਬਾਹਾ, ਜਸਵੀਰ ਕੌਰ ਸੰਗਰੂਰ ਅਤੇ ਮਨਰੂਪ ਕੌਰ ਪਟਿਆਲਾ ਦੇ ਨਾਲ ਪੰਜਾਬ ਦੀਆਂ ਕੁੜੀਆਂ ਦੀ ਟੀਮ ਦੇ ਹਿੱਸੇ ਵਜੋਂ ਸੋਨ ਤਗਮਾ ਜਿੱਤਿਆ।
ਮਾਨਸਾ ਦੇ ਪਿੰਡ ਮੰਢਾਲੀ ਦੀ ਰਹਿਣ ਵਾਲੀ ਹੈ ਅਤੇ ਖਾਲਸਾ ਕਾਲਜ, ਪਟਿਆਲਾ ਤੋਂ ਬੀਏ ਕਰਨ ਤੋਂ ਬਾਅਦ ਕਾਨੂੰਨ ਦੀ ਡਿਗਰੀ ਕਰ ਰਹੀ ਹੈ। ਪ੍ਰਨੀਤ ਕੌਰ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ, ਵਿਸ਼ਵ ਕੱਪ ਅਤੇ ਏਸ਼ੀਆਈ ਖੇਡਾਂ ‘ਚ ਸੋਨ ਤਗਮੇ ਜਿੱਤ ਚੁੱਕੀ ਹੈ। ਹੁਣ ਤੱਕ, ਉਨ੍ਹਾਂ ਨੇ ਤੀਰਅੰਦਾਜ਼ੀ ‘ਚ 28 ਅੰਤਰਰਾਸ਼ਟਰੀ ਅਤੇ 35 ਰਾਸ਼ਟਰੀ ਪੱਧਰ ਦੇ ਤਗਮੇ ਜਿੱਤੇ ਹਨ।
ਇਸ ਪ੍ਰਤਿਭਾਸ਼ਾਲੀ ਧੀ ਦੀ ਸਫਲਤਾ ਲਈ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪਿਤਾ, ਅਵਤਾਰ ਸਿੰਘ, ਜੋ ਕਿ ਇੱਕ ਅਧਿਆਪਕ ਹਨ, ਉਨ੍ਹਾਂ ਨੇ ਵੀ ਆਪਣੀ ਧੀ ਦੀ ਪ੍ਰਾਪਤੀ ‘ਤੇ ਮਾਣ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਉਸ ਮੁਕਾਮ ‘ਤੇ ਪਹੁੰਚ ਗਈ ਹੈ, ਜਿਸਦੀ ਹਰ ਮਾਂ-ਬਾਪ ਇੱਛਾ ਰੱਖਦਾ ਹੈ। ਉਹ ਮੇਘਾਲਿਆ ਦੇ ਸ਼ਿਲਾਂਗ ‘ਚ ਰਾਸ਼ਟਰੀ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਤੋਂ ਬਾਅਦ ਵੀਰਵਾਰ ਨੂੰ ਵਾਪਸ ਆਵੇਗੀ।
Read More: ਜਲੰਧਰ ‘ਚ ਕਾਂਗਰਸ ‘ਤੇ ਭੜਕੇ ਨਿਤਿਨ ਨਬੀਨ, ਕਿਹਾ-“ਦੇਸ਼ ਦਾ ਅਕਸ ਖਰਾਬ ਕਰ ਰਹੇ ਹਨ ਰਾਹੁਲ ਗਾਂਧੀ”




