ਸਪੋਰਟਸ, 04 ਨਵੰਬਰ 2026: ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਨੇ ਚੇਨਈ ਸੁਪਰ ਕਿੰਗਜ਼ (CSK) ਦੇ ਕੋਚਿੰਗ ਸਟਾਫ ‘ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ। ਰੈਨਾ ਨੇ ਫਰੈਂਚਾਇਜ਼ੀ ਤੋਂ ਕੋਚਿੰਗ ਅਹੁਦੇ ਦੀ ਬੇਨਤੀ ਵੀ ਕੀਤੀ ਹੈ। ਹਾਲਾਂਕਿ, ਉਨ੍ਹਾਂ ਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਰੈਨਾ ਨੇ ਇਹ ਗੱਲ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਸਾਥੀ ਰਵੀਚੰਦਰਨ ਅਸ਼ਵਿਨ ਦੇ ਯੂਟਿਊਬ ਚੈਨਲ ‘ਤੇ ਗੱਲਬਾਤ ਦੌਰਾਨ ਦੱਸੀ। ਉਨ੍ਹਾਂ ਨੇ ਕਿਹਾ, “ਮੈਂ ਆਪਣੀ ਇੱਛਾ ਪ੍ਰਗਟ ਕੀਤੀ ਹੈ, ਅਤੇ ਹੁਣ ਇਹ ਚੇਨਈ ਸੁਪਰ ਕਿੰਗਜ਼ ‘ਤੇ ਨਿਰਭਰ ਕਰਦਾ ਹੈ ਕਿ ਉਹ ਫੈਸਲਾ ਕਰੇ। ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਚੇਨਈ ਨਾਲ ਰਹਿਣਾ ਅਤੇ ਟੀਮ ਨੂੰ ਟਰਾਫੀਆਂ ਜਿੱਤਣ ‘ਚ ਮੱਦਦ ਕਰਨਾ ਹੈ।”
ਰੈਨਾ ਨੂੰ ਉਸਦੇ IPL ਪ੍ਰਦਰਸ਼ਨ ਲਈ “ਮਿਸਟਰ IPL” ਵਜੋਂ ਜਾਣਿਆ ਜਾਂਦਾ ਹੈ। ਸੰਨਿਆਸ ਤੋਂ ਬਾਅਦ, ਉਹ ਇੱਕ ਕ੍ਰਿਕਟ ਮਾਹਰ ਅਤੇ ਟਿੱਪਣੀਕਾਰ ਵਜੋਂ ਕੰਮ ਕਰ ਰਿਹਾ ਹੈ। ਰੈਨਾ 2008 ਤੋਂ 2021 ਤੱਕ CSK ਨਾਲ ਜੁੜਿਆ ਹੋਇਆ ਸੀ। ਦੋ ਸਾਲਾਂ ਦੀ ਮੁਅੱਤਲੀ ਦੌਰਾਨ, ਉਨ੍ਹਾਂ ਨੇ 2016 ਅਤੇ 2017 ਦੇ ਸੀਜ਼ਨਾਂ ‘ਚ ਨਵੀਂ ਟੀਮ, ਗੁਜਰਾਤ ਲਾਇਨਜ਼ ਦੀ ਕਪਤਾਨੀ ਕੀਤੀ।
ਰੈਨਾ ਨੇ ਧੋਨੀ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ ਨਾਲ ਚਾਰ IPL ਖਿਤਾਬ ਅਤੇ ਦੋ ਚੈਂਪੀਅਨਜ਼ ਲੀਗ ਖਿਤਾਬ ਜਿੱਤੇ। ਉਹ ਸੀਐਸਕੇ ਦਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਹੈ। ਰੈਨਾ ਨੇ ਕਿਹਾ, “ਮੈਂ ਕਿਸੇ ਵੀ ਭੂਮਿਕਾ ‘ਚ ਸੀਐਸਕੇ ਨਾਲ ਕੰਮ ਕਰਨਾ ਪਸੰਦ ਕਰਾਂਗਾ। ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਖਿਡਾਰੀਆਂ ਨਾਲ ਰਹਿਣਾ ਅਤੇ ਉਨ੍ਹਾਂ ਨੂੰ ਟਰਾਫੀਆਂ ਜਿੱਤਣ ‘ਚ ਮੱਦਦ ਕਰਨਾ ਹੈ। ਪੀਲਾ ਰੰਗ ਸਾਡੇ ਲਈ ਸਭ ਕੁਝ ਹੈ।”
Read More: ਗਲੇਨ ਮੈਕਸਵੈੱਲ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ




