ਚੰਡੀਗੜ੍ਹ, 04 ਨਵੰਬਰ 2026: ਪੰਜਾਬ ਸਰਕਾਰ ਦੇ ਖੇਡ ਵਿਭਾਗ ਨੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਅਧੀਨ ਹੋਣ ਵਾਲੇ ਸੂਬਾ ਪੱਧਰੀ ਘੋੜਸਵਾਰੀ ਮੁਕਾਬਲਿਆਂ ਦੀਆਂ ਤਾਰੀਖ਼ਾਂ ‘ਚ ਸੋਧ ਕੀਤੀ ਹੈ। ਇਸ ਸਬੰਧੀ ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-2026’ ਅਧੀਨ ਘੋੜਸਵਾਰੀ ਮੁਕਾਬਲੇ ਅਸਲ ‘ਚ 17 ਨਵੰਬਰ ਤੋਂ 23 ਨਵੰਬਰ, 2026 ਤੱਕ ਹੋਣੇ ਸਨ।
ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਦੀਆਂ ਤਾਰੀਖ਼ਾਂ ਨੂੰ ਅੱਗੇ ਵਧਾਉਣ ਦਾ ਫੈਸਲਾ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ, ਕਿਉਂਕਿ ਪੰਜਾਬ ਭਰ ਦੇ ਵੱਖ-ਵੱਖ ਪਬਲਿਕ ਅਤੇ ਮਿਲਟਰੀ ਸਕੂਲਾਂ ਦੇ ਵਿਦਿਆਰਥੀ ‘ਇੰਡੀਅਨ ਪਬਲਿਕ ਸਕੂਲ ਘੋੜਸਵਾਰੀ ਚੈਂਪੀਅਨਸ਼ਿਪ’ ‘ਚ ਹਿੱਸਾ ਲੈ ਰਹੇ ਹਨ। ਇਹ ਚੈਂਪੀਅਨਸ਼ਿਪ 18 ਨਵੰਬਰ ਤੋਂ 21 ਨਵੰਬਰ, 2026 ਤੱਕ ਦਿ ਪੰਜਾਬ ਪਬਲਿਕ ਸਕੂਲ, ਨਾਭਾ ਵਿਖੇ ਹੋਵੇਗੀ।
ਸੂਬਾ ਪੱਧਰੀ ਘੋੜਸਵਾਰੀ ਟੂਰਨਾਮੈਂਟ ‘ਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ, ਇਹ ਸੋਧੇ ਹੋਏ ਮੁਕਾਬਲੇ ਹੁਣ 11 ਨਵੰਬਰ ਤੋਂ 13 ਨਵੰਬਰ, 2026 ਤੱਕ ਪੀਏਪੀ ਕੈਂਪਸ, ਜਲੰਧਰ ਵਿਖੇ ਕਰਵਾਏ ਜਾਣਗੇ। ਇਸ ਦੇ ਮੱਦੇਨਜ਼ਰ, ਸਾਰੇ ਸਬੰਧਤ ਐਥਲੀਟਾਂ, ਕੋਚਾਂ ਅਤੇ ਅਧਿਕਾਰੀਆਂ ਨੂੰ ਨਵੇਂ ਸ਼ਡਿਊਲ ਅਨੁਸਾਰ ਤਿਆਰੀ ਕਰਨ ਦੀ ਬੇਨਤੀ ਕੀਤੀ ਹੈ।
Read More: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ: 801 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ




