ਹਰਿਆਣਾ, 31 ਅਕਤੂਬਰ 2026: ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਗ੍ਰਾਮੀਣ ਸਫਾਈ ਕਰਮਚਾਰੀ ਯੂਨੀਅਨ, ਹਰਿਆਣਾ ਦੇ ਅਹੁਦੇਦਾਰਾਂ ਨਾਲ ਬੈਠਕ ਕਰਕੇ ਉਨ੍ਹਾਂ ਦੀਆਂ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਪਾਨੀਪਤ ‘ਚ ਕਰਵਾਈ ਬੈਠਕ ਸ਼ਾਂਤੀਪੂਰਨ ਅਤੇ ਸੁਖਾਵੇਂ ਮਾਹੌਲ ‘ਚ ਸਮਾਪਤ ਹੋਈ। ਬੈਠਕ ‘ਚ ਗ੍ਰਾਮੀਣ ਸਫਾਈ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਾਰੀਆਂ 17 ਮੰਗਾਂ ‘ਤੇ ਸਹਿਮਤੀ ਬਣ ਗਈ, ਜਿਨ੍ਹਾਂ ‘ਚੋਂ 12 ਮੰਗਾਂ ਦੇ ਜ਼ਰੂਰੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਹਨ। ਮੰਗਾਂ ਦੇ ਹੱਲ ਨਾਲ ਸੂਬੇ ਭਰ ਦੇ ਗ੍ਰਾਮੀਣ ਸਫਾਈ ਕਰਮਚਾਰੀਆਂ ‘ਚ ਖ਼ੁਸ਼ੀ ਦੀ ਲਹਿਰ ਹੈ।
ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ ਸੂਬਾ ਸਰਕਾਰ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਲਈ ਵਚਨਬੱਧ ਹੈ। ਗ੍ਰਾਮੀਣ ਸਫਾਈ ਕਰਮਚਾਰੀ ਪਿੰਡਾਂ ਨੂੰ ਸਵੱਛ ਬਣਾਈ ਰੱਖਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦਾ ਕੰਮ ਕੇਵਲ ਸਫਾਈ ਤੱਕ ਸੀਮਤ ਨਹੀਂ ਹੈ, ਸਗੋਂ ਸਵੱਛ ਅਤੇ ਸਿਹਤਮੰਦ ਗ੍ਰਾਮੀਣ ਵਾਤਾਵਰਣ ਤਿਆਰ ਕਰਨ ਵਿੱਚ ਵੀ ਅਹਿਮ ਯੋਗਦਾਨ ਹੈ। ਸਰਕਾਰ ਉਨ੍ਹਾਂ ਦੀ ਮਿਹਨਤ ਅਤੇ ਸੇਵਾਵਾਂ ਦਾ ਸਤਿਕਾਰ ਕਰਦੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ‘ਤੇ ਪੋਜ਼ਟਿਵ ਪਹੁੰਚ ਅਪਣਾਉਂਦੇ ਹੋਏ ਸਹਿਮਤੀ ਅਨੁਸਾਰ ਜ਼ਰੂਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਦਾ ਉਦੇਸ਼ ਹੈ ਕਿ ਕਰਮਚਾਰੀਆਂ ਨੂੰ ਆਪਣੇ ਅਧਿਕਾਰਾਂ ਅਤੇ ਸਹੂਲਤਾਂ ਲਈ ਅਣਚਾਹੀ ਖੱਜਲ-ਖੁਆਰੀ ਨਾ ਝੱਲਣੀ ਪਵੇ। ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜਾਰੀ ਹੁਕਮਾਂ ਦੀ ਪ੍ਰਭਾਵਸ਼ਾਲੀ ਪਾਲਣਾ ਯਕੀਨੀ ਬਣਾਉਣ, ਤਾਂ ਜੋ ਕਰਮਚਾਰੀਆਂ ਨੂੰ ਇਹਨਾਂ ਦਾ ਲਾਭ ਸਮੇਂ ਸਿਰ ਮਿਲ ਸਕੇ।
ਪੰਵਾਰ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਗ੍ਰਾਮੀਣ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਇਸੇ ਲੜੀ ਵਿੱਚ ਸੂਬੇ ਦੀਆਂ 6230 ਗ੍ਰਾਮ ਪੰਚਾਇਤਾਂ ਦੇ ਵਿਕਾਸ ਲਈ ਰਾਜ ਵਿੱਤ ਕਮਿਸ਼ਨ (ਐੱਸ.ਐੱਫ.ਸੀ.) ਦੇ ਮਾਧਿਅਮ ਨਾਲ 579 ਕਰੋੜ ਰੁਪਏ ਪੰਚਾਇਤਾਂ ਦੇ ਖਾਤਿਆਂ ‘ਚ ਜਾਰੀ ਕੀਤੇ ਗਏ ਹਨ। ਇਸ ਰਾਸ਼ੀ ਨਾਲ ਪਿੰਡਾਂ ‘ਚ ਵਿਕਾਸ ਕਾਰਜਾਂ ਨੂੰ ਗਤੀ ਮਿਲੇਗੀ ਅਤੇ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇਗਾ। ਸਰਕਾਰ ਦੀ ਤਰਜੀਹ ਹੈ ਕਿ ਗ੍ਰਾਮੀਣ ਖੇਤਰਾਂ ਵਿੱਚ ਵਿਕਾਸ ਕਾਰਜਾਂ ਲਈ ਧਨ ਦੀ ਕਮੀ ਨਾ ਆਵੇ ਅਤੇ ਹਰ ਪਿੰਡ ਤੱਕ ਵਿਕਾਸ ਦਾ ਲਾਭ ਪਹੁੰਚੇ।
ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸੁਸ਼ੀਲ ਸਰਵਾਨ ਨੇ ਕਿਹਾ ਕਿ ਗ੍ਰਾਮੀਣ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਯੂਨੀਅਨ ਵਿਚਾਲੇ ਹੋਈ ਸਹਿਮਤੀ ਦੇ ਅਨੁਸਾਰ ਵਿਭਾਗ ਨੇ ਜ਼ਰੂਰੀ ਕਾਰਵਾਈ ਕੀਤੀ ਹੈ। 10 ਸਤੰਬਰ 2026 ਨੂੰ ਜਾਰੀ ਪੱਤਰ ਦੇ ਮਾਧਿਅਮ ਨਾਲ ਕਰਮਚਾਰੀਆਂ ਨੂੰ ਕਈ ਮਹੱਤਵਪੂਰਨ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹਨਾਂ ‘ਚ ਮਾਣਭੱਤੇ ਦੇ ਬਕਾਇਆ ਏਰੀਅਰ ਦਾ ਭੁਗਤਾਨ, ਅਕਤੂਬਰ 2023 ਦੀ ਹੜਤਾਲ ਮਿਆਦ ਦਾ ਯੋਗ ਕਰਮਚਾਰੀਆਂ ਨੂੰ ਬਕਾਇਆ ਮਾਣਭੱਤਾ, ਪਿੰਡ ਤੋਂ ਬਾਹਰ ਡਿਊਟੀ ਲਗਾਉਣ ‘ਤੇ ਰੋਜ਼ਾਨਾ 200 ਰੁਪਏ ਭੱਤਾ, ਸਲਾਨਾ ਵਰਦੀ ਭੱਤਾ 4 ਹਜ਼ਾਰ ਤੋਂ ਵਧਾ ਕੇ 6 ਹਜ਼ਾਰ ਰੁਪਏ ਅਤੇ ਧੋਣ ਭੱਤਾ 1 ਹਜ਼ਾਰ ਤੋਂ ਵਧਾ ਕੇ 1500 ਰੁਪਏ ਕਰਨਾ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਡਿਊਟੀ ਦੌਰਾਨ ਕਿਸੇ ਗ੍ਰਾਮੀਣ ਸਫਾਈ ਕਰਮਚਾਰੀ ਦੀ ਮੌਤ ਹੋਣ ‘ਤੇ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇਣ, ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨੂੰ ਈ.ਪੀ.ਐੱਫ. ਅਤੇ ਈ.ਐੱਸ.ਆਈ. ਨਾਲ ਸਬੰਧਤ ਮੌਤ ਦਾਅਵਾ ਪ੍ਰਕਿਰਿਆ ‘ਚ ਬੀ.ਡੀ.ਪੀ.ਓ. ਦਫ਼ਤਰ ਵੱਲੋਂ ਸਹਾਇਤਾ ਉਪਲਬਧ ਕਰਵਾਉਣ ਅਤੇ ਹਰ ਮਹੀਨੇ ਦੀ 7 ਤਾਰੀਖ਼ ਤੱਕ ਮਾਣਭੱਤਾ ਜਾਰੀ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਬੈਠਕ ‘ਚ ਵਧੀਕ ਡਿਪਟੀ ਕਮਿਸ਼ਨਰ ਅੰਕਿਤ ਚੌਕਸੇ, ਜ਼ਿਲ੍ਹਾ ਪ੍ਰੀਸ਼ਦ ਦੀ ਮੁੱਖ ਕਾਰਜਕਾਰੀ ਅਧਿਕਾਰੀ ਡਾ. ਕਿਰਨ ਸਿੰਘ, ਐੱਸ.ਡੀ.ਐੱਮ. ਇਸਰਾਨਾ ਨਵਦੀਪ ਨੈਨ, ਡੀ.ਡੀ.ਪੀ.ਓ. ਰਾਜੇਸ਼ ਸ਼ਰਮਾ, ਡੀ.ਡੀ.ਪੀ.ਓ. ਕੈਥਲ ਰਿਤੂ ਲਾਠਰ, ਬੀ.ਡੀ.ਪੀ.ਓ. ਸ਼ੀਤਲ ਸਮੇਤ ਪੰਚਾਇਤ ਵਿਭਾਗ ਦੇ ਅਧਿਕਾਰੀ ਅਤੇ ਗ੍ਰਾਮੀਣ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।




