ਪੰਜਾਬ, 29 ਅਕਤੂਬਰ 2026: Punjab Weather News: ਪੱਛਮੀ ਗੜਬੜੀ ਚੱਕਰਵਾਤੀ ਸਰਕੂਲੇਸ਼ਨ ਦੇ ਰੂਪ ‘ਚ ਸਰਗਰਮ ਹੈ। ਇਸਦਾ ਪ੍ਰਭਾਵ ਅੱਜ ਅਤੇ ਕੱਲ੍ਹ ਨੂੰ ਪੰਜਾਬ ‘ਚ ਮਹਿਸੂਸ ਕੀਤਾ ਸਕਦਾ ਹੈ। ਅੱਜ ਸੂਬੇ ਦੇ 12 ਜ਼ਿਲ੍ਹਿਆਂ ਲਈ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤੇ ਗਏ ਹਨ। ਨਤੀਜੇ ਵਜੋਂ, ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਬੱਦਲਵਾਈ ਰਹਿ ਸਕਦੀ ਹੈ ਅਤੇ ਵਿਆਹੀਆਂ ਔਰਤਾਂ ਨੂੰ ਕਰਵਾ ਚੌਥ ‘ਤੇ ਚੰਦਰਮਾ ਦੇਖਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੰਡੀਗੜ੍ਹ ਵਿੱਚ ਮੌਸਮ ਵਿਭਾਗ (IMD) ਦੁਆਰਾ ਜਾਰੀ ਜਾਣਕਾਰੀ ਅਨੁਸਾਰ, 29 ਅਤੇ 30 ਅਕਤੂਬਰ ਨੂੰ ਪੰਜਾਬ ‘ਚ ਕੁਝ ਥਾਵਾਂ ‘ਤੇ ਅਤੇ 28 ਅਤੇ 31 ਅਕਤੂਬਰ ਨੂੰ ਦੂਰ-ਦੁਰਾਡੇ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, 40-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। 29 ਅਤੇ 30 ਅਕਤੂਬਰ ਨੂੰ ਕੁਝ ਥਾਵਾਂ ‘ਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਪੱਛਮੀ ਗੜਬੜੀ ਦਾ ਪ੍ਰਭਾਵ 29 ਅਤੇ 30 ਅਕਤੂਬਰ ਨੂੰ ਵਧੇਰੇ ਸਪੱਸ਼ਟ ਹੋਵੇਗਾ। ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਪਟਿਆਲਾ ‘ਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਇਸਦੇ ਨਾਲ ਹੀ ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਲੁਧਿਆਣਾ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ, ਸੂਬੇ ਭਰ ‘ਚ ਤਾਪਮਾਨ ਫਿਰ ਤੋਂ ਡਿੱਗੇਗਾ। ਦਿਨ ਅਤੇ ਰਾਤ ਦਾ ਤਾਪਮਾਨ ਡਿੱਗ ਸਕਦਾ ਹੈ।




