ਚੰਡੀਗੜ੍ਹ, 27 ਅਕਤੂਬਰ 2026: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਹਲਕਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ‘ਆਪ’ ਵਿਧਾਇਕ ਸ. ਕੁਲਵੰਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਮਿਲਣ ਵਾਲੇ ਮਿਡ-ਡੇ-ਮੀਲ ਸਬੰਧੀ ਮੁੱਦਾ ਚੁੱਕਿਆ।
ਵਿਧਾਇਕ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੇ ਯੂ.ਕੇ.ਜੀ ਤੋਂ ਲੈ ਕੇ ਅੱਠਵੀਂ ਕਲਾਸ ਦੇ ਬੱਚਿਆਂ ਨੂੰ ਮਿਡ-ਡੇ-ਮੀਲ ਦਿੱਤਾ ਜਾਂਦਾ ਹੈ। ਪਰ ਇਨ੍ਹਾਂ ਕਲਾਸਾਂ ਤੋਂ ਇਲਾਵਾ ਦੋ ਹੋਰ ਨਰਸਰੀ ਅਤੇ ਐੱਲ.ਕੇ.ਜੀ ਦੀ ਕਲਾਸਾਂ ਵੀ ਹਨ, ਜਿਨ੍ਹਾਂ ਨੂੰ ਮਿਡ-ਡੇ-ਮੀਲ ਨਹੀਂ ਮਿਲਦਾ।
ਵਿਧਾਇਕ ਨੇ ਕਿਹਾ ਕਿ ਐੱਲ.ਕੇ.ਜੀ, ਯੂ.ਕੇ.ਜੀ ਅਤੇ ਨਰਸਰੀ ਕਲਾਸ ਦੇ ਬੱਚੇ ਇੱਕ ਹੀ ਕਮਰੇ ‘ਚ ਬੈਠਦੇ ਹਨ, ਜਦੋਂ ਦੁਪਹਿਰ ਦੇ ਖਾਣੇ ਦਾ ਸਮਾਂ ਹੁੰਦਾ ਹੈ ਤਾਂ ਇਨ੍ਹਾਂ ਦੋਵੇਂ ਕਲਾਸਾਂ ਦੇ ਬੱਚਿਆਂ ਨੂੰ ਛੁੱਟੀ ਹੋ ਜਾਂਦੀ ਹੈ। ਬਾਕੀ ਦੀ ਕਲਾਸਾਂ ਲਈ ਦੁਪਹਿਰ ਦੇ ਖਾਣੇ ਯਾਨੀ ਮਿਡ-ਡੇ-ਮੀਲ ਦਾ ਸਮਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਕਲਾਸਾਂ ਨੂੰ ਮਿਡ-ਡੇ-ਮੀਲ ਨਾ ਮਿਲਣ ਕਾਰਨ ਕਿਤੇ ਨਾ ਕਿਤੇ ਬੱਚਿਆਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਵਿਧਾਇਕ ਨੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੱਚਿਆਂ ਲਈ ਮਿਡ-ਡੇ-ਮੀਲ ਦਾ ਪ੍ਰਬੰਧ ਕਰਨ ਕੀਤਾ ਜਾਵੇ।
ਵਿਧਾਇਕ ਕੁਲਵੰਤ ਸਿੰਘ ਵੱਲੋਂ ਚੁੱਕੇ ਮੁੱਦੇ ‘ਤੇ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਹਿਲਾਂ ਪ੍ਰਾਇਮਰੀ-1 ਅਤੇ ਪ੍ਰਾਇਮਰੀ-2 ਹੁੰਦਾ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਐੱਲ.ਕੇ.ਜੀ, ਯੂ.ਕੇ.ਜੀ ਅਤੇ ਨਰਸਰੀ ਪਲੇਟਫਾਰਮ ਬਣਾ ਦਿੱਤਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਪਹਿਲਾਂ ਵਰਦੀਆਂ ਨਹੀਂ ਮਿਲਦੀਆਂ ਸਨ, ਹੁਣ ਪੰਜਾਬ ਸਰਕਾਰ ਬੱਚਿਆਂ ਨੂੰ ਮਿਡ-ਡੇ-ਮੀਲ ਅਤੇ ਮੁਫ਼ਤ ਵਰਦੀਆਂ ਪ੍ਰਦਾਨ ਕਰ ਰਹੀ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਬਦਲੇ ਨਿਯਮ ਕਾਰਨ ਪੰਜਾਬ ਸਰਕਾਰ ਨੂੰ ਮਿਡ-ਡੇ-ਮੀਲ ਚਲਾਉਣ ‘ਚ ਬਹੁਤ ਦਿੱਕਤ ਆ ਰਹੀ ਹੈ। ਪਹਿਲਾਂ ਭਾਰਤ ਸਰਕਾਰ ਵੱਲੋਂ ਐਡਵਾਂਸ ਪੈਸੇ ਆਉਂਦੇ ਹਨ, ਜਿਨ੍ਹਾਂ ‘ਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਆਪਣਾ-ਆਪਣਾ ਹਿੱਸਾ ਦਿੰਦੇ ਸਨ। ਜਿਸ ਨਾਲ ਅਧਿਆਪਕ ਖਰੀਦਦਾਰੀ ਕਰਦੇ ਸਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਆਪ ਹੀ ਪ੍ਰਬੰਧ ਕਰਕੇ ਤਿੰਨ ਮਹੀਨਿਆਂ ਦੇ ਮਿਡ-ਡੇ-ਮੀਲ ਦਾ ਬਿੱਲ ਮੰਗਿਆ ਜਾਂਦਾ ਹੈ। ਇਨ੍ਹਾਂ ਬਿੱਲਾਂ ਦੇ ਪਾਸ ਹੋਣ ‘ਤੇ ਕਾਫ਼ੀ ਸਮਾਂ ਲੱਗ ਜਾਂਦਾ ਹੈ, ਅਤੇ ਸਕੂਲਾਂ ‘ਤੇ ਉਧਾਰ ਚੜ ਜਾਂਦਾ ਹੈ। ਇਸਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ 2013 ਤੋਂ ਬਾਅਦ ਵਰਦੀਆਂ ਲਈ ਮਿਲਦੇ 600 ਰੁਪਏ ‘ਚ ਵਾਧਾ ਨਹੀਂ ਕੀਤਾ।
ਸਿੱਖਿਆ ਮੰਤਰੀ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਕੂਲ ਦਾ ਕੋਈ ਬੱਚਾ ਮਿਡ-ਡੇ-ਮੀਲ ਤੋਂ ਵਾਂਝਾ ਨਾ ਰਹੇ।
Read More: ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ‘ਚ ਮਰੀਜ਼ਾਂ ਦੇ ਮੁਫ਼ਤ ਇਲਾਜ ਦਾ ਮੁੱਦਾ ਚੁੱਕਿਆ




