Tibet Earthquake news

ਤਿੱਬਤ ‘ਚ ਭੂਚਾਲ ਕਾਰਨ 16 ਮੌ.ਤਾਂ, 12 ਹਜ਼ਾਰ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ

ਤਿੱਬਤ, 23 ਅਕਤੂਬਰ 2026: Tibet Earthquake: ਵੀਰਵਾਰ ਰਾਤ ਨੂੰ ਤਿੱਬਤ ‘ਚ 7.0 ਤੀਬਰਤਾ ਦਾ ਭੂਚਾਲ ਆਇਆ, ਜਿਸ ‘ਚ 16 ਜਣੇ ਮਾਰੇ ਗਏ ਅਤੇ 65 ਜ਼ਖਮੀ ਹੋ ਗਏ। ਭੂਚਾਲ ਤੋਂ ਬਾਅਦ 12,000 ਤੋਂ ਵੱਧ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਚੀਨੀ ਸਰਕਾਰੀ ਮੀਡੀਆ ਦੇ ਅਨੁਸਾਰ, ਸ਼ੁੱਕਰਵਾਰ ਸਵੇਰ ਤੱਕ 400 ਤੋਂ ਵੱਧ ਝਟਕੇ ਦਰਜ ਕੀਤੇ ਗਏ। ਭੂਚਾਲ ਦਾ ਕੇਂਦਰ ਤਿੱਬਤ ਦੇ ਨਾਗਕੁ ਸ਼ਹਿਰ ਦੇ ਬਾਚੇਨ ਕਾਉਂਟੀ ‘ਚ ਸੀ। ਇਹ ਸਤ੍ਹਾ ਤੋਂ 10 ਕਿਲੋਮੀਟਰ ਤੋਂ ਵੀ ਘੱਟ ਡੂੰਘਾਈ ‘ਤੇ ਆਇਆ। ਇਹ ਸਥਾਨ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਲਗਭਗ 400 ਕਿਲੋਮੀਟਰ ਦੂਰ ਹੈ।

ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਭੂਚਾਲ ਨਾਲ 330 ਤੋਂ ਵੱਧ ਘਰ ਢਹਿ ਗਏ ਜਾਂ ਨੁਕਸਾਨੇ ਗਏ। ਇਸਦੇ ਨਾਲ ਹੀ, ਪਾਕਿਸਤਾਨ ‘ਚ 4.9 ਅਤੇ ਅਫਗਾਨਿਸਤਾਨ ‘ਚ 4.1 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ।

ਤਿੱਬਤ ਦੁਨੀਆ ਦੇ ਉਨ੍ਹਾਂ ਖੇਤਰਾਂ ‘ਚੋਂ ਇੱਕ ਹੈ ਜਿੱਥੇ ਭੂਚਾਲ ਦਾ ਖ਼ਤਰਾ ਬਹੁਤ ਜ਼ਿਆਦਾ ਹੈ। ਇੱਥੇ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਟਕਰਾਉਂਦੀਆਂ ਹਨ। ਉਨ੍ਹਾਂ ਦੀ ਗਤੀ ਨੇ ਹਿਮਾਲੀਅਨ ਪਹਾੜਾਂ ਨੂੰ ਬਣਾਇਆ ਹੈ, ਪਰ ਇਹ ਖੇਤਰ ‘ਚ ਅਕਸਰ ਭੂਚਾਲਾਂ ਦਾ ਕਾਰਨ ਵੀ ਹੈ।

ਜਨਵਰੀ 2025 ‘ਚ, ਤਿੱਬਤ ਦੇ ਟਿੰਗਰੀ ਕਾਉਂਟੀ ‘ਚ 7.1 ਤੀਬਰਤਾ ਦਾ ਭੂਚਾਲ ਆਇਆ, ਜਿਸ ‘ਚ ਤਿੱਬਤ ‘ਚ ਲਗਭਗ 400 ਅਤੇ ਗੁਆਂਢੀ ਦੇਸ਼ ਨੇਪਾਲ ‘ਚ 13 ਜਣੇ ਮਾਰੇ ਗਏ। ਇਹ ਭੂਚਾਲ ਉੱਤਰੀ ਭਾਰਤ ਸਮੇਤ ਦੱਖਣੀ ਏਸ਼ੀਆ ਦੇ ਕਈ ਹਿੱਸਿਆਂ ‘ਚ ਮਹਿਸੂਸ ਕੀਤਾ ਗਿਆ। 2010 ‘ਚ ਗੁਆਂਢੀ ਚੀਨੀ ਸੂਬੇ ਛਿੰਗਹਾਈ ‘ਚ 7.1 ਤੀਬਰਤਾ ਦਾ ਭੂਚਾਲ ਆਇਆ, ਜਿਸ ‘ਚ ਘੱਟੋ-ਘੱਟ 2,698 ਜਣੇ ਮਾਰੇ ਗਏ ਅਤੇ ਲਗਭਗ 300 ਲਾਪਤਾ ਹੋ ਗਏ।

Read More: ਸਟਾਰਲਿੰਕ ਵਿਵਾਦ ‘ਤੇ ਰਿਲਾਇੰਸ ਨੇ ਦਿੱਤਾ ਜਵਾਬ,”ਅਸੀਂ ਮੁਕਾਬਲੇ ਤੋਂ ਡਰਦੇ ਨਹੀਂ”

ਵਿਦੇਸ਼

Scroll to Top