ਨਸ਼ਾ ਮੁਕਤੀ ਮਿੱਤਰ

ਆਂਗਣਵਾੜੀ ਵਰਕਰ ‘ਨਸ਼ਾ ਮੁਕਤੀ ਮਿੱਤਰ’ ਵਜੋਂ ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ਜੁੜੀਆਂ: ਡਾ. ਬਲਜੀਤ ਕੌਰ

ਚੰਡੀਗੜ੍ਹ, 29 ਸਤੰਬਰ 2026: ਪੰਜਾਬ ਸਰਕਾਰ ਮੁਤਾਬਕ ਸਰਕਾਰ ਸੂਬੇ ਭਰ ‘ਚ ਆਂਗਣਵਾੜੀ ਵਰਕਰ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ‘ਨਸ਼ਾ ਮੁਕਤੀ ਮਿੱਤਰ’ ਵਜੋਂ ਜੁੜਦਿਆਂ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਜ਼ਮੀਨੀ ਪੱਧਰ ’ਤੇ ਇੱਕ ਨੈੱਟਵਰਕ ਤਿਆਰ ਕਰ ਰਹੀਆਂ ਹਨ, ਜਿਸ ‘ਚ ਖੇਡਾਂ ਅਤੇ ਭਾਈਚਾਰਕ ਭਾਗੀਦਾਰੀ ਨਸ਼ਿਆਂ ਦੀ ਰੋਕਥਾਮ ਦੀ ਰਣਨੀਤੀ ਦੇ ਅਹਿਮ ਹਿੱਸਿਆਂ ਵਜੋਂ ਉਭਰ ਰਹੇ ਹਨ।

ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ‘ਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਮੌਕੇ, ‘ਨਸ਼ਾ ਮੁਕਤੀ ਮਿੱਤਰ’ ਵਜੋਂ ਸੇਵਾਵਾਂ ਨਿਭਾਅ ਰਹੀਆਂ 20 ਆਂਗਣਵਾੜੀ ਵਰਕਰਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ‘ਚ ਉਨ੍ਹਾਂ ਦੇ ਯੋਗਦਾਨ ਲਈ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।

ਸਰਕਾਰ ਦਾ ਕਹਿਣਾ ਹੈ ਕਿ ਪਰਿਵਾਰਾਂ ਅਤੇ ਬੱਚਿਆਂ ਦੇ ਨਾਲ ਨਿਯਮਿਤ ਸੰਪਰਕ ‘ਚ ਰਹਿਣ ਵਾਲੀਆਂ ਆਂਗਣਵਾੜੀ ਵਰਕਰਾਂ ਨੂੰ ਭਾਈਚਾਰਕ ਪੱਧਰ ’ਤੇ ਜਾਗਰੂਕਤਾ ਦੂਤ ਵਜੋਂ ਭੂਮਿਕਾ ਦਿੱਤੀ ਜਾ ਰਹੀ ਹੈ। ਉਹ ਲੋਕਾਂ ਨੂੰ ਨਸ਼ਿਆਂ ਦੇ ਖ਼ਤਰਿਆਂ ਪ੍ਰਤੀ ਜਾਗਰੂਕ ਕਰਨ, ਸਮੇਂ ਸਿਰ ਦਖ਼ਲ ਲਈ ਪ੍ਰੇਰਿਤ ਕਰਨ ਅਤੇ ਲੋੜਵੰਦ ਲੋਕਾਂ ਨੂੰ ਸਰਕਾਰ ਦੀਆਂ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਸੇਵਾਵਾਂ ਨਾਲ ਜੋੜਨ’ਚ ਮੱਦਦ ਕਰਨਗੀਆਂ।

ਮਲੋਟ ‘ਚ ਕਰਵਾਏ ਗਏ ਸਮਾਗਮ ਦੌਰਾਨ ਨਸ਼ਿਆਂ ਦੀ ਰੋਕਥਾਮ ਦੇ ਸਾਧਨ ਵਜੋਂ ਖੇਡਾਂ ਤੇ ਸਰਕਾਰ ਦੇ ਵਧ ਰਹੇ ਜ਼ੋਰ ਨੂੰ ਵੀ ਉਜਾਗਰ ਕੀਤਾ ਗਿਆ। ਜ਼ਿਲ੍ਹੇ ਦੇ ਨੌਜਵਾਨਾਂ ਨੂੰ ਹਾਕੀ, ਫੁੱਟਬਾਲ, ਵਾਲੀਬਾਲ ਅਤੇ ਕ੍ਰਿਕਟ ਦੇ ਸਾਮਾਨ ਵਾਲੀਆਂ 100 ਤੋਂ ਵੱਧ ਖੇਡ ਕਿੱਟਾਂ ਵੰਡੀਆਂ ਗਈਆਂ।

ਡਾ. ਬਲਜੀਤ ਕੌਰ ਨੇ ਕਿਹਾ, “ਪੰਜਾਬ ਸਰਕਾਰ ਖੇਡਾਂ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰ ਰਹੀ ਹੈ, ਤਾਂ ਜੋ ਨੌਜਵਾਨਾਂ ਨੂੰ ਸਿਹਤਮੰਦ ਵਿਕਲਪ ਮੁਹੱਈਆ ਕਰਵਾਏ ਜਾ ਸਕਣ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ।”

ਕੈਬਿਨਟ ਮੰਤਰੀ ਨੇ ਦੱਸਿਆ, “ਪੰਜਾਬ ‘ਚ ਕਰੀਬ 3,000 ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ, ਜਦਕਿ ਇਸ ਸਾਲ ਜਨਵਰੀ ‘ਚ ਸੀਐੱਮ ਮਾਨ ਨੇ 500 ਪਿੰਡ ਜਿੰਮਾਂ ਦਾ ਉਦਘਾਟਨ ਕੀਤਾ ਸੀ। ਇਸ ਮਹੀਨੇ ਦੀ ਸ਼ੁਰੂਆਤ ‘ਚ ਬਠਿੰਡਾ ਤੋਂ ਸ਼ੁਰੂ ਹੋਏ ਸਾਲਾਨਾ ਖੇਡ ਮਹੋਤਸਵ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਰਾਹੀਂ ਵੀ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।”

ਉਨ੍ਹਾਂ ਕਿਹਾ, “ਇਹ ਪਹਿਲਕਦਮੀ ਨਸ਼ਾ ਵਿਰੋਧੀ ਮੁਹਿੰਮ ‘ਚ ਇੱਕ ਹੋਰ ਮਹੱਤਵਪੂਰਨ ਪੱਖ ਜੋੜਦੀ ਹੈ। ਜਿੱਥੇ ਇਨਫੋਰਸਮੈਂਟ ਸਬੰਧੀ ਕਾਰਵਾਈ ਨਸ਼ਿਆਂ ਦੀ ਸਪਲਾਈ ‘ਚ ਵਿਘਨ ਪਾਉਣ ’ਤੇ ਕੇਂਦਰਿਤ ਹੈ, ਉੱਥੇ ਨਸ਼ਾ ਮੁਕਤੀ ਅਤੇ ਰੀਹੈਬਲੀਟੇਸ਼ਨ ਸੇਵਾਵਾਂ ਪਹਿਲਾਂ ਹੀ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਕਰਦੀਆਂ ਹਨ। ਇਸ ਦੇ ਨਾਲ ਹੀ ਸਰਕਾਰ ਹੁਣ ਰੋਕਥਾਮ ’ਤੇ ਵੀ ਵਧੇਰੇ ਧਿਆਨ ਦੇ ਰਹੀ ਹੈ, ਤਾਂ ਜੋ ਅਜਿਹਾ ਮਾਹੌਲ ਤਿਆਰ ਕੀਤਾ ਜਾ ਸਕੇ, ਜਿੱਥੇ ਨੌਜਵਾਨਾਂ ਨੂੰ ਮਨੋਰੰਜਨ ਅਤੇ ਖੇਡ ਗਤੀਵਿਧੀਆਂ, ਭਾਈਚਾਰਕ ਸਹਿਯੋਗ ਅਤੇ ਅਜਿਹੇ ਬਾਲਗਾਂ ਦਾ ਸਾਥ ਮਿਲੇ, ਜੋ ਨਸ਼ਿਆਂ ਵੱਲ ਵਧਣ ਦੇ ਸ਼ੁਰੂਆਤੀ ਸੰਕੇਤਾਂ ਨੂੰ ਸਮੇਂ ਸਿਰ ਪਛਾਣ ਸਕਣ।”

ਡਾ. ਬਲਜੀਤ ਕੌਰ ਨੇ ਅਧਿਆਪਕਾਂ, ਮਾਪਿਆਂ, ਯੂਥ ਕਲੱਬਾਂ, ਪੰਚਾਇਤਾਂ ਅਤੇ ਸਮਾਜਿਕ ਭਲਾਈ ਸੰਸਥਾਵਾਂ ਨੂੰ ਇਸ ਮੁਹਿੰਮ ‘ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਉਨ੍ਹਾਂ ਦੋਸਤਾਂ ਦਾ ਸਾਥ ਨਾ ਛੱਡਣ, ਜੋ ਨਸ਼ਿਆਂ ਵੱਲ ਵਧ ਰਹੇ ਹੋਣ। ਇਸ ਦੀ ਬਜਾਏ ਉਨ੍ਹਾਂ ਦਾ ਸਹਿਯੋਗ ਕਰਨ ਅਤੇ ਮੱਦਦ ਲੈਣ ਤੇ ਨਸ਼ਿਆਂ ਤੋਂ ਦੂਰ ਹੋਣ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨ।

ਮਲੋਟ ਸਮਾਗਮ ‘ਚ ਸਕੂਲੀ ਬੱਚਿਆਂ ਨੇ ਪੋਸਟਰ ਬਣਾਉਣ ਅਤੇ ਲੇਖ ਲਿਖਣ ਮੁਕਾਬਲਿਆਂ ‘ਚ ਹਿੱਸਾ ਲਿਆ। ਮਲਵਈ ਗਿੱਧਾ ਅਤੇ ਨਸ਼ਿਆਂ ਪ੍ਰਤੀ ਜਾਗਰੂਕਤਾ ’ਤੇ ਆਧਾਰਿਤ ਨਾਟਕ ਸਮੇਤ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਿਹਤਮੰਦ ਅਤੇ ਨਸ਼ਾ ਮੁਕਤ ਪੰਜਾਬ ਦਾ ਸੰਦੇਸ਼ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬ ‘ਚ ਹੁਣ ਇੱਕ ਅਜਿਹਾ ਸਥਾਨਕ ਭਾਈਚਾਰਕ ਤੰਤਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ‘ਚ ਭਾਈਚਾਰਕ ਸਿਹਤ ਵਰਕਰ, ਸਕੂਲ, ਮਾਪੇ, ਪੰਚਾਇਤਾਂ, ਯੂਥ ਕਲੱਬ ਅਤੇ ਖੇਡ ਸਹੂਲਤਾਂ ਨਸ਼ਿਆਂ ਦੀ ਰੋਕਥਾਮ ਦੇ ਯਤਨਾਂ ਦਾ ਹਿੱਸਾ ਬਣ ਰਹੇ ਹਨ। ਇਸ ‘ਚ ਆਂਗਣਵਾੜੀ ਵਰਕਰਾਂ ਦੇ ਨਾਲ-ਨਾਲ ਪਿੰਡ ਅਤੇ ਵਾਰਡ ਰੱਖਿਆ ਕਮੇਟੀਆਂ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।

ਪੂਰੇ ਪੰਜਾਬ ‘ਚ ‘ਨਸ਼ਾ ਮੁਕਤੀ ਮਿੱਤਰ’ ਤਾਇਨਾਤ ਕੀਤੇ ਜਾਣ ਨਾਲ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨੂੰ ਉਨ੍ਹਾਂ ਪਰਿਵਾਰਾਂ ਅਤੇ ਭਾਈਚਾਰਿਆਂ ਦੇ ਹੋਰ ਨੇੜੇ ਲੈ ਕੇ ਜਾ ਰਹੀ ਹੈ, ਜਿੱਥੇ ਨਸ਼ਿਆਂ ਦੀ ਰੋਕਥਾਮ ਲਈ ਸਮੇਂ ਸਿਰ ਕਦਮ ਚੁੱਕੇ ਜਾ ਸਕਦੇ ਹਨ।

Read More: ਪੰਜਾਬ ਪੁਲਿਸ ਵੱਲੋਂ ਐਲਪੀਯੂ ਹਿੰਸਕ ਘਟਨਾ ਦੀ ਤਕਨੀਕੀ ਜਾਂਚ ਜਾਰੀ, SIT ਦਾ ਕੀਤਾ ਗਠਨ

ਵਿਦੇਸ਼

Scroll to Top