ਵਿਧਾਇਕ ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਨੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡੇ

ਮੋਹਾਲੀ, 29 ਸਤੰਬਰ 2026: ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸੋਮਵਾਰ ਨੂੰ ਮੋਹਾਲੀ ਦੇ ਸੈਕਟਰ-69 ਸਥਿਤ ਆਰੋਗਿਆ ਕੇਂਦਰ ਵਿਖੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ (MMSY) ਦੇ ਕਾਰਡ ਵੰਡੇ। ਉਨ੍ਹਾਂ ਨੇ ਯੋਜਨਾ ਤਹਿਤ ਨਕਦੀ ਰਹਿਤ ਸਿਹਤ ਸੇਵਾਵਾਂ ਦੀ ਵਿਆਪਕ ਪਹੁੰਚ ਯਕੀਨੀ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਇਸ ਦੌਰਾਨ ਸੰਬੋਧਨ ਕਰਦਿਆਂ ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਲੋੜਵੰਦ ਪਰਿਵਾਰਾਂ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਵੱਡਾ ਸਹਾਰਾ ਸਾਬਤ ਹੋ ਰਹੀ ਹੈ। ਇਸ ਯੋਜਨਾ ਤਹਿਤ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ‘ਚ ਵੱਖ-ਵੱਖ ਬਿਮਾਰੀਆਂ ਦਾ ਨਕਦੀ ਰਹਿਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨੇ ਪਰਿਵਾਰਾਂ ’ਤੇ ਸਿਹਤ ਸੇਵਾਵਾਂ ਦਾ ਵਿੱਤੀ ਬੋਝ ਘਟਾਉਣ ‘ਚ ਮੱਦਦ ਕੀਤੀ ਹੈ ਅਤੇ ਯੋਗ ਲਾਭਪਾਤਰੀਆਂ ਨੂੰ ਤੁਰੰਤ ਇਲਾਜ ਦੇ ਖਰਚਿਆਂ ਦੀ ਚਿੰਤਾ ਤੋਂ ਬਿਨਾਂ ਮਿਆਰੀ ਡਾਕਟਰੀ ਇਲਾਜ ਪ੍ਰਾਪਤ ਕਰਨ ਨੂੰ ਯਕੀਨੀ ਬਣਾਇਆ ਹੈ।

ਵਿਧਾਇਕ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਭਰ ‘ਚ 54 ਲੱਖ ਤੋਂ ਵੱਧ ਪਰਿਵਾਰ ਇਸ ਯੋਜਨਾ ਤਹਿਤ ਰਜਿਸਟਰਡ ਹੋ ਚੁੱਕੇ ਹਨ, ਜਦਕਿ ਐੱਸ.ਏ.ਐੱਸ. ਨਗਰ ਜ਼ਿਲ੍ਹੇ ‘ਚ ਲਗਭਗ 1.80 ਲੱਖ ਲਾਭਪਾਤਰੀ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਯੋਜਨਾ ਤਹਿਤ 909 ਸੂਚੀਬੱਧ ਹਸਪਤਾਲਾਂ ‘ਚ 2,356 ਇਲਾਜ ਪੈਕੇਜ ਉਪਲਬਧ ਹਨ, ਜਿਨ੍ਹਾਂ ‘ਚ 684 ਨਿੱਜੀ ਅਤੇ 225 ਸਰਕਾਰੀ ਹਸਪਤਾਲ ਸ਼ਾਮਲ ਹਨ।ਇਹ ਸੂਚੀਬੱਧ ਸਿਹਤ ਸੰਸਥਾਵਾਂ ਸੂਬੇ ਭਰ ਦੇ ਲਾਭਪਾਤਰੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਡਾਕਟਰੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ।

ਇਸ ਦੌਰਾਨ ਸਰਸਵਤੀ ਕਾਲਜ ਆਫ਼ ਨਰਸਿੰਗ, ਘੜੂੰਆਂ ਦੇ ਵਿਦਿਆਰਥੀਆਂ ਨੇ ਸਿਹਤ ਕਾਰਡਾਂ ਦੀ ਮਹੱਤਤਾ ਅਤੇ ਯੋਜਨਾ ਤਹਿਤ ਉਪਲਬਧ ਸਿਹਤ ਸਹੂਲਤਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨੁੱਕੜ ਨਾਟਕ ਪੇਸ਼ ਕੀਤਾ। ਅੰਬਿਕਾ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਵੀ ਯੋਜਨਾ ਬਾਰੇ ਜਾਗਰੂਕਤਾ ਫੈਲਾਉਣ ਲਈ ਰੰਗ-ਬਿਰੰਗੀ ਰੰਗੋਲੀ ਬਣਾਈ।

Read More: ਰੋਟਰੀ ਕਲੱਬ ਚੰਡੀਗੜ੍ਹ ਨੇ ਸੀਜੀਸੀ ਲਾਂਡਰਾਂ ਦੇ ਸਹਿਯੋਗ ਨਾਲ ਲਗਾਇਆ ਖੂਨਦਾਨ ਕੈਂਪ

ਵਿਦੇਸ਼

Scroll to Top