ਦੇਸ਼, 16 ਸਤੰਬਰ 2026: ਕੇਂਦਰੀ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਸਥਿਤ ਸ਼ਹਿਜ਼ਾਦ ਭੱਟੀ ਨੈੱਟਵਰਕ (SBN) ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਦੇ ਤਹਿਤ ਇੱਕ ਅੱਤਵਾਦੀ ਸੰਗਠਨ ਐਲਾਨਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਇਸਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਕੀਤੀ ਗਈ ਹੈ।
ਮੰਤਰਾਲੇ ਦੇ ਮੁਤਾਬਕ, ਇਹ ਨੈੱਟਵਰਕ ਸਰਹੱਦ ਪਾਰ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਰਿਹਾ ਹੈ, ਇਸਦੇ ਨਾਲ ਹੀ ਨੌਜਵਾਨਾਂ ਅਤੇ ਛੋਟੇ ਅਪਰਾਧਾਂ ‘ਚ ਸ਼ਾਮਲ ਲੋਕਾਂ ਨੂੰ ਅੱਤਵਾਦ ‘ਚ ਲੁਭਾਉਣ ਵਿੱਚ ਵੀ ਸ਼ਾਮਲ ਰਿਹਾ ਹੈ।
ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਸ਼ਹਿਜ਼ਾਦ ਭੱਟੀ ਨੈੱਟਵਰਕ ਅੱਤਵਾਦ ‘ਚ ਸ਼ਾਮਲ ਰਿਹਾ ਹੈ ਅਤੇ ਭਾਰਤ ‘ਚ ਵੱਖ-ਵੱਖ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਨੈੱਟਵਰਕ ਦਾ ਕਥਿਤ ਉਦੇਸ਼ ਨੌਜਵਾਨਾਂ ਅਤੇ ਸਥਾਨਕ ਅਪਰਾਧੀਆਂ ਨੂੰ ਲੁਭਾਉਣਾ, ਉਨ੍ਹਾਂ ਨੂੰ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਲਈ ਉਕਸਾਉਣਾ ਅਤੇ ਸਰਹੱਦ ਪਾਰ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨਾ ਹੈ। ਇਹ ਦੇਸ਼ ਦੀ ਲੋਕਤੰਤਰੀ ਪ੍ਰਣਾਲੀ, ਸਮਾਜਿਕ-ਸੰਪਰਦਾਇਕ ਸਦਭਾਵਨਾ ਅਤੇ ਅੰਦਰੂਨੀ ਸੁਰੱਖਿਆ ਲਈ ਇੱਕ ਗੰਭੀਰ ਖ਼ਤਰਾ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਗਜ਼ਟ ਨੋਟੀਫਿਕੇਸ਼ਨ ‘ਚ UAPA ਦੀ ਧਾਰਾ 35(1)(a) ਨੂੰ ਲਾਗੂ ਕੀਤਾ ਗਿਆ ਹੈ। ਇਸ ਦੇ ਤਹਿਤ, ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ UAPA ਦੇ ਪਹਿਲੇ ਸ਼ਡਿਊਲ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ‘ਚ ਭਾਰਤੀ ਕਾਨੂੰਨ ਅਧੀਨ ਅੱਤਵਾਦੀ ਸੰਗਠਨਾਂ ਵਜੋਂ ਨਾਮਜ਼ਦ ਸੰਗਠਨਾਂ ਦੇ ਨਾਮ ਸ਼ਾਮਲ ਹਨ।
ਨੋਟੀਫਿਕੇਸ਼ਨ ਦੇ ਮੁਤਾਬਕ, ਸ਼ਹਿਜ਼ਾਦ ਭੱਟੀ ਨੈੱਟਵਰਕ ਇਸ ਸੂਚੀ ‘ਚ ਸ਼ਾਮਲ ਹੋਣ ਵਾਲਾ 46ਵਾਂ ਸੰਗਠਨ ਹੈ। ਇਸਦਾ ਮਤਲਬ ਹੈ ਕਿ SBN ਨੂੰ ਹੁਣ ਰਸਮੀ ਤੌਰ ‘ਤੇ ਭਾਰਤੀ ਕਾਨੂੰਨ ਅਧੀਨ ਇੱਕ ਅੱਤਵਾਦੀ ਸੰਗਠਨ ਨਾਮਜ਼ਦ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ;ਚ ਕਿਹਾ ਗਿਆ ਹੈ ਕਿ ਨੈੱਟਵਰਕ ਨੇ ਕਥਿਤ ਤੌਰ ‘ਤੇ ਭੜਕਾਊ ਸੰਦੇਸ਼ ਫੈਲਾਉਣ ਲਈ ਵੱਖ-ਵੱਖ ਡਿਜੀਟਲ ਸੰਚਾਰ ਪਲੇਟਫਾਰਮਾਂ ਦੀ ਵਰਤੋਂ ਕੀਤੀ। ਮੰਤਰਾਲੇ ਦੇ ਅਨੁਸਾਰ, SBN ਨੇ ਨਫ਼ਰਤ ਫੈਲਾਉਣ ਵਾਲੀ ਡਿਜੀਟਲ ਸਮੱਗਰੀ ਵੀ ਪ੍ਰਕਾਸ਼ਤ ਕੀਤੀ।
ਸਰਕਾਰ ਦਾ ਕਹਿਣਾ ਹੈ ਕਿ ਅਜਿਹੀਆਂ ਗਤੀਵਿਧੀਆਂ ਦੇਸ਼ ਦੀ ਏਕਤਾ ਅਤੇ ਅੰਦਰੂਨੀ ਸੁਰੱਖਿਆ ਲਈ ਚੁਣੌਤੀ ਪੈਦਾ ਕਰਦੀਆਂ ਹਨ। ਨੋਟੀਫਿਕੇਸ਼ਨ ‘ਚ ਇਹ ਵੀ ਕਿਹਾ ਗਿਆ ਹੈ ਕਿ ਨੈੱਟਵਰਕ ਹਿੰਸਕ ਗਤੀਵਿਧੀਆਂ ਰਾਹੀਂ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਸੀ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਅਤੇ ਭੜਕਾਊ ਸੰਦੇਸ਼ ਫੈਲਾਉਣ ਲਈ ਡਿਜੀਟਲ ਮੀਡੀਆ ਦੀ ਵਰਤੋਂ ਕਰ ਰਿਹਾ ਸੀ।
Read More: ਟੈਕਸ ਨੀਤੀ ‘ਤੇ ਸੁਤੰਤਰ ਖੋਜ ਤੇ ਜਨਤਕ ਬਹਿਸ ਦੀ ਲੋੜ ਹੈ: ਨਿਰਮਲਾ ਸੀਤਾਰਮਨ




