ਪਟਿਆਲਾ, 14 ਸਤੰਬਰ 2026: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਸੂਬੇ ‘ਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਕਾਂਗਰਸੀ ਵਰਕਰਾਂ ਨੂੰ ਪੀ.ਐੱਸ.ਪੀ.ਸੀ.ਐੱਲ. ਦੇ ਮੁੱਖ ਦਫ਼ਤਰ ਪਹੁੰਚਣ ਤੋਂ ਰੋਕ ਲਿਆ। ਪੁਲਿਸ ਨੇ ਰਸਤੇ ‘ਚ ਸਖ਼ਤ ਬੈਰੀਕੇਡਿੰਗ ਕੀਤੀ ਹੋਈ ਸੀ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ‘ਚ ਪੈਦਾ ਹੋਇਆ ਬਿਜਲੀ ਸੰਕਟ ਮਨੁੱਖ ਵੱਲੋਂ ਖ਼ੁਦ ਸਹੇੜਿਆ ਹੋਇਆ ਹੈ। ਉਨ੍ਹਾਂ ਨੇ ਸਰਕਾਰ ‘ਤੇ ਕੁਪ੍ਰਬੰਧਨ ਦਾ ਦੋਸ਼ ਲਗਾਇਆ।
ਰਾਜਾ ਵੜਿੰਗ ਦਾ ਕਹਿਣਾ ਹੈ ਕਿ ਸਾਬਕਾ ਚੇਅਰਮੈਨ ਬਸੰਤ ਗਰਗ ਨੂੰ ਤਕਨੀਕੀ ਮਾਹਰ ਨਾ ਹੋਣ ਦੇ ਬਾਵਜੂਦ ਨਿਯੁਕਤ ਕੀਤਾ , ਜਦਕਿ ਤਕਨੀਕੀ ਮਾਹਰ ਹੋਣਾ ਇਸ ਅਹੁਦੇ ਦੀ ਮੁੱਖ ਸ਼ਰਤ ਹੈ।
ਰਾਜਾ ਵੜਿੰਗ ਮੁਤਾਬਕ ਮੌਜੂਦਾ ਸਰਕਾਰ ਨੇ ਦਿੱਲੀ ਵਾਲਿਆਂ ਦੇ ਇਸ਼ਾਰੇ ‘ਤੇ ਗਰਗ ਨੂੰ ਅਹੁਦਾ ਦੇਣ ਲਈ ਨਿਯਮਾਂ ‘ਚ ਬਦਲਾਅ ਕੀਤਾ। ਉਨ੍ਹਾਂ ਕਿਹਾ ਕਿ ਗਰਗ ਨੂੰ ਕਈ ਅਹੁਦੇ ਦਿੱਤੇ ਗਏ ਸਨ ਅਤੇ ਇਹੀ ਕਾਰਨ ਰਿਹਾ ਕਿ ਉਹ ਆਪਣੇ 300 ਦਿਨਾਂ ਦੇ ਕਾਰਜਕਾਲ ;ਚੋਂ ਸਿਰਫ਼ 20 ਦਿਨ ਹੀ ਦਫ਼ਤਰ ਆਏ।
ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ‘ਆਪ’ ਨੇ ਪੀ.ਐੱਸ.ਪੀ.ਸੀ.ਐੱਲ. ਦੇ ਡਾਇਰੈਕਟਰ ਜਨਰੇਸ਼ਨ ਹਰਜੀਤ ਸਿੰਘ ਨੂੰ ਬਿਨਾਂ ਵਜ੍ਹਾ ਹਟਾ ਕੇ ਇੱਕ ਅਯੋਗ ਵਿਅਕਤੀ ਨੂੰ ਇਸ ਅਹੁਦੇ ‘ਤੇ ਨਿਯੁਕਤ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ‘ਆਪ’ ਦੇ ਗ਼ਲਤ ਫ਼ਰਮਾਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਨੂੰ ਸਿਰਫ਼ ਹਟਾਇਆ ਹੀ ਨਹੀਂ ਗਿਆ, ਸਗੋਂ ਵਿਜੀਲੈਂਸ ਬਿਊਰੋ ਰਾਹੀਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਵੀ ਕੀਤਾ।
ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਨੂੰ ਇਸ ਲਈ ਹਟਾਇਆ ਕਿਉਂਕਿ ਤਤਕਾਲੀ ਬਿਜਲੀ ਮੰਤਰੀ ਸੰਜੀਵ ਅਰੋੜਾ ਲੁਧਿਆਣਾ ਦੇ ਆਪਣੇ ਇੱਕ ਚਹੇਤੇ ਨੂੰ ਇੱਥੇ ਐਡਜਸਟ ਕਰਨਾ ਚਾਹੁੰਦੇ ਸਨ, ਜੋ ਇਸ ਅਹੁਦੇ ਲਈ ਯੋਗ ਵੀ ਨਹੀਂ ਸੀ, ਪਰ ਉਨ੍ਹਾਂ ਨੇ ਮੰਤਰੀ ਦੀ ਕਈ ਤਰੀਕਿਆਂ ਨਾਲ ਮੱਦਦ ਕੀਤੀ ਹੋਈ ਸੀ। ਉਨ੍ਹਾਂ ਕਿਹਾ ਕਿ ਅਰੋੜਾ ਆਖ਼ਰਕਾਰ ਜੇਲ੍ਹ ਚਲੇ ਗਏ, ਪਰ ਜਾਣ ਤੋਂ ਪਹਿਲਾਂ ਉਹ ਪੀ.ਐੱਸ.ਪੀ.ਸੀ.ਐੱਲ. ਦਾ ਨੁਕਸਾਨ ਕਰ ਗਏ, ਜਿਸ ਕਾਰਨ ਅੱਜ ਸੂਬੇ ‘ਚ ਬਿਜਲੀ ਸੰਕਟ ਬਣਿਆ ਹੋਇਆ ਹੈ।
ਵੜਿੰਗ ਨੇ ਕਿਹਾ ਕਿ ਘੱਟ ਮਾਨਸੂਨ ਰਹਿਣ ਦੀ ਪਹਿਲਾਂ ਹੀ ਭਵਿੱਖਬਾਣੀ ਸੀ, ਫਿਰ ਵੀ ਪੀ.ਐੱਸ.ਪੀ.ਸੀ.ਐੱਲ. ਨੇ ਖੇਤੀਬਾੜੀ ਖੇਤਰ ਲਈ ਕੋਈ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਨੂੰ ਕੋਲੇ ਦੀ ਘਾਟ ਦਾ ਨਾਂ ਦੇਣਾ ਬਿਲਕੁਲ ਗ਼ਲਤ ਹੈ। ਪੰਜਾਬ ਕੋਲ ਆਪਣੀ ਕੋਲਾ ਖਾਣ ਹੈ ਅਤੇ ਇੱਥੇ ਕੋਲੇ ਦੀ ਕੋਈ ਕਮੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟਾਂ ‘ਚ ਬਿਜਲੀ ਉਤਪਾਦਨ ਕਾਫ਼ੀ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਬਿਜਲੀ ਕੁਝ ਸਾਲ ਪਹਿਲਾਂ ਤੱਕ 5 ਰੁਪਏ ਪ੍ਰਤੀ ਯੂਨਿਟ ਮਿਲਦੀ ਸੀ, ਹੁਣ 8.10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖ਼ਰੀਦੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸੌਦਾ ਤੈਅ ਕਰਨ ਲਈ ਦਿੱਲੀ ਤੋਂ ਵਿਸ਼ੇਸ਼ ਵਿਅਕਤੀ ਨਿਯੁਕਤ ਕੀਤੇ ਹਨ ਅਤੇ ਬਿਜਲੀ ਸਿੱਧੀ ਖ਼ਰੀਦਣ ਦੀ ਬਜਾਏ ਦਲਾਲਾਂ ਰਾਹੀਂ ਖ਼ਰੀਦੀ ਜਾ ਰਹੀ ਹੈ।
ਰਾਜਾ ਵੜਿੰਗ ਨੇ ਖੇਤੀਬਾੜੀ ਖੇਤਰ ਅਤੇ ਮੁਫ਼ਤ ਬਿਜਲੀ ਲਈ ਸਰਕਾਰ ਵੱਲੋਂ ਪੀ.ਐੱਸ.ਪੀ.ਸੀ.ਐੱਲ. ਨੂੰ ਦਿੱਤੀ ਜਾਣ ਵਾਲੀ 22,000 ਕਰੋੜ ਰੁਪਏ ਦੀ ਸਬਸਿਡੀ ‘ਚੋਂ 7,000 ਕਰੋੜ ਰੁਪਏ ਦੇ ਲਾਪਤਾ ਹੋਣ ਦੇ ਮਾਮਲੇ ਨੂੰ ਵੀ ਚੁੱਕਿਆ। ਉਨ੍ਹਾਂ ਸਵਾਲ ਕੀਤਾ ਕਿ ਇਹ 7,000 ਕਰੋੜ ਰੁਪਏ ਆਖ਼ਰ ਕਿੱਥੇ ਗ਼ਾਇਬ ਹੋ ਗਏ?
ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕਰਜ਼ੇ ਲੈਣ ਸਬੰਧੀ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ 10,000 ਕਰੋੜ ਰੁਪਏ ਦਾ ਕਰਜ਼ਾ ਲੈਣ ਲਈ 150 ਕਰੋੜ ਰੁਪਏ ਦੀ ਦਲਾਲੀ ਦਿੱਤੀ ਅਤੇ ਬਾਅਦ ‘ਚ 25,000 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਲਈ 340 ਕਰੋੜ ਰੁਪਏ ਹੋਰ ਅਦਾ ਕੀਤੇ। ਉਨ੍ਹਾਂ ਕਿਹਾ ਕਿ ਦੂਜੇ ਮਾਮਲੇ ;ਚ ਦਲਾਲ ਗੁਜਰਾਤ ਤੋਂ ਸੀ ਅਤੇ ਦੋਸ਼ ਲਾਇਆ ਕਿ ਦਲਾਲੀ ਦੇ ਇਸ ਪੈਸੇ ਦੀ ਵਰਤੋਂ ਉੱਥੋਂ ਦੀਆਂ ਚੋਣਾਂ ‘ਚ ਕੀਤੀ ਜਾਵੇਗੀ।
ਰਾਜਾ ਵੜਿੰਗ ਨੇ ਦੋਸ਼ ਲਗਾਇਆ ਹੈ ਕਿ ਭਗਵੰਤ ਮਾਨ ਨੇ ਪੰਜਾਬ ਨੂੰ 25 ਸਾਲ ਪਿੱਛੇ ਧੱਕ ਦਿੱਤਾ ਹੈ। ਵੜਿੰਗ ਨੇ ਇਹ ਵੀ ਐਲਾਨ ਕੀਤਾ ਕਿ ਭਲਕੇ ਨਵ-ਨਿਯੁਕਤ ਜਨਰਲ ਸਕੱਤਰ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ਕਾਂਗਰਸ ਹਰਪਾਲ ਸਿੰਘ ਚੀਮਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿਖੇ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕਰੇਗੀ, ਦਲਿਤ ਗੁਲਜ਼ਾਰ ਸਿੰਘ ਨੂੰ ਇਨਸਾਫ਼ ਮਿਲਣਾ ਬਹੁਤ ਜ਼ਰੂਰੀ ਹੈ।
Read More: ਪੰਜਾਬ ਕਾਂਗਰਸ ਆਗੂਆਂ ਦਾ ਪਟਿਆਲਾ ਪਾਰਵਕਾਮ ਹੈੱਡਕੁਆਰਟਰ ਸਾਹਮਣੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ




