ਚੰਡੀਗੜ੍ਹ, 12 ਸਤੰਬਰ 2026: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (OFTEC) ਨੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ ਅਹਿਮ ਗੁਰਗੇ ਅਤੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਦੀ ਮੋਲਦੋਵਾ ਗਣਰਾਜ ਤੋਂ ਹਵਾਲਗੀ ਪ੍ਰਾਪਤ ਕੀਤੀ ਹੈ।
ਗੌਰਵ ਯਾਦਵ ਨੇ ਦੱਸਿਆ ਕਿ ਉਕਤ ਮੁਲਜ਼ਮ ਕਤਲ, ਇਰਾਦਾ ਕਤਲ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ), ਅਸਲਾ ਐਕਟ, ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਈ ਮਾਮਲਿਆਂ ‘ਚ ਲੋੜੀਂਦਾ ਹੈ।
ਪੁਲਿਸ ਮੁਤਾਬਕ ਅੰਮ੍ਰਿਤ ਦਾਲਮ ਨੂੰ 24 ਫਰਵਰੀ, 2026 ਨੂੰ ਮੋਲਦੋਵਾ ਦੇ ਅਧਿਕਾਰੀਆਂ ਨੇ ਉਸ ਸਮੇਂ ਹਿਰਾਸਤ ‘ਚ ਲਿਆ ਸੀ, ਜਦੋਂ ਉਹ ਓਟਾਸੀ ਰਾਜ ਦੀ ਸਰਹੱਦ ਪਾਰ ਕਰਕੇ ਯੂਕਰੇਨ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਉਪਰੰਤ, ਓ.ਐਫ.ਟੀ.ਈ.ਸੀ. ਪੰਜਾਬ ਰਾਹੀਂ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਨ੍ਹਾਂ ਕਾਰਵਾਈਆਂ ਦੌਰਾਨ, ‘ਕੋਰਟ ਆਫ਼ ਚਿਸੀਨਾਉ’ ਨੇ 26 ਮਈ, 2026 ਨੂੰ ਅੰਮ੍ਰਿਤਪਾਲ ਸਿੰਘ ਨੂੰ ਭਾਰਤ ਵਾਪਸ ਭੇਜਣ ਬਾਰੇ ਮਨਜ਼ੂਰੀ ਦੇ ਦਿੱਤੀ। ਹਵਾਲਗੀ ਦੇ ਹੁਕਮਾਂ ਵਿਰੁੱਧ ਉਸ ਦੀ ਅਪੀਲ ਨੂੰ ‘ਕੋਰਟ ਆਫ਼ ਅਪੀਲ ਸੈਂਟਰੂ’ ਵੱਲੋਂ 16 ਜੁਲਾਈ, 2026 ਨੂੰ ਰੱਦ ਕਰ ਦਿੱਤਾ ਗਿਆ, ਜਿਸ ਨਾਲ ਹਵਾਲਗੀ ਦੇ ਹੁਕਮ ਨੂੰ ਅੰਤਿਮ ਰੂਪ ਦਿੱਤਾ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਦੀ ਹਵਾਲਗੀ ਤੋਂ ਬਾਅਦ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਮੋਲਦੋਵਾ ਭੇਜੀ ਗਈ। ਐਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ‘ਚ ਇੰਸਪੈਕਟਰ ਪੁਸ਼ਵਿੰਦਰ ਸਿੰਘ, ਐਸਆਈ ਜਸਪ੍ਰੀਤ ਸਿੰਘ ਅਤੇ ਏਐਸਆਈ ਵਰਿੰਦਰ ਕੁਮਾਰ ਸ਼ਾਮਲ ਸਨ।
ਡੀਜੀਪੀ ਨੇ ਦੱਸਿਆ ਕਿ ਅੰਮ੍ਰਿਤ ਦਾਲਮ ਨੂੰ ਪੰਜਾਬ ਪੁਲਿਸ ਦੀ ਟੀਮ ਨੇ ਸ਼ੁੱਕਰਵਾਰ ਨੂੰ ਚਿਸੀਨਾਉ ਏਅਰਪੋਰਟ, ਮੋਲਦੋਵਾ ਤੋਂ ਹਿਰਾਸਤ ਵਿਚ ਲਿਆ ਅਤੇ ਟੀਮ ਸ਼ਨੀਵਾਰ ਸਵੇਰੇ ਨਵੀਂ ਦਿੱਲੀ ਦੇ ਆਈਜੀਆਈ ਏਅਰਪੋਰਟ ‘ਤੇ ਪਹੁੰਚੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਪੰਜਾਬ ‘ਚ ਕਾਨੂੰਨੀ ਕਾਰਵਾਈ ਲਈ ਵਾਪਸ ਲਿਆਂਦਾ ਜਾ ਰਿਹਾ ਹੈ।
ਡੀਜੀਪੀ ਪੰਜਾਬ ਨੇ ਕਿਹਾ, “ਇਹ ਪੰਜਾਬ ਪੁਲਿਸ ਵੱਲੋਂ ਕਿਸੇ ਯੂਰਪੀ ਦੇਸ਼ ਤੋਂ ਹਾਸਲ ਕੀਤੀ ਪਹਿਲੀ ਹਵਾਲਗੀ ਹੈ, ਜੋ ਸੰਗਠਿਤ ਅਪਰਾਧ ਵਿਰੁੱਧ ਸਾਡੀ ਲੜਾਈ ‘ਚ ਇੱਕ ਅਹਿਮ ਮੀਲ-ਪੱਥਰ ਸਾਬਤ ਹੋਈ ਹੈ।” ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ‘ਆਪਰੇਸ਼ਨ ਈਸਟਰਨ ਰੀਚ’ ਜੋ ਛੇ ਮਹੀਨੇ ਚੱਲਣ ਵਾਲੀ ਇੱਕ ਅੰਤਰਰਾਸ਼ਟਰੀ ਆਪਰੇਸ਼ਨ ਸੀ ਜੋ ਖੁਫੀਆ ਜਾਣਕਾਰੀ ‘ਤੇ ਅਧਾਰਤ ਸੀ ਅਤੇ ਜਿਸ ‘ਚ ਲਗਾਤਾਰ ਨਿਗਰਾਨੀ, ਰਣਨੀਤਕ ਖੁਫੀਆ ਜਾਣਕਾਰੀ ਇਕੱਠੀ ਕਰਨਾ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਤਾਲਮੇਲ ਬਣਾਉਣਾ ਸ਼ਾਮਲ ਸੀ।
ਡੀਜੀਪੀ ਗੌਰਵ ਯਾਦਵ ਨੇ ਅੰਤਰਰਾਸ਼ਟਰੀ ਸਹਿਯੋਗ ਲਈ ਮੋਲਦੋਵਾ ਅਤੇ ਅਜ਼ਰਬਾਈਜਾਨ ਦੀਆਂ ਅਥਾਰਟੀਆਂ, ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੀ ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਯੂਨਿਟ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਹੋਰ ਸਾਰੀਆਂ ਕੇਂਦਰੀ ਏਜੰਸੀਆਂ ਦਾ ਵੀ ਧੰਨਵਾਦ ਕੀਤਾ ਹੈ।
ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਏ.ਜੀ.ਟੀ.ਐਫ. ਪ੍ਰਮੋਦ ਬਾਨ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤ ਦਾਲਮ ਘੱਟੋ-ਘੱਟ 7 ਕਤਲ ਕੇਸਾਂ ‘ਚ ਲੋੜੀਂਦਾ ਹੈ, ਜਿਨ੍ਹਾਂ ‘ਚ 2019 ‘ਚ ਬਟਾਲਾ ਵਿਖੇ ਦਲਬੀਰ ਸਿੰਘ ਦਾ ਕਤਲ, 2024 ‘ਚ ਹੁਸ਼ਿਆਰਪੁਰ ‘ਚ ਅਮਰਜੀਤ ਲਾਲ ਅਤੇ ਕਸ਼ਮੀਰੀ ਲਾਲ ਦਾ ਦੋਹਰਾ ਕਤਲ, 2025 ‘ਚ ਧਰਮਜੀਤ ਸਿੰਘ ਉਰਫ਼ ਧਰਮਾ ਦਾ ਕਤਲ, 2025 ‘ਚ ਕਨਵ ਮਹਾਜਨ ਅਤੇ ਸਰਬਜੀਤ ਸਿੰਘ ਉਰਫ਼ ਕਾਕਾ ਦਾ ਦੋਹਰਾ ਕਤਲ ਅਤੇ 2025 ‘ਚ ਜਸਦੀਪ ਸਿੰਘ ਉਰਫ਼ ਦੀਪ ਚੀਮਾ ਦਾ ਕਤਲ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਕਤੂਬਰ 2024 ‘ਚ ਕੁਰੂਕਸ਼ੇਤਰ, ਹਰਿਆਣਾ, ਭਾਰਤ ਦੇ ਵਸਨੀਕ ਹੀਰਾ ਸਿੰਘ ਪੁੱਤਰ ਗੁਰਪਾਲ ਦੇ ਵੇਰਵਿਆਂ ‘ਤੇ ਬਣਾਏ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਵਿਦੇਸ਼ ਫਰਾਰ ਹੋ ਗਿਆ ਸੀ।
ਏ.ਡੀ.ਜੀ.ਪੀ. ਨੇ ਦੱਸਿਆ ਕਿ ਫਰਾਰ ਹੋਣ ਤੋਂ ਬਾਅਦ ਕਈ ਦੇਸ਼ਾਂ ‘ਚ ਮੁਲਜ਼ਮ ਅੰਮ੍ਰਿਤ ਦਾਲਮ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਮੁਲਜ਼ਮ ਵਿਰੁੱਧ ‘ਰੈੱਡ ਨੋਟਿਸ’ ਜਾਰੀ ਕੀਤਾ ਸੀ ਅਤੇ ਸਮੇਂ-ਸਮੇਂ ‘ਤੇ ਕੇਂਦਰੀ ਏਜੰਸੀਆਂ ਨਾਲ ਉਸਦੇ ਜਾਅਲੀ ਪਾਸਪੋਰਟ ਅਤੇ ਟਿਕਾਣਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਮੁਲਜ਼ਮ ਦੀ ਹਵਾਲਗੀ ਸੰਭਵ ਹੋ ਸਕੀ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਕਾਊਂਟਰ ਇੰਟੈਲੀਜੈਂਸ ਅਸ਼ੀਸ਼ ਚੌਧਰੀ ਨੇ ਕਿਹਾ ਕਿ ਓ.ਐਫ.ਟੀ.ਈ.ਸੀ. ਦੀ ਸਥਾਪਨਾ ਤੋਂ ਲੈ ਕੇ, ਮੌਜੂਦਾ ਹਵਾਲਗੀ ਤੋਂ ਇਲਾਵਾ 9 ਅਤਿ ਲੋੜੀਂਦੇ ਭਗੌੜਿਆਂ ਦੀ ਵੱਖ-ਵੱਖ ਦੇਸ਼ਾਂ ਤੋਂ ਹਵਾਲਗੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸੈੱਲ ਦੇ ਠੋਸ ਯਤਨਾਂ ਸਦਕਾ, ਇਸ ਸਾਲ ਹਵਾਲਗੀ ਸਬੰਧੀ ਭੇਜੀਆਂ ਗਈਆਂ ਦੋ ਬੇਨਤੀਆਂ ਨੂੰ ਸਫਲਤਾ ਮਿਲੀ ਸੀ, ਜਿਸ ‘ਚ ਯੂਏਈ ਤੋਂ ਅੰਮ੍ਰਿਤਪਾਲ ਮਹਿਰੋਂ ਦੀ ਹਵਾਲਗੀ ਦਾ ਮਾਮਲਾ ਸ਼ਾਮਲ ਹੈ। ਆਈਜੀਪੀ ਨੇ ਦੱਸਿਆ ਕਿ ਓ.ਐਫ.ਟੀ.ਈ.ਸੀ. ਵੱਲੋਂ 11 ਹੋਰ ਵਿਦੇਸ਼ ਅਧਾਰਿਤ ਭਗੌੜਿਆਂ ਦੀ ਹਵਾਲਗੀ ਲਈ ਯਤਨ ਕੀਤੇ ਜਾ ਰਹੇ ਹਨ।
Read More: Jalandhar News: ਜਲੰਧਰ ‘ਚ ਪੁਲਿਸ ਮੁਕਾਬਲੇ ਦੌਰਾਨ ਕਥਿਤ ਗੈਂਗ ਨਾਲ ਸਬੰਧਿਤ ਨੌਜਵਾਨ ਜ਼ਖਮੀ




