ਨੇਪਾਲ, 05 ਸਤੰਬਰ 2026: ਭਾਰਤੀ ਸੁਰੰਗ ਬਚਾਅ ਟੀਮ ਨੇ ਸ਼ੁੱਕਰਵਾਰ ਨੂੰ ਚਿਲੀਮੇ ਸੁਰੰਗ ਦੇ ਅੰਦਰ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਹ ਟੀਮ ਸੁਰੰਗ ਦੇ ਪਾਣੀ ਅਤੇ ਮਲਬੇ ਨਾਲ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਣ ਅਤੇ ਫਸੇ ਵਿਅਕਤੀਆਂ ਦੀ ਭਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੁਰੰਗ ‘ਚ ਭਾਰੀ ਉਪਕਰਣਾਂ ਨੂੰ ਲਿਜਾਣ ਅਤੇ ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਇੱਕ ਅਸਥਾਈ ਟ੍ਰੈਕ ਤਿਆਰ ਕੀਤਾ ਜਾ ਰਿਹਾ ਹੈ। ਟੀਮ ਨੇ ਸੁਰੰਗ ਦੇ ਅੰਦਰ ਸੁਰੱਖਿਆ ਰੱਸੀਆਂ ਲਗਾਈਆਂ ਹਨ, ਜਦੋਂ ਕਿ ਪਾਣੀ ਅਤੇ ਮਲਬੇ ਨਾਲ ਬੰਦ ਖੇਤਰਾਂ ‘ਚ ਫਲੋਟ ਅਤੇ ਪੰਪ ਤਾਇਨਾਤ ਕੀਤੇ ਜਾ ਰਹੇ ਹਨ।
ਰਾਸੁਵਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਨੇੜੇ ਸਥਿਤ ਚਿਲੀਮੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਸੁਰੰਗ ਦੇ ਕਈ ਹਿੱਸੇ ਪਾਣੀ ਅਤੇ ਮਲਬੇ ਨਾਲ ਬੰਦ ਹੋ ਗਏ ਸਨ, ਜਿਸ ਨਾਲ ਪਹੁੰਚ ਚੁਣੌਤੀਪੂਰਨ ਹੋ ਗਈ ਸੀ। ਭਾਰਤੀ ਟੀਮ ਹੁਣ ਖੋਜ ਅਤੇ ਬਚਾਅ ਕਾਰਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਣ ਲਈ ਸੁਰੰਗ ਦੇ ਅੰਦਰ ਅੱਗੇ ਵਧ ਰਹੀ ਹੈ।
26 ਅਗਸਤ ਨੂੰ ਨੇਪਾਲ ‘ਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਨਿਰੰਤਰ ਜਾਰੀ ਹਨ। ਭਾਰਤੀ ਬਚਾਅ ਟੀਮਾਂ ਪ੍ਰਭਾਵਿਤ ਖੇਤਰਾਂ ‘ਚ ਖੋਜ, ਬਚਾਅ ਅਤੇ ਰਾਹਤ ਕਾਰਜਾਂ ਨੂੰ ਚਲਾਉਣ ਲਈ ਨੇਪਾਲੀ ਅਧਿਕਾਰੀਆਂ ਨਾਲ ਕੰਮ ਕਰ ਰਹੀਆਂ ਹਨ। ਇਸਦੇ ਜਵਾਬ ‘ਚ, ਇੱਕ ਵਿਸ਼ੇਸ਼ ਭਾਰਤੀ ਸੁਰੰਗ ਬਚਾਅ ਟੀਮ ਨੇ ਚਿਲੀਮੇ ਸੁਰੰਗ ‘ਚ ਕਾਰਜ ਤੇਜ਼ ਕਰ ਦਿੱਤੇ ਹਨ।
ਸ਼ੁੱਕਰਵਾਰ ਨੂੰ ਨੇਪਾਲ ਸਰਕਾਰ ਨੇ ਇੱਕ ਰਿਪੋਰਟ ਜਾਰੀ ਕੀਤੀ ਜਿਸ ‘ਚ ਕਿਹਾ ਗਿਆ ਹੈ ਕਿ ਹੜ੍ਹਾਂ ਨਾਲ 32,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਸੜਕਾਂ, ਪੁਲਾਂ, ਸਕੂਲਾਂ ਅਤੇ ਸਿਹਤ ਕੇਂਦਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਮੁੱਢਲੀ ਸਰਕਾਰੀ ਰਿਪੋਰਟ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਇਸ ਦੁਖਾਂਤ ‘ਚ ਮਰਨ ਵਾਲਿਆਂ ਦੀ ਗਿਣਤੀ 1,344 ਹੋ ਗਈ।
Read More: ਭਾਰਤ ਯੂਰਪੀ ਸੰਘ ਤੇ ਯੂਰਪ ਨਾਲ ਆਪਣੇ ਸਬੰਧਾਂ ਨੂੰ ਕਰ ਰਿਹਾ ਮਜ਼ਬੂਤ, PM ਮੋਦੀ ਨੇ ਬੈਲਜੀਅਮ ਦੇ PM ਨਾਲ ਮੁਲਾਕਾਤ ਕੀਤੀ




