ਪੰਜਾਬ ਦੇ ਵਿਮੁਕਤ ਸਮਾਜ

ਪੰਜਾਬ ਦੇ ਵਿਮੁਕਤ ਸਮਾਜ ਦੇ ਹੱਕਾਂ ਦੀ ਲੰਮੀ ਉਡੀਕ ਹੁਣ ਮੁੱਕਣੀ ਚਾਹੀਦੀ ਹੈ: MP ਸਤਨਾਮ ਸਿੰਘ ਸੰਧੂ

ਚੰਡੀਗੜ੍ਹ, 31 ਅਗਸਤ 2026: 75ਵਾਂ ਵਿਮੁਕਤ ਜਾਤੀ ਦਿਵਸ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੇਜ਼ਬਾਨੀ ਹੇਠ ਮੁੱਖ ਮੰਤਰੀ ਨਿਵਾਸ ਵਿਖੇ 75ਵਾਂ ਵਿਮੁਕਤ ਜਾਤੀ ਦਿਵਸ ਮਨਾਇਆ, ਜਿਸ ‘ਚ ਪੰਜਾਬ ਅਤੇ ਹਰਿਆਣਾ ਦੇ ਵਿਮੁਕਤ, ਘੁਮੰਤੂ ਅਤੇ ਅਰਧ-ਘੁਮੰਤੂ ਭਾਈਚਾਰਿਆਂ ਦੇ ਆਗੂਆਂ ਅਤੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਆਪਣੇ ਨਿਵਾਸ ’ਤੇ ਇਨ੍ਹਾਂ ਭਾਈਚਾਰਿਆਂ ਨਾਲ ਇਹ ਦਿਹਾੜਾ ਮਨਾਉਣਾ ਲੰਮੇ ਸਮੇਂ ਤੋਂ ਅਣਗੌਲੇ ਰਹੇ ਸਮਾਜ ਨੂੰ ਮਾਣ, ਪਛਾਣ ਅਤੇ ਅਪਣੱਤ ਦੇਣ ਵਾਲੀ ਅਹਿਮ ਪਹਿਲ ਹੈ। ਉਨ੍ਹਾਂ ਮੁੱਖ ਮੰਤਰੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੈਣੀ ਨੇ ਹਰਿਆਣਾ ‘ਚ ਵਿਮੁਕਤ ਜਾਤੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਦੇਣ ਦੇ ਨਾਲ ਕੇਂਦਰ ਸਰਕਾਰ ਨਾਲ ਸਬੰਧਤ ਉਨ੍ਹਾਂ ਦੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਵੀ ਕੇਂਦਰ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਦਾ ਭਰੋਸਾ ਦਿੱਤਾ ਹੈ।

ਸਤਨਾਮ ਸੰਧੂ ਨੇ ਕਿਹਾ ਕਿ ਵਿਮੁਕਤ ਭਾਈਚਾਰਿਆਂ ਦਾ ਇਤਿਹਾਸ ਮਿਹਨਤ, ਸੰਘਰਸ਼ ਅਤੇ ਕੁਰਬਾਨੀਆਂ ਨਾਲ ਜੁੜਿਆ ਹੈ। ਔਖੇ ਹਾਲਾਤਾਂ ਦੇ ਬਾਵਜੂਦ ਇਨ੍ਹਾਂ ਭਾਈਚਾਰਿਆਂ ਨੇ ਪੰਜਾਬ ਦੀਆਂ ਕਈ ਲੋਕ-ਕਲਾਵਾਂ, ਦਸਤਕਾਰੀਆਂ, ਰਵਾਇਤੀ ਹੁਨਰਾਂ ਅਤੇ ਵਿਰਾਸਤੀ ਕਿੱਤਿਆਂ ਨੂੰ ਪੀੜ੍ਹੀ-ਦਰ-ਪੀੜ੍ਹੀ ਸਾਂਭਿਆ ਹੈ। “ਇਸ ਵਿਰਾਸਤ ਨੂੰ ਬਚਾਉਣਾ ਹੈ ਤਾਂ ਇਸ ਨੂੰ ਸਾਂਭਣ ਵਾਲੇ ਹੱਥਾਂ ਨੂੰ ਵੀ ਮਜ਼ਬੂਤ ਕਰਨਾ ਪਵੇਗਾ।”

ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਅਤੇ ਕੌਮੀ ਪੱਧਰ ’ਤੇ ਵਿਮੁਕਤ, ਘੁਮੰਤੂ ਅਤੇ ਅਰਧ-ਘੁਮੰਤੂ ਭਾਈਚਾਰਿਆਂ ਦੇ ਹੱਕਾਂ ਅਤੇ ਭਲਾਈ ਲਈ ਅਹਿਮ ਕਦਮ ਚੁੱਕੇ ਹਨ, ਪਰ ਪੰਜਾਬ ਦਾ ਵਿਮੁਕਤ ਸਮਾਜ ਅੱਜ ਵੀ ਆਪਣੇ ਕਈ ਬਣਦੇ ਹੱਕਾਂ ਦੀ ਉਡੀਕ ਕਰ ਰਿਹਾ ਹੈ। ਬੌਰੀਆ, ਬਾਜ਼ੀਗਰ, ਸਾਂਸੀ, ਬੰਗਾਲੀ, ਬਰੜ, ਗੰਧੀਲਾ, ਨਟ, ਰਾਏ ਸਿੱਖ, ਓਡ, ਮਰਾਸੀ ਅਤੇ ਸਿਕਲੀਗਰ ਸਿੱਖ ਸਮੇਤ ਵੱਖ-ਵੱਖ ਭਾਈਚਾਰਿਆਂ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵਾਅਦੇ ਤਾਂ ਕੀਤੇ, ਪਰ ਬਹੁਤੇ ਵਾਅਦੇ ਅਮਲ ਤੱਕ ਨਹੀਂ ਪਹੁੰਚੇ।

ਸਤਨਾਮ ਸਿੰਘ ਸੰਧੂ ਨੇ ਕਿਹਾ, “ਦਹਾਕਿਆਂ ਦੀ ਇਸ ਸਿਆਸੀ ਵਾਅਦਾਖ਼ਿਲਾਫ਼ੀ ਦੀ ਕੀਮਤ ਵਿਮੁਕਤ ਸਮਾਜ ਦੀਆਂ ਪੀੜ੍ਹੀਆਂ ਨੇ ਪਛੜੇਪਣ ਅਤੇ ਮੌਕਿਆਂ ਦੀ ਘਾਟ ਦੇ ਰੂਪ ‘ਚ ਚੁਕਾਈ ਹੈ। ਪੰਜਾਬ ਦੇ ਵਿਮੁਕਤ ਸਮਾਜ ਨੇ ਵਾਅਦੇ ਬਹੁਤ ਸੁਣ ਲਏ ਹਨ—ਹੁਣ ਵਾਅਦਿਆਂ ਨੂੰ ਹੱਕਾਂ ਵਿੱਚ ਬਦਲਣ ਦਾ ਵੇਲਾ ਹੈ।”

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਵਿਮੁਕਤ, ਘੁਮੰਤੂ ਅਤੇ ਅਰਧ-ਘੁਮੰਤੂ ਭਾਈਚਾਰਿਆਂ ਦੀ ਸਿੱਖਿਆ, ਰੋਜ਼ੀ-ਰੋਟੀ, ਸਿਹਤ ਅਤੇ ਆਰਥਿਕ ਸਸ਼ਕਤੀਕਰਨ ਲਈ ਅਹਿਮ ਪਹਿਲਾਂ ਕੀਤੀਆਂ ਹਨ। ਭਾਰਤੀ ਜਨਤਾ ਪਾਰਟੀ ਲਈ ਪੰਜਾਬ ਦੇ ਵਿਮੁਕਤ ਸਮਾਜ ਦਾ ਮਸਲਾ ਸਿਰਫ਼ ਸਿਆਸੀ ਵਾਅਦਾ ਨਹੀਂ, ਸਗੋਂ ਉਨ੍ਹਾਂ ਦੇ ਬਣਦੇ ਹੱਕ ਅਤੇ ਸਮਾਜਿਕ ਨਿਆਂ ਦਾ ਸਵਾਲ ਹੈ। ਸਿੱਖਿਆ, ਰੁਜ਼ਗਾਰ, ਆਰਥਿਕ ਮਜ਼ਬੂਤੀ, ਪਛਾਣ ਅਤੇ ਨੁਮਾਇੰਦਗੀ ਨਾਲ ਜੁੜੇ ਮਸਲਿਆਂ ਨੂੰ ਹੁਣ ਠੋਸ ਨਤੀਜਿਆਂ ਤੱਕ ਪਹੁੰਚਾਉਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਮੁਕਤ ਸਮਾਜ ਦੇ ਹੱਕਾਂ ਅਤੇ ਉਨ੍ਹਾਂ ਦੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਦੀ ਆਵਾਜ਼ ਰਾਜ ਸਭਾ ‘ਚ ਵੀ ਉਠਾਈ ਗਈ ਹੈ ਅਤੇ ਅੱਗੇ ਵੀ ਸੰਸਦ ਸਮੇਤ ਹਰ ਢੁਕਵੇਂ ਮੰਚ ’ਤੇ ਦ੍ਰਿੜ੍ਹਤਾ ਨਾਲ ਉਠਾਈ ਜਾਂਦੀ ਰਹੇਗੀ। ਸਤਨਾਮ ਸਿੰਘ ਸੰਧੂ ਨੇ ਕਿਹਾ, “ਇਸ ਸਮਾਜ ਦੀ ਉਡੀਕ ਹੁਣ ਹੋਰ ਲੰਮੀ ਨਹੀਂ ਹੋਣੀ ਚਾਹੀਦੀ। ਭਾਰਤੀ ਜਨਤਾ ਪਾਰਟੀ ਵਿਮੁਕਤ ਸਮਾਜ ਦੇ ਬਣਦੇ ਹੱਕ, ਸਨਮਾਨ ਅਤੇ ਇਨਸਾਫ਼ ਨੂੰ ਅਮਲ ‘ਚ ਲਿਆਉਣ ਲਈ ਦ੍ਰਿੜ੍ਹਤਾ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ।”

ਪੰਜਾਬ ਦੇ ਵਿਮੁਕਤ ਸਮਾਜ ਦੇ ਹੱਕਾਂ ਲਈ ਰਜਿੰਦਰ ਸਿੰਘ ਦੇਸੂ ਯੋਧਾ, ਵਾਹਿਗੁਰੂ ਸਿੰਘ ਕਾਬਲਵਾਲਾ, ਜਸਪਾਲ ਸਿੰਘ ਪੰਜਗਰਾਈਂ, ਜਸਵੀਰ ਸਿੰਘ ਡੂਮਵਾਲੀ, ਪਰਮਜੀਤ ਸਿੰਘ ਬਰਗਾੜੀ, ਮਲਕੀਤ ਸਿੰਘ ਹੀਰਾ, ਬੂਟਾ ਰਾਮ ਬਾਜ਼ੀਗਰ ਅਤੇ ਸਿਕਲੀਗਰ ਸਮਾਜ ਨਾਲ ਜੁੜੇ ਲਾਭ ਸਿੰਘ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਆਗੂ ਲੰਬੇ ਸਮੇਂ ਤੋਂ ਆਵਾਜ਼ ਉਠਾਉਂਦੇ ਆ ਰਹੇ ਹਨ।

Read More: ਨਸ਼ਾ-ਮੁਕਤ ਨੌਜਵਾਨ, ਨਸ਼ਾ-ਮੁਕਤ ਭਾਰਤ’ ਦੇ ਸੰਕਲਪ ਦੀ ਪੰਜਾਬ ਤੋਂ ਹੋਵੇ ਫ਼ੈਸਲਾਕੁਨ ਸ਼ੁਰੂਆਤ: ਸਤਨਾਮ ਸਿੰਘ ਸੰਧੂ

ਵਿਦੇਸ਼

Scroll to Top