ਨੇਪਾਲ, 28 ਅਗਸਤ 2026: Nepal Floods: ਬੁੱਧਵਾਰ ਸਵੇਰੇ ਨੇਪਾਲ-ਤਿੱਬਤ ਸਰਹੱਦ ‘ਤੇ ਅਚਾਨਕ ਆਏ ਹੜ੍ਹਾਂ ਨੇ ਨੇਪਾਲ ਦੇ ਰਸੁਵਾ ਸਮੇਤ ਕਈ ਇਲਾਕਿਆਂ ‘ਚ ਭਾਰੀ ਤਬਾਹੀ ਮਚਾਈ। ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਦੋਵਾਂ ਦੇਸ਼ਾਂ ‘ਚ ਹੁਣ ਤੱਕ 472 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 1,500 ਤੋਂ ਵੱਧ ਅਜੇ ਵੀ ਲਾਪਤਾ ਹਨ। ਇਸ ‘ਚ ਲਗਭਗ 290 ਭਾਰਤੀ ਸ਼ਾਮਲ ਹਨ। ਲਾਪਤਾ ਲੋਕਾਂ ‘ਚ 517 ਵਿਦੇਸ਼ੀ ਨਾਗਰਿਕ, 45 ਨੇਪਾਲੀ ਫੌਜ ਦੇ ਕਰਮਚਾਰੀ ਅਤੇ 41 ਨੇਪਾਲੀ ਪੁਲਿਸ ਕਰਮਚਾਰੀ ਸ਼ਾਮਲ ਹਨ।
ਹੜ੍ਹ ਦਾ ਪਾਣੀ ਤਿੱਬਤ ਤੋਂ ਨੇਪਾਲ ‘ਚ ਦਾਖਲ ਹੋਇਆ ਅਤੇ ਹੁਣ, ਜੇਕਰ ਪਾਣੀ ਨੂੰ ਰੱਖਣ ਵਾਲੀ ਝੀਲ ਦੁਬਾਰਾ ਫਟ ਜਾਂਦੀ ਹੈ, ਤਾਂ ਹੋਰ ਹੜ੍ਹ ਆਉਣ ਦਾ ਖ਼ਤਰਾ ਹੈ। ਟਰੰਪ ਨੇ ਨੇਪਾਲ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਨੇਪਾਲੀ ਅਧਿਕਾਰੀਆਂ ਨਾਲ ਹੜ੍ਹਾਂ ਕਾਰਨ ਹੋਏ ਨੁਕਸਾਨ ਬਾਰੇ ਪੁੱਛਗਿੱਛ ਕੀਤੀ ਹੈ।
1,024 ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਨੇਪਾਲ ਫੌਜ ਨੇ ਆਫ਼ਤ ਪ੍ਰਭਾਵਿਤ ਖੇਤਰਾਂ ‘ਚ ਫਸੇ 1,024 ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਬਚਾਅ ਟੀਮਾਂ ਅਜੇ ਵੀ ਲੋਕਾਂ ਨੂੰ ਕੱਢਣ, ਨੁਕਸਾਨੇ ਗਏ ਬੁਨਿਆਦੀ ਢਾਂਚੇ ਦਾ ਮੁਲਾਂਕਣ ਕਰਨ ਅਤੇ ਢਹਿ-ਢੇਰੀ ਹੋਈਆਂ ਸੜਕਾਂ ਅਤੇ ਪੁਲਾਂ ਕਾਰਨ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕੱਟੇ ਗਏ ਲੋਕਾਂ ਤੱਕ ਪਹੁੰਚਣ ਲਈ ਕੰਮ ਕਰ ਰਹੀਆਂ ਹਨ।
ਨੇਪਾਲ ‘ਚ ਭਿਆਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਬਾਅਦ, ਕਈ ਖੇਤਰਾਂ ‘ਚ ਸਥਿਤੀ ਗੰਭੀਰ ਬਣੀ ਹੋਈ ਹੈ। ਵੱਡੀ ਗਿਣਤੀ ‘ਚ ਲੋਕ ਫਸੇ ਹੋਏ ਹਨ ਅਤੇ ਸੜਕਾਂ ਅਤੇ ਪੁਲ ਢਹਿ ਰਹੇ ਹਨ, ਜਿਸ ਨਾਲ ਰਾਹਤ ਅਤੇ ਬਚਾਅ ਕਾਰਜਾਂ ‘ਚ ਰੁਕਾਵਟ ਆ ਰਹੀ ਹੈ।
ਨੇਪਾਲ ਵੱਲੋਂ ਵਿਦੇਸ਼ੀ ਬਚਾਅ ਟੀਮਾਂ ਦੀ ਮੱਦਦ ਪੇਸ਼ਕਸ਼ ਤੋਂ ਇਨਕਾਰ
ਨੇਪਾਲ ਸਰਕਾਰ ਨੇ ਭਾਰਤ, ਚੀਨ, ਸੰਯੁਕਤ ਰਾਜ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਸਮੇਤ ਕਈ ਦੇਸ਼ਾਂ ਦੁਆਰਾ ਭੇਜੀਆਂ ਗਈਆਂ ਵਿਦੇਸ਼ੀ ਬਚਾਅ ਟੀਮਾਂ ਦੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਨੇਪਾਲ ਫੌਜ ਅਤੇ ਪੁਲਿਸ ਰਾਹਤ ਅਤੇ ਬਚਾਅ ਕਾਰਜਾਂ ਨੂੰ ਖੁਦ ਸੰਭਾਲਣ ਦੇ ਸਮਰੱਥ ਹਨ। ਇਹ ਫੈਸਲਾ ਨੇਪਾਲੀ ਫੌਜ ਅਤੇ ਪੁਲਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਗਿਆ ਸੀ।
ਨੇਪਾਲੀ ਅਧਿਕਾਰੀਆਂ ਦੇ ਅਨੁਸਾਰ, 2015 ਦੇ ਭੂਚਾਲ ਦੌਰਾਨ ਵੱਡੀ ਗਿਣਤੀ ‘ਚ ਵਿਦੇਸ਼ੀ ਬਚਾਅ ਟੀਮਾਂ ਦੇ ਆਉਣ ਨਾਲ ਬਚਾਅ ਕਾਰਜਾਂ ਦੇ ਤਾਲਮੇਲ ‘ਚ ਮੁਸ਼ਕਿਲਾਂ ਪੈਦਾ ਹੋਈਆਂ। ਇਹ ਫੈਸਲਾ ਵਿਦੇਸ਼ੀ ਟੀਮਾਂ ਦੀ ਬਜਾਏ ਵਿੱਤੀ ਸਹਾਇਤਾ ਲੈਣ ਲਈ ਕੀਤਾ ਗਿਆ ਹੈ। ਭਾਰਤ ਨੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਭੇਜਣ ਦੀ ਵੀ ਪੇਸ਼ਕਸ਼ ਕੀਤੀ, ਪਰ ਨੇਪਾਲ ਨੇ ਇਨਕਾਰ ਕਰ ਦਿੱਤਾ।
Read More: ਨੇਪਾਲ-ਤਿੱਬਤ ਸਰਹੱਦ ‘ਤੇ ਆਏ ਹੜ੍ਹਾਂ ਕਾਰਨ 160 ਤੋਂ ਵੱਧ ਜਣਿਆਂ ਦੀ ਮੌਤ, ਹਜ਼ਾਰਾਂ ਲੋਕ ਲਾਪਤਾ




