300 ਯੂਨਿਟ ਮੁਫ਼ਤ ਬਿਜਲੀ ਨਾਲ ਪੰਜਾਬ ਦੇ 90% ਘਰਾਂ ਦੇ ਬਿੱਲ ਆਏ ਜ਼ੀਰੋ
ਪੰਜਾਬ ਦੇ ਸਰਬਪੱਖੀ ਵਿਕਾਸ ਲਈ ਬਿਜਲੀ, ਪਾਣੀ, ਸੜਕਾਂ ਅਤੇ ਉਦਯੋਗ ਨੂੰ ਉਤਸ਼ਾਹਿਤ ਕਰਨਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ|ਇਸੇ ਲੜੀ ਤਹਿਤ ਸਰਕਾਰ ਸੂਬੇ ਦੇ ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ, ਜਿਸਦੇ ਸਦਕਾ ਲਗਭਗ 90 ਫ਼ੀਸਦੀ ਘਰੇਲੂ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ|
ਜ਼ੀਰੋ ਬਿਜਲੀ ਬਿੱਲਾਂ ਨੇ ਪੰਜਾਬ ਦੇ ਘਰੇਲੂ ਖਪਤਕਾਰਾਂ ਨੂੰ ਵਿੱਤੀ ਰਾਹਤ ਪ੍ਰਦਾਨ ਕੀਤੀ ਹੈ|ਪਹਿਲਾਂ, ਲੋਕ ਆਪਣੀ ਬੱਚਤ ਦੇ ਪੈਸੇ ਖਰਚ ਕਰਕੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਦੇ ਸਨ, ਹੁਣ ਮੁਫ਼ਤ ਬਿਜਲੀ ਸਹੂਲਤ ਮਿਲਣ ਨਾਲ ਉਨ੍ਹਾਂ ਦੇ ਪੈਸਿਆਂ ਦੀ ਬੱਚਤ ਹੋ ਰਹੀ ਹੈ|
ਮਾਨ ਸਰਕਾਰ ਇਸ ਯੋਜਨਾ ਤਹਿਤ ਜੁਲਾਈ 2022 ਤੋਂ ਹੁਣ ਤੱਕ ਸੂਬੇ ਦੇ ਆਮ ਲੋਕਾਂ ਅਤੇ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾ ਰਹੀ ਹੈ|ਸਰਕਾਰ ਵੱਲੋਂ ਗਰਮੀਆਂ ਦੇ ਮੌਸਮ ‘ਚ ਸਭ ਤੋਂ ਵੱਧ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ|ਸੂਬਾ ਸਰਕਾਰ ਨੇ ਨਾ ਸਿਰਫ਼ 300 ਯੂਨਿਟ ਮੁਫ਼ਤ ਬਿਜਲੀ ਰਾਹੀਂ ਪਰਿਵਾਰਾਂ ਲਈ ਜ਼ੀਰੋ ਬਿਜਲੀ ਬਿੱਲ ਯਕੀਨੀ ਬਣਾਏ, ਸਗੋਂ 540 ਮੈਗਾਵਾਟ ਗੋਇੰਦਵਾਲ ਥਰਮਲ ਪਾਵਰ ਪਲਾਂਟ ਨੂੰ ਖ਼ਰੀਦ ਕੇ ਬਿਜਲੀ ਉਪਲੱਬਧਤਾ ‘ਚ ਅਹਿਮ ਸੁਧਾਰ ਕੀਤੇ ਹਨ|
ਇਸ ਯੋਜਨਾ ਨੇ ਪੰਜਾਬ ਦੇ ਕਿਸਾਨਾਂ ਲਈ ਖੇਤੀ ਕਰਨਾ ਕੁਝ ਹੱਦ ਤੱਕ ਆਸਾਨ ਬਣਾ ਦਿੱਤਾ ਹੈ|ਸਰਕਾਰ ਵੱਲੋਂ ਸੂਬੇ ਦੇ 75 ਫ਼ੀਸਦੀ ਕਿਸਾਨਾਂ ਨੂੰ ਮੁਫ਼ਤ ਤੇ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ ਅਤੇ ਝੋਨੇ ਦੇ ਸੀਜ਼ਨ ਦੌਰਾਨ ਇਹ ਵਧਾ ਕੇ 95 ਫ਼ੀਸਦੀ ਕਰ ਦਿੱਤੀ ਹੈ|ਕਿਸਾਨਾਂ ਨੂੰ ਖੇਤੀਬਾੜੀ ਲਈ 8 ਘੰਟੇ ਤੋਂ ਵੱਧ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ|
ਪੰਜਾਬ ਸਰਕਾਰ ਮੁਫ਼ਤ ਬਿਜਲੀ ਸਪਲਾਈ ਦੇ ਨਾਲ-ਨਾਲ ਸਬੰਧਿਤ ਵਿਭਾਗਾਂ ‘ਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰ ਰਹੀ ਹੈ|ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਦੇ ਮੁਤਾਬਕ ਮਾਨ ਸਰਕਾਰ ਨੇ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਪੀਐਸਪੀਸੀਐਲ ਅਤੇ ਪੀਐਸਟੀਸੀਐਲ ‘ਚ ਕੁੱਲ 9,627 ਭਰਤੀਆਂ ਕੀਤੀਆਂ ਹਨ|ਇਨ੍ਹਾਂ ‘ਚ 8,048 ਸਿੱਧੀ ਭਰਤੀ ਅਤੇ 1,579 ਤਰਸ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ|ਇਸਦੇ ਨਾਲ ਹੀ ਬਿਜਲੀ ਵਿਭਾਗ ‘ਚ ਹੋਰ ਅਸਾਮੀਆਂ ਲਈ ਭਰਤੀ ਦਾ ਸਿਲਸਿਲਾ ਜਾਰੀ ਰਹੇਗਾ|
ਇਸਤੋਂ ਇਲਾਵਾ ਮਾਨ ਸਰਕਾਰ ਵੱਲੋਂ ਬਿਜਲੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ 26 ਨਵੇਂ 66 ਕੇਵੀ ਸਬਸਟੇਸ਼ਨ ਸਥਾਪਤ ਕੀਤੇ ਹਨ ਅਤੇ ਸੂਬੇ ਭਰ ‘ਚ ਨਵੇਂ ਟ੍ਰਾਂਸਫਾਰਮਰ ਲਗਾਏ ਜਾ ਰਹੇ ਹਨ|ਇਸਦੇ ਨਾਲ ਹੀ ਸਰਕਾਰ ਨੇ ਗਰੀਨ ਊਰਜਾ ਦੀ ਵਰਤੋਂ ਨੂੰ 20 ਫ਼ੀਸਦੀ ਤੋਂ ਵਧਾ ਕੇ 80 ਫ਼ੀਸਦੀ ਕਰਨ ਦਾ ਟੀਚਾ ਮਿੱਥਿਆ ਹੈ|ਪੰਜਾਬ ਸਰਕਾਰ ਵੱਲੋਂ ਕੀਤੇ ਸੁਧਾਰਾਂ ਨੇ ਸੂਬੇ ਦੇ ਲੋਕਾਂ ਨੂੰ ਬਿਹਤਰ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਹੈ|
Read More: ਪੰਜਾਬ ਦੇ ਲੋਕਾਂ ਲਈ ਵਰਦਾਨ ਬਣੇ ਆਮ ਆਦਮੀ ਕਲੀਨਿਕ




