ਚੰਡੀਗੜ੍ਹ, 10 ਅਗਸਤ 2026: ਨਵੀਂ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਆਫ ਇੰਡੀਆ ਵਿਖੇ ਖੇਡੀ ਗਈ ਛੇਵੀਂ ਨੈਸ਼ਨਲ ਪਾਰਲੀਮੈਂਟੇਰੀਅਨਜ਼ ਬੈਡਮਿੰਟਨ ਚੈਂਪੀਅਨਸ਼ਿਪ ‘ਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਤਿੰਨ ਵਰਗਾਂ ਦੇ ਖਿਤਾਬ ਆਪਣੇ ਨਾਮ ਕਰ ਲਏ, ਇਸਦੇ ਨਾਲ ਹੀ ਇੱਕ ਵਰਗ ‘ਚ ਉਪ ਜੇਤੂ ਰਹੇ।
ਮੀਤ ਹੇਅਰ ਨੇ ਸੰਸਦ ਮੈਂਬਰ ਪੁਰਸ਼ ਸਿੰਗਲਜ਼ ਦੇ ਫ਼ਾਈਨਲ ‘ਚ ਉਦੈ ਸ੍ਰੀਨਿਵਾਸ ਨੂੰ 11-21, 21-17 ਤੇ 22-20 ਨਾਲ ਹਰਾ ਕੇ ਖਿਤਾਬ ਜਿੱਤਿਆ। ਸੰਸਦ ਮੈਂਬਰ ਪੁਰਸ਼ ਡਬਲਜ਼ ਦੇ ਫ਼ਾਈਨਲ ‘ਚ ਮੀਤ ਹੇਅਰ ਨੇ ਕੇ.ਡੀ. ਸਿੰਘ ਨਾਲ ਮਿਲ ਕੇ ਆਗਾ ਸਈਅਦ ਰੁਹੇਲਾ ਤੇ ਮੇਧਾ ਰਘੂਨੰਦੀ ਰੈਡੀ ਨੂੰ 21-13, 18-21 ਤੇ 21-14 ਨਾਲ ਹਰਾ ਕੇ ਖਿਤਾਬ ਜਿੱਤਿਆ। ਸੰਸਦ ਮੈਂਬਰ ਅਤੇ ਪਾਰਟਨਰਜ਼ ਡਬਲਜ਼ ਦੇ ਫ਼ਾਈਨਲ ਵਿੱਚ ਮੀਤ ਹੇਅਰ ਤੇ ਬਿਪਲਬ ਮਿਸ਼ਰਾ ਨੇ ਅਰਸ਼ਦ ਖਾਨ ਤੇ ਰਾਜੀਵ ਪ੍ਰਤਾਪ ਰੂਡੀ ਨੂੰ 21-10 ਤੇ 21-16 ਨਾਲ ਹਰਾਇਆ। ਸੰਸਦ ਮੈਂਬਰ ਮਿਕਸਡ ਡਬਲਜ਼ ‘ਚ ਮੀਤ ਹੇਅਰ ਤੇ ਰੰਜੀਤਾ ਰੰਜਨ ਉਪ-ਜੇਤੂ ਰਹੇ।
ਮੀਤ ਹੇਅਰ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਸੰਸਦ ਮੈਂਬਰਾਂ ਲਈ ਖੇਡਾਂ ਨਾਲ ਜੁੜਨ, ਆਪਸੀ ਸਾਂਝ ਵਧਾਉਣ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦਾ ਇੱਕ ਸ਼ਾਨਦਾਰ ਮੌਕਾ ਸੀ। ਇਸ ਯਾਦਗਾਰ ਖੇਡ ਸਮਾਗਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੈਂਪੀਅਨਸ਼ਿਪ ‘ਚ ਵੀ ਮੀਤ ਹੇਅਰ ਨੇ ਪੰਜ ਖਿਤਾਬ ਜਿੱਤੇ ਸਨ।
Read More: 5 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਆਊਟਸੋਰਸ ਕਾਮਿਆਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ




