ਹਰਿਆਣਾ,10 ਅਗਸਤ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਸਥਿਤ ਸਮਾਣਾ ਦੀ ਪਵਿੱਤਰ ਧਰਤੀ ‘ਤੇ ਕਰਵਾਏ ਗਊਂ ਕਥਾ ਅਤੇ ਗਊਂ ਮਾਤਾ ਦੀ ਸੇਵਾ ਦਾ ਇਹ ਪਵਿੱਤਰ ਪ੍ਰੋਗਰਾਮ ਭਾਰਤ ਦੀ ਮਹਾਨ ਅਧਿਆਤਮਿਕ ਅਤੇ ਸਨਾਤਨ ਪਰੰਪਰਾ ਦਾ ਭਵਿੱਖ ਗਵਾਹ ਹੈ।
ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ ਸਮਾਗਮ ਸਾਡੀ ਆਸਥਾ, ਸੇਵਾ-ਪਰੰਪਰਾ ਅਤੇ ਸਾਂਝੀ ਸੱਭਿਆਚਾਰਕ ਵਿਰਾਸਤ ਦਾ ਇੱਕ ਅਦਭੁਤ ਅਤੇ ਬੇਮਿਸਾਲ ਸੰਗਮ ਹੈ। ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਗਊਂ ਸੇਵਾ ਕਮੇਟੀ, ਐਡਵੋਕੇਟ ਐਸੋਸੀਏਸ਼ਨ ਅਤੇ ਹੋਰ ਕਈ ਸਮਾਜਿਕ ਸੰਗਠਨਾਂ ਵੱਲੋਂ ਸਮ੍ਰਿਤੀ ਚਿੰਨ੍ਹ ਅਤੇ ਸ਼ਾਲ ਭੇਟ ਕਰਕੇ ਸਵਾਗਤ ਵੀ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਹਰਿਆਣਾ ‘ਚ ਸਿਰਫ਼ 200 ਗਊਸ਼ਾਲਾਵਾਂ ਸਨ ਅਤੇ ਉਨ੍ਹਾਂ ਦਾ ਸਾਲਾਨਾ ਬਜਟ ਮਹਿਜ਼ 2 ਕਰੋੜ ਰੁਪਏ ਸੀ। ਮੌਜੂਦਾ ਸਰਕਾਰ ਦੀਆਂ ਤਰਜੀਹਾਂ ਦੇ ਸਿੱਟੇ ਵਜੋਂ ਅੱਜ ਸੂਬੇ ‘ਚ ਗਊਸ਼ਾਲਾਵਾਂ ਦੀ ਗਿਣਤੀ ਵਧ ਕੇ 650 ਹੋ ਚੁੱਕੀ ਹੈ, ਜਦੋਂ ਕਿ ਇਨ੍ਹਾਂ ਦਾ ਬਜਟ ਵਧਾ ਕੇ ਰਿਕਾਰਡ 600 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਨ੍ਹਾਂ ਗਊਸ਼ਾਲਾਵਾਂ ‘ਚ ਮੌਜੂਦਾ ਸਮੇਂ 4 ਲੱਖ ਤੋਂ ਵੱਧ ਬੇਸਹਾਰਾ ਗਊਂਵੰਸ਼ ਦਾ ਪੂਰੀ ਸ਼ਰਧਾ ਅਤੇ ਸਨਮਾਨ ਨਾਲ ਪਾਲਣ-ਪੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗਊਂਵੰਸ਼ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ, ਇਸ ਲਈ ਸੂਬੇ ਦੀਆਂ 350 ਗਊਸ਼ਾਲਾਵਾਂ ‘ਚ ਵਿਸ਼ਾਲ ਸ਼ੈੱਡ ਅਤੇ ਸੌਰ ਊਰਜਾ (ਸੋਲਰ) ਪਲਾਂਟ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਗਊਂ ਸੰਵਰਧਨ ਨੂੰ ਬੜ੍ਹਵਾ ਦੇਣ ਦੇ ਉਦੇਸ਼ ਨਾਲ ਨਵੀਆਂ ਗਊਸ਼ਾਲਾਵਾਂ ਦੀ ਸਥਾਪਨਾ ਲਈ ਜ਼ਮੀਨ ਦੀ ਰਜਿਸਟਰੀ ‘ਤੇ ਲਈ ਜਾਣ ਵਾਲੀ 1 ਫੀਸਦੀ ਸਟੈਂਪ ਡਿਊਟੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਨੌਜਵਾਨਾਂ ਦੇ ਉੱਜਵਲ ਭਵਿੱਖ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੇ ਨੌਜਵਾਨਾਂ ਨੂੰ ਨਸ਼ੇ ਦੀ ਸਮਾਜਿਕ ਬੁਰਾਈ ਤੋਂ ਬਚਾਉਣ ਲਈ ਇੱਕ ਵਿਆਪਕ ਅਤੇ ਵੱਡੀ ਮੁਹਿੰਮ ਚਲਾ ਰੱਖੀ ਹੈ। ਨਸ਼ੇ ਦੇ ਸੌਦਾਗਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਅਣਦੇਖੀ ਕਾਰਨ ਇੱਥੋਂ ਦਾ ਨੌਜਵਾਨ ਨਸ਼ੇ ਦੀ ਗ੍ਰਿਫ਼ਤ ‘ਚ ਫਸਦਾ ਜਾ ਰਿਹਾ ਹੈ, ਜਦੋਂ ਕਿ ਹਰਿਆਣਾ ‘ਚ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ 2000 ਖੇਡ ਨਰਸਰੀਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿੱਥੇ ਰੋਜ਼ਾਨਾ ਲਗਭਗ 40 ਲੱਖ ਨੌਜਵਾਨ ਅਭਿਆਸ ਕਰਦੇ ਹਨ।
ਇਸ ਖੇਡ ਨੀਤੀ ਦਾ ਨਤੀਜਾ ਹੈ ਕਿ ਹਾਲ ਹੀ ‘ਚ ਕਾਮਨਵੈਲਥ ਗੇਮਾਂ ‘ਚ ਭਾਰਤ ਵੱਲੋਂ ਜਿੱਤੇ ਗਏ ਕੁੱਲ 39 ਮੈਡਲਾਂ (13 ਗੋਲਡ) ‘ਚੋਂ ਇਕੱਲੇ ਹਰਿਆਣਾ ਦੇ ਖਿਡਾਰੀਆਂ ਨੇ 7 ਗੋਲਡ ਮੈਡਲ ਹਾਸਲ ਕੀਤੇ। ਮਾਣ ਦੀ ਗੱਲ ਹੈ ਕਿ ਇਨ੍ਹਾਂ 7 ਸੋਨ ਤਗਮੇ ‘ਚੋਂ 5 ਮੈਡਲ ਹਰਿਆਣਾ ਦੀਆਂ ਧੀਆਂ ਨੇ ਆਪਣੇ ਨਾਮ ਕਰਕੇ ਦੇਸ਼ ਅਤੇ ਸੂਬੇ ਦਾ ਨਾਂ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ਨੇ ਬੇਮਿਸਾਲ ਤਰੱਕੀ ਕੀਤੀ ਹੈ। ਸੜਕ ਅਤੇ ਰੇਲ ਕਨੈਕਟੀਵਿਟੀ ‘ਚ ਕ੍ਰਾਂਤੀਕਾਰੀ ਬਦਲਾਅ ਆਏ ਹਨ ਅਤੇ ਰਿਕਾਰਡ ਗਿਣਤੀ ‘ਚ ਨਵੇਂ ਮੈਡੀਕਲ ਕਾਲਜ, ਯੂਨੀਵਰਸਿਟੀਆਂ, ਆਈ.ਆਈ.ਟੀ. ਅਤੇ ਆਈ.ਆਈ.ਐੱਮ. ਖੋਲੇ ਗਏ ਹਨ।
ਹਰਿਆਣਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਬੇ ਦੇ 22 ‘ਚੋਂ 17 ਜ਼ਿਲ੍ਹਿਆਂ ‘ਚ ਮੈਡੀਕਲ ਕਾਲਜ ਸ਼ੁਰੂ ਹੋ ਚੁੱਕੇ ਹਨ। ਸਾਲ 2014 ਤੋਂ ਪਹਿਲਾਂ ਹਰਿਆਣਾ ਨੂੰ ਪ੍ਰਤੀ ਸਾਲ ਸਿਰਫ਼ 500 ਡਾਕਟਰ ਮਿਲਦੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਵਧ ਕੇ 3000 ਪ੍ਰਤੀ ਸਾਲ ਹੋ ਗਈ ਹੈ। ਇਸ ਦੇ ਨਾਲ ਹੀ, ਹਰਿਆਣਾ ‘ਚ ਨੌਜਵਾਨਾਂ ਨੂੰ ਬਿਨਾਂ ਕਿਸੇ ਖਰਚੀ-ਪਰਚੀ ਦੇ ਪੂਰੀ ਪਾਰਦਰਸ਼ਤਾ ਨਾਲ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਜਦੋਂ ਕਿ ਗੁਆਂਢੀ ਰਾਜ ਪੰਜਾਬ ‘ਚ ਨੌਜਵਾਨਾਂ ਨਾਲ ਨੌਕਰੀਆਂ ਦੀ ਵੰਡ ‘ਚ ਲਗਾਤਾਰ ਭੇਦਭਾਵ ਕੀਤਾ ਜਾ ਰਿਹਾ ਹੈ।
Read More: ਨਵੀਂ ਸਿੱਖਿਆ ਨੀਤੀ ਨੌਜਵਾਨਾਂ ਨੂੰ ਰੁਜ਼ਗਾਰ ਯੋਗ ਅਤੇ ਹੁਨਰਮੰਦ ਬਣਾਏਗੀ: CM ਨਾਇਬ ਸੈਣੀ




