ਦੁਬਈ, 6 ਅਗਸਤ : ਵਿਦੇਸ਼ ਤੋਂ ਇਕ ਹੋਰ ਦਿਲ ਨੂੰ ਦੁਖਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੁਬਈ ਦੇ ਸ਼ੇਖ ਜ਼ਾਏਦ ਰੋਡ ‘ਤੇ ਸਥਿਤ ਇੱਕ ਕਾਰ ਸ਼ੋਅਰੂਮ ਵਿੱਚ ਅਚਾਨਕ ਗੈਸ ਸਿਲੰਡਰ ਫਟਣ ਕਾਰਨ ਇਕ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ 5 ਹੋਰ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਏ ਹਨ।
ਮ੍ਰਿਤਕ ਦੀ ਪਛਾਣ ਸ਼ਿਜਿਨ ਪਾਲ ਵਜੋਂ ਹੋਈ ਹੈ, ਜੋ ਕਿ ਕੇਰਲ ਦੇ ਕੋਲਮ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਅਤੇ ਇਸ ਕਾਰ ਸ਼ੋਅਰੂਮ ਵਿੱਚ ਸੋਸ਼ਲ ਮੀਡੀਆ ਮੈਨੇਜਰ ਵਜੋਂ ਸੇਵਾਵਾਂ ਨਿਭਾ ਰਿਹਾ ਸੀ।
ਸ਼ੋਅਰੂਮ ਦੇ ਇਕ ਕਰਮਚਾਰੀ ਨੇ ਘਟਨਾ ਬਾਰੇ ਦੱਸਦਿਆਂ ਖੁਲਾਸਾ ਕੀਤਾ ਕਿ ਅਚਾਨਕ ਸ਼ੋਅਰੂਮ ਅੰਦਰ ਅੱਗ ਭੜਕ ਉੱਠੀ, ਜਿਸ ਤੋਂ ਬਾਅਦ ਘਬਰਾਏ ਕਰਮਚਾਰੀ ਆਪਣੀ ਜਾਨ ਬਚਾਉਣ ਲਈ ਬਾਹਰ ਵੱਲ ਭੱਜੇ।
ਇਸ ਦੌਰਾਨ ਕੁਝ ਮੁਲਾਜ਼ਮਾਂ ਨੇ ਫ਼ਾਇਰ ਐਕਸਟਿੰਗੁਇਸ਼ਰ (ਅੱਗ ਬੁਝਾਊ ਯੰਤਰ) ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਇਸੇ ਹਫੜਾ-ਦਫੜੀ ਵਿੱਚ ਗੈਸ ਸਿਲੰਡਰ ਫਟਣ ਨਾਲ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਦੀ ਲਪੇਟ ਵਿੱਚ ਆਉਣ ਨਾਲ ਸ਼ਿਜਿਨ ਪਾਲ ਦੀ ਮੌਤ ਹੋ ਗਈ ਅਤੇ 5 ਹੋਰ ਲੋਕ ਜ਼ਖ਼ਮੀ ਹੋ ਗਏ।
ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਸ਼ਿਜਿਨ ਪਾਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੂਤਾਵਾਸ ਦੇ ਅਧਿਕਾਰੀਆਂ ਅਨੁਸਾਰ ਉਹ ਲਗਾਤਾਰ ਮ੍ਰਿਤਕ ਦੇ ਪਰਿਵਾਰ ਦੇ ਸੰਪਰਕ ਵਿੱਚ ਹਨ ਅਤੇ ਸ਼ਿਜਿਨ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨਾਲ ਪੂਰਾ ਤਾਲਮੇਲ ਕੀਤਾ ਜਾ ਰਿਹਾ ਹੈ।
Read More : ਦਰਦਨਾਕ ਸੜਕ ਹਾਦਸਾ : 2 ਨੌਜਵਾਨਾਂ ਦੀ ਮੌਤ, ਔਰਤ ਦੀ ਹਾਲਤ ਨਾਜ਼ੁਕ




