ਸੁਲਤਾਨਪੁਰ ਲੋਧੀ, 6 ਅਗਸਤ : ਜ਼ਿਲਾ ਕਪੂਰਥਲਾ ਵਿਚ ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਰੋਡ ‘ਤੇ ਪਿੰਡ ਸਵਾਲ ਨੇੜੇ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਅਤੇ ਸਕੂਲ ਦੀ ਗਰਿਲ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਔਰਤ ਦੀ ਹਾਲਤ ਗੰਭੀਰ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਮਹਿੰਦਰਾ XUV500 ਨੰਬਰ PB10DT2835 ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਸੀ। ਪਿੰਡ ਸਵਾਲ ਕੋਲ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਕਿਨਾਰੇ ਦਰੱਖਤ ਅਤੇ ਸਕੂਲ ਦੀ ਗਰਿਲ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਗੱਡੀ ਦੇ ਪੁਰਜ਼ੇ ਚਾਰੇ ਪਾਸੇ ਖਿਲਰ ਗਏ।
ਇਸ ਹਾਦਸੇ ਵਿੱਚ ਰਾਹੁਲ ਗਿੱਲ ਪੁੱਤਰ ਸਤਪਾਲ ਵਾਸੀ ਪਿੰਡ ਬਿਧੀਪੁਰ, ਸੁਲਤਾਨਪੁਰ ਲੋਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਲੱਭੀ (17 ਸਾਲ) ਪੁੱਤਰ ਸੋਨੂੰ ਰਾਮ ਵਾਸੀ ਪਿੰਡ ਤਲਵੰਡੀ ਬੂਟਿਆਂ, ਜ਼ਿਲ੍ਹਾ ਜਲੰਧਰ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਅੰਜਨਾ ਰਾਣੀ (23 ਸਾਲ) ਪਤਨੀ ਰਾਹੁਲ ਗਿੱਲ ਵਾਸੀ ਪਿੰਡ ਸ਼ੰਕਰ, ਜ਼ਿਲ੍ਹਾ ਜਲੰਧਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
Read More : ਵਿਜੀਲੈਂਸ ਬਿਊਰੋ ਨੇ ਸਹਾਇਕ ਸਬ-ਇੰਸਪੈਕਟਰ ਤੇ ਐਸਐਚਓ ਦੇ ਰੀਡਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ




