ਸ਼ਹੀਦ ਊਧਮ ਸਿੰਘ

CM ਨਾਇਬ ਸੈਣੀ ਨੇ ਸਨੌਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਹਰਿਆਣਾ, 31 ਜੁਲਾਈ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਸੂਬੇ ਦੇ ਲੋਕਾਂ ਨੂੰ ਦੱਸਣ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੀਤੇ ਗਏ 56 ਐਲਾਨਾਂ ‘ਚੋਂ ਕਿੰਨੇ ਪੂਰੇ ਹੋਏ ਹਨ, ਅਗਲੀਆਂ ਚੋਣਾਂ ਹੋਣ ‘ਚ ਮਹਿਜ਼ 4 ਮਹੀਨੇ ਬਾਕੀ ਹਨ, ਕੀ ਉਹ ਸਾਰੇ ਐਲਾਨਾਂ ਨੂੰ ਪੂਰਾ ਕਰ ਦੇਣਗੇ।

ਨਾਇਬ ਸਿੰਘ ਸੈਣੀ ਅੱਜ ਪੰਜਾਬ ਦੇ ਸਨੌਰ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ 87ਵੇਂ ਸ਼ਹੀਦੀ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਸ਼ਹੀਦ ਊਧਮ ਸਿੰਘ ਨੂੰ ਨਮਨ ਕਰਦਿਆਂ ਕਿਹਾ ਕਿ ਪੰਜਾਬ ‘ਚ ਭਾਜਪਾ ਸਰਕਾਰ ਹੀ ਸ਼ਹੀਦ ਊਧਮ ਸਿੰਘ ਵੱਲੋਂ ਨੌਜਵਾਨਾਂ ਦੇ ਵਿਕਾਸ ਲਈ ਵੇਖੇ ਗਏ ਸੁਪਨਿਆਂ ਨੂੰ ਪੂਰਾ ਕਰ ਸਕਦੀ ਹੈ।

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ‘ਚ ਐਕਸਾਈਜ਼ ਇੰਸਪੈਕਟਰ ਦੀ ਭਰਤੀ ‘ਚ ਗੜਬੜੀ ਹੋਣ ਦਾ ਦੋਸ਼ ਲਗਾਉਂਦਿਆਂ ਸਰਕਾਰ ਨੂੰ ਘੇਰਿਆ ਅਤੇ ਇਸ ਨੂੰ ਪ੍ਰਤਿਭਾਵਾਨ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਕਰਾਰ ਦਿੱਤਾ।

ਸੈਣੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਅੱਜ ਵਿਰਾਸਤ ‘ਤੇ ਮਾਣ ਕਰਦਿਆਂ ਹੋਇਆ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਹਰਿਆਣਾ ‘ਚ ਸਾਡੀ ਸਰਕਾਰ ਇਸੇ ਭਾਵਨਾ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਹਿੱਤ ‘ਚ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੀ ਵਿਧਾਨ ਸਭਾ ਚੋਣ ‘ਚ ਭਾਜਪਾ ਨੇ ਆਪਣੇ ਚੋਣਾਵੀਂ ਸੰਕਲਪ-ਪੱਤਰ ‘ਚ 217 ਸੰਕਲਪ ਲਏ ਸਨ, ਜਿਨ੍ਹਾਂ ‘ਚੋਂ 70 ਸੰਕਲਪ ਤਾਂ ਮਹਿਜ਼ ਡੇਢ ਸਾਲ ‘ਚ ਹੀ ਪੂਰੇ ਕਰ ਦਿੱਤੇ ਹਨ, ਬਾਕੀ ਦੇ 147 ਸੰਕਲਪ ਵੀ ਬਹੁਤ ਛੇਤੀ ਪੂਰੇ ਕਰ ਦਿੱਤੇ ਜਾਣਗੇ।

ਉਨ੍ਹਾਂ ਪੰਜਾਬ ਦੀ ਜਨਤਾ ਨੂੰ ਸ਼ਹੀਦ ਊਧਮ ਸਿੰਘ ਦੇ ਆਦਰਸ਼ਾਂ ‘ਤੇ ਚੱਲਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਭਾਜਪਾ ਹੀ ਇਕੋ-ਇਕ ਅਜਿਹੀ ਪਾਰਟੀ ਹੈ ਜੋ ਮਹਾਂਪੁਰਖਾਂ ਦਾ ਸਤਿਕਾਰ ਕਰਕੇ ਦੇਸ਼ ਨੂੰ ਵਿਕਸਤ ਅਤੇ ਸੰਸਕਾਰਿਤ ਕਰਨ ਦੀ ਦਿਸ਼ਾ ‘ਚ ਕੰਮ ਕਰ ਰਹੀ ਹੈ।

ਸੀਐੱਮ ਨਾਇਬ ਸਿੰਘ ਸੈਣੀ ਨੇ ਸਨੌਰ ਨੂੰ ਪਾਵਨ ਧਰਤੀ ਦੱਸਿਆ ਅਤੇ ਕਿਹਾ ਕਿ ਕੁਝ ਧਰਤੀਆਂ ਸਿਰਫ਼ ਇਤਿਹਾਸ ਦਾ ਹਿੱਸਾ ਬਣਦੀਆਂ ਹਨ… ਪਰ ਕੁਝ ਧਰਤੀਆਂ ਇਤਿਹਾਸ ਘੜਦੀਆਂ ਹਨ। ਸਨੌਰ ਅਜਿਹੀ ਹੀ ਪੁੰਨਭੂਮੀ ਹੈ। ਇਹ ਸਿਰਫ਼ ਇੱਕ ਕਸਬਾ ਨਹੀਂ ਹੈ, ਸਿਰਫ਼ ਇੱਕ ਖੇਤਰ ਨਹੀਂ ਹੈ; ਇਹ ਰਾਸ਼ਟਰਭਗਤੀ ਦੀ ਰਾਜਧਾਨੀ ਹੈ। ਇਸ ਧਰਤੀ ਦੀ ਮਿੱਟੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਆਜ਼ਾਦੀ ਸਾਨੂੰ ਵਿਰਸੇ ‘ਚ ਨਹੀਂ ਮਿਲੀ, ਸਗੋਂ ਗੁਰੂਆਂ ਦੇ ਤਪ, ਵੀਰਾਂ ਦੇ ਪਰਾਕ੍ਰਮ ਅਤੇ ਸ਼ਹੀਦਾਂ ਦੇ ਬਲੀਦਾਨ ਤੋਂ ਮਿਲੀ ਹੈ।

ਉਨ੍ਹਾਂ ਸਰਦਾਰ ਊਧਮ ਸਿੰਘ ਦੇ ਜੀਵਨ ‘ਤੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਉਨ੍ਹਾਂ ਦੀ ਰਾਸ਼ਟਰਭਗਤੀ ਤੋਂ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਨਾਲ ਸਰਦਾਰ ਊਧਮ ਸਿੰਘ ਨੇ ਜਲ੍ਹਿਆਂਵਾਲਾ ਕਾਂਡ ਦੇ ਦੋਸ਼ੀ ਅੰਗਰੇਜ਼ ਅਫ਼ਸਰ ਡਾਇਰ ਨੂੰ ਲੰਡਨ ਜਾ ਕੇ ਮਾਰਿਆ ਸੀ। ਊਧਮ ਸਿੰਘ ਨੇ ਅੰਗਰੇਜ਼ ਜਨਤਾ ਅਤੇ ਅੰਗਰੇਜ਼ੀ ਸਾਮਰਾਜਵਾਦ ‘ਚ ਫ਼ਰਕ ਕੀਤਾ। ਉਨ੍ਹਾਂ ਦੀ ਲੜਾਈ ਕਿਸੇ ਧਰਮ, ਕਿਸੇ ਜਾਤੀ, ਕਿਸੇ ਦੇਸ਼ ਦੀ ਜਨਤਾ ਨਾਲ ਨਹੀਂ ਸੀ ਸਗੋਂ ਅਨਿਆਂ ਦੇ ਖ਼ਿਲਾਫ਼ ਸੀ।

ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਲੋਕਾਂ ‘ਚ ਜੋਸ਼ ਭਰਦਿਆਂ ਕਿਹਾ ਕਿ ਇੱਕ ਊਧਮ ਸਿੰਘ ਨੇ ਇੱਕੀ ਸਾਲਾਂ ਤੱਕ ਆਪਣਾ ਸੰਕਲਪ ਨਿਭਾਇਆ ਅਤੇ ਇੱਕ ਸਾਮਰਾਜ ਦੀ ਨੀਂਹ ਹਿਲਾ ਦਿੱਤੀ। ਅੱਜ ਜੇਕਰ ਸਾਢੇ ਤਿੰਨ ਕਰੋੜ ਪੰਜਾਬੀ ਆਪਣੇ ਸੰਕਲਪ ਨਿਭਾ ਲੈਣ, ਤਾਂ ਪੰਜਾਬ ਦੀ ਤਕਦੀਰ ਬਦਲਣ ਤੋਂ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ।

Read More: ਹਰਿਆਣਾ ਦੇ ਰਾਜਪਾਲ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ ਭੇਟ

ਵਿਦੇਸ਼

Scroll to Top