ਸ਼ੁੱਧ ਦੁੱਧ ਮੁਹਿੰਮ

‘ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਘਰ-ਘਰ ਹੋਵੇਗੀ ਦੁੱਧ ਦੀ ਜਾਂਚ

‘ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਤਹਿਤ ਘਰ-ਘਰ ਹੋਵੇਗੀ ਦੁੱਧ ਦੀ ਜਾਂਚ
ਸਰਕਾਰ ਨੇ ਮਿਲਾਵਟਖੋਰਾਂ ‘ਤੇ ਕੱਸਿਆ ਸ਼ਿਕੰਜਾ

ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ, ਜਿਸ ਨੂੰ ਭਾਰਤ ਦਾ ਅੰਨ ਭੰਡਾਰ ਵੀ ਕਿਹਾ ਜਾਂਦਾ ਹੈ| ਪੰਜਾਬ ਦੁੱਧ, ਪਨੀਰ, ਦਹੀਂ, ਘਿਉ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਉਤਪਾਦਨ ਲਈ ਦੇਸ਼ ਭਰ ‘ਚ ਮਸ਼ਹੂਰ ਹੈ, ਪਰ ਕੁਝ ਮਿਲਾਵਟਖੋਰ ਆਪਣੇ ਨਿੱਜੀ ਹਿੱਤਾਂ ਨੂੰ ਪੂਰਾ ਕਰਨ ਲਈ ਖਾਣ-ਪੀਣ ਦੀਆਂ ਵਸਤਾਂ ‘ਚ ਮਿਲਾਵਟ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ|ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਨ੍ਹਾਂ ਮਿਲਾਵਟਖੋਰ ‘ਤੇ ਸ਼ਿਕੰਜਾ ਕਸਣ ਲਈ ‘ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ|

ਮਾਨ ਸਰਕਾਰ ਵੱਲੋਂ ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਉਦੇਸ਼ ਦੁੱਧ ‘ਚ ਮਿਲਾਵਟਖੋਰੀ ਨੂੰ ਰੋਕਣਾ ਅਤੇ ਦੁੱਧ ਦੀ ਗੁਣਵੱਤਾ ਬਾਰੇ ਜਾਗਰੂਕਤਾ ਫੈਲਾਉਣਾ ਹੈ|ਸਰਕਾਰ ਵੱਲੋਂ ਇਸ ਮੁਹਿੰਮ ਤਹਿਤ ਇੱਕ ਟੋਲ-ਫਰੀ ਹੈਲਪਲਾਈਨ ਨੰਬਰ 1800-180-2202 ਜਾਰੀ ਕੀਤਾ ਗਿਆ ਹੈ ਅਤੇ ਇੱਕ ਨੋਡਲ ਅਫਸਰ ਵੀ ਤਾਇਨਾਤ ਕੀਤਾ ਗਿਆ ਹੈ|

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਪਹਿਲੀ ਅਪ੍ਰੈਲ 2026 ਤੋਂ ਹੁਣ ਤੱਕ 160 ਤੋਂ ਵੱਧ ਕੈਂਪਾਂ ‘ਚ 6000 ਤੋਂ ਵੱਧ ਦੁੱਧ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ| ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬ ਭਰ ਦੇ ਜ਼ਿਲ੍ਹਾ ਡਿਪਟੀ ਡਾਇਰੈਕਟਰ ਦਫ਼ਤਰਾਂ ‘ਚ ਦੁੱਧ ਦੀ ਮੁਫ਼ਤ ਜਾਂਚ ਨਿਯਮਤ ਤੌਰ ‘ਤੇ ਕੀਤੀ ਜਾ ਰਹੀ ਹੈ|ਪੰਜਾਬ ਸਰਕਾਰ ਮੁਤਾਬਕ ਚਾਰ ਮੋਬਾਈਲ ਲੈਬਾਰਟਰੀ ਵੈਨਾਂ ਪਹਿਲਾਂ ਹੀ ਘਰ-ਘਰ ਜਾ ਕੇ ਜਾਂਚ ਕਰ ਰਹੀਆਂ ਹਨ|ਇਸਤੋਂ ਇਲਾਵਾ ਸੰਬੰਧਿਤ ਵਿਭਾਗ ਦੇ ਬੇੜੇ ‘ਚ ਪੰਜ ਹੋਰ ਵੈਨਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ|

ਮਾਨ ਸਰਕਾਰ ਨੇ ਸਾਰੇ ਜ਼ਿਲ੍ਹਾ ਡੇਅਰੀ ਵਿਕਾਸ ਦਫ਼ਤਰਾਂ ਲਈ ਦੁੱਧ ’ਚ ਮਿਲਾਵਟ ਦੀ ਜਾਂਚ ਕਰਨ ਵਾਲੀਆਂ 5000 ਪੋਰਟੇਬਲ ਕਿੱਟਾਂ ਪ੍ਰਦਾਨ ਕੀਤੀਆਂ ਹਨ|ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਪੌਲੀਕਲੀਨਿਕਾਂ ਅਤੇ ਜਾਗਰੂਕਤਾ ਕੈਂਪ ਸਾਈਟਾਂ ਲਈ 500 ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ|

ਇਨ੍ਹਾਂ ਕਿੱਟਾਂ ਰਾਹੀਂ ਫੈਟ, ਐਸ.ਐਨ.ਐਫ, ਪ੍ਰੋਟੀਨ, ਯੂਰੀਆ, ਸਟਾਰਚ ਅਤੇ ਹਾਈਡ੍ਰੋਜਨ ਪਰਆਕਸਾਈਡ ਵਰਗੇ ਮਿਲਾਵਟੀ ਪਦਾਰਥਾਂ ਦੀ ਮੌਕੇ ’ਤੇ ਹੀ ਜਾਂਚ ਕੀਤੀ ਜਾਂਦੀ ਹੈ|ਇਸਦੀ ਮੱਦਦ ਨਾਲ ਕਿਸਾਨ ਅਤੇ ਅਧਿਕਾਰੀ ਮੌਕੇ ‘ਤੇ ਹੀ ਦੁੱਧ ਦੀ ਗੁਣਵੱਤਾ ਦੀ ਪਰਖ ਕਰ ਸਕਣਗੇ|ਇਸ ਮੁਹਿੰਮ ਦੇ ਸ਼ੁਰੂ ਹੋਣ ਨਾਲ ਦੁੱਧ ਦੀ ਜਾਂਚ ਲਈ ਕੇਂਦਰੀ ਲੈਬਾਂ ’ਤੇ ਨਿਰਭਰਤਾ ਘਟ ਜਾਵੇਗੀ ਅਤੇ ਮਿਲਾਵਟਖੋਰਾਂ ਖਿਲਾਫ਼ ਕਾਰਵਾਈ ਤੇਜ਼ ਹੋਵੇਗੀ|

ਡੇਅਰੀ ਕਿੱਤੇ ਨਾਲ ਜੁੜੇ ਕਿਸਾਨ ਅਤੇ ਹੋਰ ਲੋਕ ਇਸ ਮੁਹਿੰਮ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਟੇਟ ਨੋਡਲ ਅਫ਼ਸਰ ਮਨਦੀਪ ਸਿੰਘ ਨਾਲ 98784-41386 ਅਤੇ 0172-5027285 ‘ਤੇ ਸੰਪਰਕ ਕਰ ਸਕਦੇ ਹਨ|ਪੰਜਾਬ ਸਰਕਾਰ ਦੀ ‘ਸ਼ੁੱਧ ਦੁੱਧ, ਤੰਦਰੁਸਤ ਪੰਜਾਬ’ ਮੁਹਿੰਮ ਸੂਬੇ ਭਰ ਦੇ ਦੁੱਧ ਖਪਤਕਾਰਾਂ ਨੂੰ ਸੁਰੱਖਿਅਤ, ਸ਼ੁੱਧ ਦੁੱਧ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਅਤੇ ਦੁੱਧ ਦੀ ਮਿਲਾਵਟ ਨੂੰ ਰੋਕਣ ਲਈ ਵੱਡਾ ਉਪਰਾਲਾ ਹੈ|

Read More: ‘ਸੂਰਮਾ’ ਮੁਹਿੰਮ ਰੰਗਲੇ ਪੰਜਾਬ ਵੱਲ ਇੱਕ ਇਤਿਹਾਸਕ ਕਦਮ

ਵਿਦੇਸ਼

Scroll to Top