ਦੇਸ਼, 29 ਜੁਲਾਈ 2026: ਕੇਂਦਰ ਸਰਕਾਰ ਦਾ ਕਹਿਣਾ ਹੈ ਕਿ E20 ਪੈਟਰੋਲ ਦੀ ਵਰਤੋਂ ਲਈ 1 ਅਪ੍ਰੈਲ, 2005 ਤੋਂ ਲਾਗੂ BS-3 ਮਿਆਰ ਵਾਲੇ ਅਤੇ 2016 ਤੋਂ ਪਹਿਲਾਂ ਨਿਰਮਿਤ ਕੁਝ ਵਾਹਨਾਂ ‘ਚ ਕੁਝ ਰਬੜ ਦੇ ਪੁਰਜ਼ਿਆਂ ਅਤੇ ਗੈਸਕੇਟਾਂ ਨੂੰ ਬਦਲਣ ਦੀ ਲੋੜ ਪੈ ਸਕਦੀ ਹੈ।
ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ‘ਚ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਵਾਹਨ ਮਾਈਲੇਜ ‘ਤੇ E20 ਬਾਲਣ ਦੇ ਪ੍ਰਭਾਵ ਬਾਰੇ ਉਠਾਈਆਂ ਗਈਆਂ ਚਿੰਤਾਵਾਂ ਦੇ ਸੰਬੰਧ ‘ਚ, ਵਾਹਨ ਨਿਰਮਾਤਾਵਾਂ ਅਤੇ ਵਾਹਨ ਅਤੇ ਇੰਜਣ ਜਾਂਚ ਏਜੰਸੀਆਂ ਨੇ ਸਪੱਸ਼ਟ ਕੀਤਾ ਹੈ ਕਿ ਵਾਹਨ ਮਾਈਲੇਜ ਨਾ ਸਿਰਫ ਬਾਲਣ ਦੀ ਕਿਸਮ ‘ਤੇ ਨਿਰਭਰ ਕਰਦਾ ਹੈ, ਸਗੋਂ ਕਈ ਹੋਰ ਕਾਰਕਾਂ ‘ਤੇ ਵੀ ਨਿਰਭਰ ਕਰਦਾ ਹੈ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL), ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ (IIP), ਦੇਹਰਾਦੂਨ, ਸੋਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (SIAM), ਅਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ (ARAI) ਦੁਆਰਾ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ‘ਤੇ E20 ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਇੱਕ ਸਾਂਝਾ ਅਧਿਐਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਅਧਿਐਨ ‘ਚ ਕਾਰਾਂ ਅਤੇ ਦੋ-ਪਹੀਆ ਵਾਹਨਾਂ ਦੇ ਇੰਜਣਾਂ ‘ਚ ਕਿਸੇ ਵੀ ਸੋਧ ਦੀ ਕੋਈ ਲੋੜ ਨਹੀਂ ਪਾਈ ਗਈ। ਮੰਤਰੀ ਦੇ ਮੁਤਾਬਕ, ਅਧਿਐਨ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ E20 ਬਾਲਣ ਦੀ ਵਰਤੋਂ ਨਾਲ ਪੁਰਾਣੇ ਵਾਹਨਾਂ ‘ਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਦੇਖਿਆ ਗਿਆ, ਅਤੇ ਨਾ ਹੀ ਅਸਧਾਰਨ ਘਿਸਾਅ ਦੇ ਕੋਈ ਸੰਕੇਤ ਸਨ।
ਗਡਕਰੀ ਨੇ ਕਿਹਾ ਕਿ ਸ਼ੁਰੂਆਤੀ ਸਮਰੱਥਾ ਅਤੇ ਧਾਤ ਅਤੇ ਪਲਾਸਟਿਕ ਦੇ ਹਿੱਸਿਆਂ ਦੀ ਅਨੁਕੂਲਤਾ ਵਰਗੇ ਮਾਪਦੰਡਾਂ ‘ਚ ਕੋਈ ਸਮੱਸਿਆ ਨਹੀਂ ਪਾਈ ਗਈ। ਗਡਕਰੀ ਨੇ ਕਿਹਾ, “ਸਿਰਫ਼ BS-3 ਮਿਆਰ ਦੀ ਪਾਲਣਾ ਕਰਨ ਵਾਲੇ ਵਾਹਨ, ਜੋ ਕਿ 1 ਅਪ੍ਰੈਲ, 2005 ਨੂੰ ਲਾਗੂ ਹੋਇਆ ਸੀ, ਅਤੇ 2016 ਤੋਂ ਪਹਿਲਾਂ ਨਿਰਮਿਤ ਸੀ, ਉਨ੍ਹਾਂ ਨੂੰ ਕੁਝ ਰਬੜ ਦੇ ਹਿੱਸਿਆਂ ਅਤੇ ਗੈਸਕੇਟਾਂ ਨੂੰ ਬਦਲਣ ਦੀ ਲੋੜ ਪਾਈ ਗਈ। ਇਹ ਨਿਯਮਤ ਵਾਹਨ ਸੇਵਾ ਦੌਰਾਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ।”
E20 ਪੈਟਰੋਲ (80 ਫੀਸਦੀ ਪੈਟਰੋਲ ਅਤੇ 20 ਪ੍ਰਤੀਸ਼ਤ ਫੀਸਦੀ ) ਦੀ ਸ਼ੁਰੂਆਤ ਤੋਂ ਬਾਅਦ, ਵਿਰੋਧੀ ਪਾਰਟੀਆਂ ਅਤੇ ਕੁਝ ਖਪਤਕਾਰ ਸੰਗਠਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ 20 ਫੀਸਦੀ ਈਥਾਨੌਲ ਮਿਸ਼ਰਣ ਨੂੰ ਅਨੁਕੂਲ ਬਣਾਉਣ ਲਈ ਤਿਆਰ ਨਾ ਕੀਤੇ ਗਏ ਪੁਰਾਣੇ ਵਾਹਨ ਪ੍ਰਭਾਵਿਤ ਹੋ ਸਕਦੇ ਹਨ। ਆਲੋਚਕਾਂ ਨੇ ਸਵਾਲ ਕੀਤਾ ਹੈ ਕਿ ਕੀ ਸਾਰੇ ਵਾਹਨ E20-ਅਨੁਕੂਲ ਹਨ। ਉਨ੍ਹਾਂ ਨੇ ਘਟੀ ਹੋਈ ਈਂਧਨ ਕੁਸ਼ਲਤਾ, ਵਧੀ ਹੋਈ ਰੱਖ-ਰਖਾਅ ਦੀ ਲਾਗਤ ਅਤੇ ਇੰਜਣ ਜਾਂ ਈਂਧਨ ਪ੍ਰਣਾਲੀ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰੀ ਬਾਰੇ ਸਪੱਸ਼ਟਤਾ ਦੀ ਵੀ ਮੰਗ ਕੀਤੀ ਹੈ।
ਸਰਕਾਰ ਦਾ ਕਹਿਣਾ ਹੈ ਕਿ E20 ਨੂੰ ਵਿਆਪਕ ਟੈਸਟਿੰਗ ਤੋਂ ਬਾਅਦ ਪੜਾਅਵਾਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਵਾਹਨ ਨਿਰਮਾਤਾਵਾਂ ਨੇ ਕਿਹਾ ਹੈ ਕਿ E20 ਬਾਲਣ ਦੀ ਵਰਤੋਂ ਕਰਨ ਵਾਲੇ ਵਾਹਨਾਂ ਲਈ ਵਾਰੰਟੀ ਦਾਅਵਿਆਂ ਦਾ ਸਨਮਾਨ ਕੀਤਾ ਜਾਂਦਾ ਰਹੇਗਾ। ਵਿਰੋਧੀ ਧਿਰ ਨੇ ਵਾਹਨ ਅਨੁਕੂਲਤਾ ਅਤੇ ਖਪਤਕਾਰ ਸੁਰੱਖਿਆ ਉਪਾਵਾਂ ‘ਤੇ ਵਧੇਰੇ ਪਾਰਦਰਸ਼ਤਾ ਦੀ ਲਗਾਤਾਰ ਮੰਗ ਕੀਤੀ ਹੈ।
Read More: ਰਾਜ ਸਭਾ ‘ਚ ‘ਵੰਦੇ ਮਾਤਰਮ’ ਬਿੱਲ ਪਾਸ, ਰਾਸ਼ਟਰੀ ਗੀਤ ਦਾ ਅਪਮਾਨ ਕਰਨ ‘ਤੇ ਮਿਲੇਗੀ ਸਜ਼ਾ




