ਮਾਨਸੂਨ ਸੈਸ਼ਨ 2026

ਕੇਂਦਰ ਸਰਕਾਰ ਪੇਪਰ ਲੀਕ ਤੇ ਰਾਮ ਮੰਦਰ ਚੜ੍ਹਾਵੇ ਮਾਮਲੇ ‘ਤੇ ਜਵਾਬ ਦੇਵੇ: ਮੱਲਿਕਾਰਜੁਨ ਖੜਗੇ

ਦਿੱਲੀ, 20 ਜੁਲਾਈ 2026: ਸੰਸਦ ਦੇ ਮਾਨਸੂਨ ਸੈਸ਼ਨ ਸ਼ੁਰੂ ਹੋਣ ਦੇ ਨਾਲ ਹੀ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਸਿਆਸੀ ਟਕਰਾਅ ਤੇਜ਼ ਹੋ ਗਿਆ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸੈਸ਼ਨ ਦੇ ਪਹਿਲੇ ਦਿਨ ਮੋਦੀ ਸਰਕਾਰ ਵਿਰੁੱਧ ਮੋਰਚਾ ਖੋਲ੍ਹਦਿਆਂ ਸਪੱਸ਼ਟ ਕੀਤਾ ਕਿ ਵਿਰੋਧੀ ਧਿਰ ਸਦਨ ‘ਚ ਲੋਕਾਂ ਦੀ ਆਵਾਜ਼ ਬਣੇਗੀ ਅਤੇ ਹਰ ਮੋਰਚੇ ‘ਤੇ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਅਧਿਕਾਰਾਂ, ਉਨ੍ਹਾਂ ਦੀ ਆਵਾਜ਼ ਅਤੇ ਉਨ੍ਹਾਂ ਦੇ ਵਿਸ਼ਵਾਸ ਲਈ ਲੜਾਈ ਪੂਰੀ ਤਾਕਤ ਨਾਲ ਲੜੀ ਜਾਵੇਗੀ। ਵਿਰੋਧੀ ਧਿਰ ਹਰ ਮੁੱਦੇ ‘ਤੇ ਸਰਕਾਰ ਨੂੰ ਜਵਾਬਦੇਹ ਬਣਾਏਗੀ।

ਮੱਲਿਕਾਰਜੁਨ ਖੜਗੇ ਨੇ ਸ਼੍ਰੀ ਰਾਮ ਮੰਦਰ ਦੀ ਉਸਾਰੀ ‘ਤੇ ਦਾਨ ਦੀ ਚੋਰੀ ਅਤੇ ਵਿਸ਼ਵਾਸਘਾਤ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ ਕਿ ਲੱਖਾਂ ਸ਼ਰਧਾਲੂਆਂ ਨੇ ਮੰਦਰ ਦੀ ਉਸਾਰੀ ਲਈ ਆਪਣੀ ਕਮਾਈ ਦਾਨ ਕੀਤੀ ਸੀ। ਸ਼ਰਧਾਲੂ ਨਿਆਂ ਦੇ ਹੱਕਦਾਰ ਹਨ। ਖੜਗੇ ਨੇ ਮਾਮਲੇ ਦੀ ਤੁਰੰਤ ਸੁਤੰਤਰ ਜਾਂਚ ਦੀ ਮੰਗ ਕੀਤੀ ਅਤੇ ਪੂਰਾ ਲੇਖਾ-ਜੋਖਾ ਜਨਤਕ ਕੀਤਾ ਜਾਵੇ।

ਕਾਂਗਰਸ ਪ੍ਰਧਾਨ ਨੇ ਪੇਪਰ ਲੀਕ ਅਤੇ ਸਿੱਖਿਆ ਪ੍ਰਣਾਲੀ ਦੇ ਢਹਿ-ਢੇਰੀ ਹੋਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਦੋਸ਼ ਲਾਇਆ ਕਿ 2014 ਤੋਂ ਦੇਸ਼ ;ਚ 152 ਪੇਪਰ ਲੀਕ ਹੋਏ ਹਨ। ਇਨ੍ਹਾਂ ਘਟਨਾਵਾਂ ਕਾਰਨ 25 ਬੱਚਿਆਂ ਦੀ ਜਾਨ ਚਲੀ ਗਈ ਹੈ। ਖੜਗੇ ਨੇ ਇਸ ਅਸਫ਼ਲਤਾ ਲਈ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ।

ਖੜਗੇ ਨੇ 3.5 ਕਰੋੜ ਵਾਹਨ ਮਾਲਕਾਂ ‘ਤੇ ਜ਼ਬਰਦਸਤੀ ਥੋਪੇ ਜਾ ਰਹੇ ਈਥਾਨੋਲ ਮਿਸ਼ਰਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਸਰਕਾਰ ਇਸਨੂੰ “ਪ੍ਰਯੋਗ” ਕਹਿ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਜਨਤਕ ਪੈਸੇ ਦੀ ਲੁੱਟ ਕਰਨਾ ਭਾਜਪਾ ਦਾ ਇੱਕੋ ਇੱਕ ਸਾਧਨ ਹੈ। ਇਨ੍ਹਾਂ ਮੁੱਦਿਆਂ ਤੋਂ ਇਲਾਵਾ, ਵਿਰੋਧੀ ਧਿਰ ਆਉਣ ਵਾਲੇ ਬਿੱਲਾਂ ਅਤੇ ਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਮਹੱਤਵਪੂਰਨ ਮੁੱਦਿਆਂ ‘ਤੇ ਵੀ ਸਰਕਾਰ ਨੂੰ ਘੇਰੇਗੀ।

ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਬੱਚੇ ਪੇਪਰ ਲੀਕ ਦੇ ਵਿਰੋਧ ‘ਚ ਜੰਤਰ-ਮੰਤਰ ‘ਤੇ ਬੈਠੇ ਹਨ, ਪਰ ਉਨ੍ਹਾਂ ‘ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਸਾਡੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Read More: ਸੰਸਦ ਭਵਨ ਦੇ ਨੇੜੇ ਪਹੁੰਚੇ CJP ਪ੍ਰਦਰਸ਼ਨਕਾਰੀ, ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ

ਵਿਦੇਸ਼

Scroll to Top