ਆਪਸੀ ਸ਼ਰਤ ਪਈ ਭਾਰੀ, ਭਾਖੜਾ ਨਹਿਰ ‘ਚ ਨਹਾਉਂਦੇ 5 ਦੋਸਤ ਰੁੜ੍ਹੇ, 2 ਲਾਪਤਾ

ਪਟਿਆਲਾ, 13 ਜੁਲਾਈ : ਪਟਿਆਲਾ-ਨਾਭਾ ਰੋਡ ‘ਤੇ ਸਥਿਤ ਭਾਖੜਾ ਨਹਿਰ ‘ਤੇ ਐਤਵਾਰ ਸ਼ਾਮ ਨੂੰ ਇਕ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗਰਮੀ ਤੋਂ ਰਾਹਤ ਪਾਉਣ ਅਤੇ ਆਪਸੀ ਸ਼ਰਤ ਦੇ ਚੱਕਰ ਵਿਚ ਨਹਿਰ ‘ਚ ਨਹਾਉਣ ਉੱਤਰੇ ਪੰਜ ਦੋਸਤ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਗੋਤਾਖੋਰਾਂ ਦੀ ਮੁਸਤੈਦੀ ਸਦਕਾ 3 ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਦਕਿ 2 ਨੌਜਵਾਨ ਡੂੰਘੇ ਪਾਣੀ ਵਿਚ ਲਾਪਤਾ ਹੋ ਗਏ, ਜਿਨ੍ਹਾਂ ਦੀ ਤਲਾਸ਼ ਲਗਾਤਾਰ ਜਾਰੀ ਹੈ।

ਨਹਿਰ ‘ਚੋਂ ਸੁਰੱਖਿਅਤ ਬਚਾਏ ਗਏ ਨੌਜਵਾਨਾਂ ਪ੍ਰਦੀਪ ਅਤੇ ਪਰਮਵੀਰ ਮੁਤਾਬਕ ਉਹ ਪੰਜੇ ਦੋਸਤ ਐਤਵਾਰ ਸ਼ਾਮ ਨੂੰ ਘੁੰਮਣ ਲਈ ਭਾਖੜਾ ਨਹਿਰ ‘ਤੇ ਆਏ ਸਨ। ਚਸ਼ਮਦੀਦਾਂ ਅਨੁਸਾਰ ਨੌਜਵਾਨਾਂ ਵਿਚਾਲੇ ਨਹਿਰ ਦੇ ਤੇਜ਼ ਵਹਾਅ ਵਿਚ ਉਤਰਨ ਦੀ ਕੋਈ ਸ਼ਰਤ ਲੱਗੀ ਸੀ। ਬਰਸਾਤ ਦੇ ਮੌਸਮ ਕਾਰਨ ਨਹਿਰ ਵਿਚ ਪਾਣੀ ਦਾ ਪੱਧਰ ਅਤੇ ਵਹਾਅ ਬਹੁਤ ਜ਼ਿਆਦਾ ਸੀ, ਜਿਸ ਕਾਰਨ ਪਾਣੀ ਵਿਚ ਉਤਰਦਿਆਂ ਹੀ ਪੰਜੇ ਨੌਜਵਾਨ ਆਪਣਾ ਸੰਤੁਲਨ ਖੋਹ ਬੈਠੇ ਅਤੇ ਡੁੱਬਣ ਲੱਗੇ।

ਗੋਤਾਖੋਰਾਂ ਵੱਲੋਂ ਬਚਾਅ ਕਾਰਜ

ਨੌਜਵਾਨਾਂ ਨੂੰ ਡੁੱਬਦਾ ਦੇਖ ਆਸ-ਪਾਸ ਦੇ ਲੋਕਾਂ ਨੇ ਤੁਰੰਤ ਭੋਲੇ ਸ਼ੰਕਰ ਡਾਇਵਰਸ ਕਲੱਬ ਦੇ ਗੋਤਾਖੋਰਾਂ ਨੂੰ ਸੂਚਨਾ ਦਿੱਤੀ। ਕਲੱਬ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ 3 ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਪਰ ਜਦੋਂ ਤੱਕ ਬਾਕੀ 2 ਨੌਜਵਾਨਾਂ ਲਈ ਸਰਚ ਆਪ੍ਰੇਸ਼ਨ ਸ਼ੁਰੂ ਹੋਇਆ, ਉਹ ਪਾਣੀ ਦੇ ਤੇਜ਼ ਵਹਾਅ ਕਾਰਨ ਦੂਰ ਨਿਕਲ ਚੁੱਕੇ ਸਨ।

ਲਾਪਤਾ ਨੌਜਵਾਨਾਂ ਦੀ ਪਛਾਣ ਸਲੇਮਪੁਰ ਜੱਟਾਂ ਅਤੇ ਕਰਹਾਲੀ ਸਾਹਿਬ ਪਿੰਡ ਦੇ ਨਿਵਾਸੀਆਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਨੌਜਵਾਨਾਂ ਵਿਚੋਂ ਇਕ ਕਰਮਜੀਤ ਸਿੰਘ ਕਰਮਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ, ਜਿਸ ਦੇ ਪਿਤਾ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪੁਲਿਸ ਅਤੇ ਪ੍ਰਸ਼ਾਸਨ ਦੀ ਚਿਤਾਵਨੀ

ਸਥਾਨਕ ਪੁਲਿਸ ਨੇ ਘਟਨਾ ਦਾ ਨੋਟਿਸ ਲੈਂਦਿਆਂ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨਾਂ ਨੂੰ ਲੱਭਣ ਲਈ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਮਾਨਸੂਨ ਦੇ ਮੱਦੇਨਜ਼ਰ ਸਖ਼ਤ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਬਰਸਾਤ ਦੇ ਦਿਨਾਂ ਵਿਚ ਨਹਿਰਾਂ ਅਤੇ ਦਰਿਆਵਾਂ ਦਾ ਵਹਾਅ ਅਣਪਛਾਤਾ ਹੁੰਦਾ ਹੈ, ਇਸ ਲਈ ਕੋਈ ਵੀ ਵਿਅਕਤੀ ਨਹਿਰਾਂ ਦੇ ਨੇੜੇ ਨਾ ਜਾਵੇ ਅਤੇ ਨਹਾਉਣ ਦੀ ਗ਼ਲਤੀ ਬਿਲਕੁਲ ਨਾ ਕਰੇ।

Read More : ਪੰਜਾਬ ਸਰਕਾਰ ਦੇ ਸਕੂਲ ਫ਼ੀਸਾਂ ਸੰਬੰਧੀ ਲਿਆਂਦੇ ਆਰਡੀਨੈਂਸ ਨੂੰ ਰਾਜਪਾਲ ਵੱਲੋਂ ਮਿਲੀ ਮਨਜ਼ੂਰੀ

ਵਿਦੇਸ਼

Scroll to Top