118 ਸਕੂਲ ਆਫ਼ ਐਮੀਨੈਂਸ

118 ਸਕੂਲ ਆਫ਼ ਐਮੀਨੈਂਸ ਨਾਲ ਪੰਜਾਬ ਦੇ ਭਵਿੱਖ ਨੂੰ ਮਿਲੀ ਨਵੀਂ ਦਿਸ਼ਾ

118 ਸਕੂਲ ਆਫ਼ ਐਮੀਨੈਂਸ ਨਾਲ ਪੰਜਾਬ ਦੇ ਭਵਿੱਖ ਨੂੰ ਮਿਲੀ ਨਵੀਂ ਦਿਸ਼ਾ
ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇ ਲਿਆਂਦਾ ਬਦਲਾਅ

ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਿੱਖਿਆ ਖੇਤਰ ‘ਚ ਸੂਬੇ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪਹਿਲਕਦਮੀਆਂ ਜਾਰੀ ਹਨ। ਪਿਛਲੇ ਚਾਰ ਸਾਲਾਂ ਤੋਂ ਕਰੋੜਾਂ ਰੁਪਏ ਖਰਚ ਕੇ ਬੱਚਿਆਂ ਦੇ ਚੰਗੇ ਭਵਿੱਖ ਦੀ ਨੀਂਹ ਰੱਖਣ ਦਾ ਕੰਮ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦਾ ਸੁਪਨਾ ਲੈ ਕੇ ਅੱਗੇ ਵੱਧ ਰਹੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖ਼ੁਦ ‘ਪੰਜਾਬ ਸਿੱਖਿਆ ਕ੍ਰਾਂਤੀ’ ਦੀ ਯੋਗ ਅਗਵਾਈ ਕਰ ਰਹੇ ਹਨ।

ਇਸ ਮੁਹਿੰਮ ਤਹਿਤ ਸਰਕਾਰ ਨੇ ਸੂਬੇ ਦੇ 23 ਜ਼ਿਲ੍ਹਿਆਂ ‘ਚ 118 ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਹਨ, ਜੋ ਅੱਜ ਸਹੂਲਤਾਂ ਅਤੇ ਗੁਣਵੱਤਾ ਦੇ ਮਾਮਲੇ ‘ਚ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ। ਇਨ੍ਹਾਂ ਸਕੂਲਾਂ ‘ਚ ਸਾਰੇ ਵਰਗ ਦੇ ਬੱਚੇ ਇੱਕੋ ਛੱਤ ਹੇਠ ਇੱਕੋ ਕਲਾਸਰੂਮ ‘ਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਇਹ ਕਦਮ ਨਾ ਸਿਰਫ਼ ਸਿੱਖਿਆ ‘ਚ ਸਮਾਨਤਾ ਦਾ ਪ੍ਰਤੀਕ ਹੈ, ਬਲਕਿ ਸਮਾਜਿਕ ਸਦਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ। ਆਧੁਨਿਕ ਕਲਾਸਰੂਮ, ਲਾਇਬ੍ਰੇਰੀਆਂ, ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਸਾਫ਼-ਸੁਥਰੀਆਂ ਸਹੂਲਤਾਂ ਇਨ੍ਹਾਂ ਸਕੂਲਾਂ ਨੂੰ ਸਿੱਖਿਆ ਦੇ ਆਦਰਸ਼ ਕੇਂਦਰ ਬਣਾਉਂਦੀਆਂ ਹਨ।

ਸਰਕਾਰ ਵਿਦਿਆਰਥੀਆਂ ਨੂੰ ਸਮਾਰਟ ਕਲਾਸਰੂਮ, ਆਧੁਨਿਕ ਵਿਗਿਆਨ ਅਤੇ ਕੰਪਿਊਟਰ ਲੈਬਾਂ, ਖੇਡਾਂ ਦੀਆਂ ਆਧੁਨਿਕ ਸਹੂਲਤਾਂ ਅਤੇ ਡਿਜੀਟਲ ਲਰਨਿੰਗ ਦਾ ਵਧੀਆ ਮਾਹੌਲ ਦੇ ਰਹੀ ਹੈ। ਨਿੱਜੀ ਸਕੂਲਾਂ ਵਰਗੀਆਂ ਸਹੂਲਤਾਂ ਹੁਣ ਸਰਕਾਰੀ ਸਕੂਲਾਂ ‘ਚ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ਸਰਕਾਰ ਦੇ ‘ਸਕੂਲ ਆਫ਼ ਐਮੀਨੈਂਸ’ ਦੀ ਸਿੱਖਿਆ ਪ੍ਰਣਾਲੀ ਸਿਰਫ਼ ਪਾਠ-ਪੁਸਤਕਾਂ ਤੱਕ ਸੀਮਤ ਨਹੀਂ ਹੈ,ਸਗੋਂ ਵਿਦਿਆਰਥੀਆਂ ‘ਚ ਰਚਨਾਤਮਕਤਾ, ਆਲੋਚਨਾਤਮਕ ਸੋਚ ਅਤੇ ਆਤਮ-ਵਿਸ਼ਵਾਸ ਵਿਕਸਤ ਕਰਨ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਬੱਚਿਆਂ ਦੀ ਸਹੂਲਤ ਲਈ, ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਸਿੱਖਿਆ ਤੱਕ ਉਨ੍ਹਾਂ ਦੀ ਪਹੁੰਚ ਆਸਾਨ ਹੋ ਗਈ ਹੈ।

ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਨਤੀਜੇ ਆਏ ਹਨ, ਜੇ.ਈ.ਈ. ਮੇਨ ‘ਚ ਸਰਕਾਰੀ ਸਕੂਲਾਂ ਦੇ 359 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ।ਸਰਕਾਰੀ ਸਕੂਲਾਂ ਦੇ 848 ਵਿਦਿਆਰਥੀਆਂ ਨੇ ਨੀਟ ਅਤੇ 59 ਜੇ.ਈ.ਈ. ਐਡਵਾਂਸ ਵਰਗੀਆਂ ਸਖ਼ਤ ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਪੰਜਾਬ ਨੇ ਪਹਿਲੀ ਵਾਰ ਕੌਮੀ ਮੁਲਾਂਕਣ ਸਰਵੇਖਣ ‘ਚ ਕੇਰਲ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

ਮਾਨ ਸਰਕਾਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ, ਫਿਨਲੈਂਡ ਅਤੇ ਅਹਿਮਦਾਬਾਦ ਵਰਗੀਆਂ ਥਾਵਾਂ ‘ਤੇ ਪੇਸ਼ੇਵਰ ਸਿਖਲਾਈ ਲਈ ਭੇਜ ਰਹੀ ਹੈ, ਜਿਸ ਨਾਲ ਸਿੱਖਿਆ ਦੀ ਗੁਣਵੱਤਾ ਹੋਰ ਮਜ਼ਬੂਤ ਹੋਵੇਗੀ।

Read More: ਕੈਂਸਰ ਦੀ ਛੇਤੀ ਪਛਾਣ ਲਈ ਪੰਜਾਬ ਸਰਕਾਰ ਦਾ ਇਤਿਹਾਸਕ ਕਦਮ

ਵਿਦੇਸ਼

Scroll to Top