ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ

ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ ਦੇ ਤਮਗਾ ਜੇਤੂਆਂ ਨੂੰ ਕੀਤਾ ਜਾਵੇਗਾ ਸਨਮਾਨਿਤ: ਆਰਤੀ ਸਿੰਘ ਰਾਓ

ਹਰਿਆਣਾ, 24 ਜੂਨ 2026: ਹਰਿਆਣਾ ਦੀ ਸਿਹਤ ਮੰਤਰੀ ਅਤੇ ਹਰਿਆਣਾ ਪੈਰਾ ਸਪੋਰਟਸ ਐਸੋਸੀਏਸ਼ਨ ਦੀ ਪ੍ਰਧਾਨ ਆਰਤੀ ਸਿੰਘ ਰਾਓ ਨੇ ਐਲਾਨ ਕੀਤਾ ਕਿ ਜਨਵਰੀ 2026 ‘ਚ ਹੋਣ ਵਾਲੀ ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ ‘ਚ ਸੋਨ, ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤਣ ਵਾਲੇ ਐਥਲੀਟਾਂ ਨੂੰ ਛੇਤੀ ਹੀ ਇੱਕ ਵਿਸ਼ੇਸ਼ ਸਮਾਗਮ ‘ਚ ਸਨਮਾਨਿਤ ਕੀਤਾ ਜਾਵੇਗਾ।

ਆਰਤੀ ਸਿੰਘ ਰਾਓ ਅੱਜ ਚੰਡੀਗੜ੍ਹ ਵਿੱਚ ਹਰਿਆਣਾ ਪੈਰਾ ਸਪੋਰਟਸ ਐਸੋਸੀਏਸ਼ਨ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੀ ਸੀ। ਇਸ ਮੌਕੇ, ਬੈਠਕ ‘ਚ ਐਸੋਸੀਏਸ਼ਨ ਦੇ ਤਿੰਨ ਸਾਲ ਦੇ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ ਇੱਕ ਨਵੀਂ ਗਵਰਨਿੰਗ ਬਾਡੀ ਬਣਾਉਣ ਲਈ ਚੋਣਾਂ ਕਰਵਾਉਣ ਦੇ ਮੁੱਦੇ ‘ਤੇ ਵਿਸਥਾਰ ‘ਚ ਚਰਚਾ ਕੀਤੀ। ਇਹ ਵੀ ਫੈਸਲਾ ਕੀਤਾ ਗਿਆ ਕਿ ਹਰਿਆਣਾ ਰਾਜ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਸਤੰਬਰ 2026 ‘ਚ ਹੋਵੇਗੀ।

ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤਣ ਵਾਲੇ ਸਾਰੇ ਪੈਰਾ ਐਥਲੀਟਾਂ ਲਈ ਨਕਦ ਪੁਰਸਕਾਰ ਜਾਰੀ ਕਰਨ ‘ਚ ਤੇਜ਼ੀ ਲਿਆਉਣ ਲਈ ਖੇਡ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਜਾਵੇਗਾ, ਤਾਂ ਜੋ ਐਥਲੀਟਾਂ ਨੂੰ ਸਮੇਂ ਸਿਰ ਉਨ੍ਹਾਂ ਦੀ ਮਾਨਤਾ ਅਤੇ ਉਤਸ਼ਾਹ ਮਿਲ ਸਕੇ।

ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹਰਿਆਣਾ ਨੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਰਾਸ਼ਟਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਜਿੱਤੀ ਹੈ, ਜੋ ਕਿ ਰਾਜ ਦੇ ਐਥਲੀਟਾਂ ਅਤੇ ਕੋਚਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਸਾਰੇ ਐਥਲੀਟਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਬੈਠਕ ‘ਚ, ਜਨਰਲ ਸਕੱਤਰ ਜੋਤੀ ਕੁਮਾਰ ਛਾਬੜਾ ਨੇ ਸਾਲ 2025-26 ਦੌਰਾਨ ਭੁਵਨੇਸ਼ਵਰ ਅਤੇ ਚੇਨਈ ਵਿੱਚ ਹੋਈਆਂ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ, ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ, ਪੈਰਾ ਸਵੀਮਿੰਗ ਚੈਂਪੀਅਨਸ਼ਿਪ ਅਤੇ ਜੂਨੀਅਰ ਅਤੇ ਸੀਨੀਅਰ ਪੈਰਾ ਅਥਲੈਟਿਕਸ ਚੈਂਪੀਅਨਸ਼ਿਪਾਂ ਦਾ ਵਿਸਤ੍ਰਿਤ ਵੇਰਵਾ ਦਿੱਤਾ।

ਇਸ ਮੌਕੇ ਪੈਰਾ ਪਾਵਰਲਿਫਟਿੰਗ ਦੇ ਚੇਅਰਮੈਨ ਅਭਿਜੀਤ ਸਿੰਘ, ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸੰਸਥਾਪਕ ਗਿਰੀਰਾਜ ਸਿੰਘ, ਖਜ਼ਾਨਚੀ ਪਵਨ ਕੁਮਾਰ, ਅਤੇ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਹੋਰ ਅਧਿਕਾਰੀ ਧਰਮਿੰਦਰ ਸਿੰਘ, ਭੀਮ ਸਿੰਘ ਅਤੇ ਸਲੋਨੀ ਕੁਮਾਰੀ ਮੌਜੂਦ ਸਨ।

Read More: ਸ਼ਹੀਦਾਂ ਦੀ ਕੁਰਬਾਨੀ ਨੂੰ ਸਮਰਪਿਤ ਨਸੀਬਪੁਰ ਯਾਦਗਾਰ ਹੋਵੇਗੀ ਸਥਾਪਤ: CM ਨਾਇਬ ਸੈਣੀ

ਵਿਦੇਸ਼

Scroll to Top