Mukh Matri Sehat Yojana

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਔਰਤਾਂ ਨੂੰ ਸਮੇਂ ਸਿਰ ਪ੍ਰਜਨਨ ਸਿਹਤ ਸੇਵਾਵਾਂ ਤੱਕ ਆਸਾਨ ਪਹੁੰਚ ਦਾ ਮਿਲਿਆ ਲਾਭ

ਪੰਜਾਬ, 23 ਜੂਨ 2026: ਸਟੇਟ ਹੈਲਥ ਏਜੰਸੀ (SHA), ਪੰਜਾਬ ਦੇ ਅੰਕੜਿਆਂ ਮੁਤਾਬਕ, ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਕੀਤੇ ਗਏ 57 ਫੀਸਦੀ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (MTP) ਕੇਸ ਗਰਭ ਅਵਸਥਾ ਦੇ ਪਹਿਲੇ ਅੱਠ ਹਫ਼ਤਿਆਂ ਦੇ ਅੰਦਰ ਕੀਤੇ ਗਏ ਸਨ। ਹੁਣ ਤੱਕ ਦਰਜ ਕੀਤੀਆਂ ਗਈਆਂ 323 ਨਕਦ ਰਹਿਤ ਪ੍ਰਕਿਰਿਆਵਾਂ ‘ਚੋਂ, ਕੁੱਲ ₹14.86 ਲੱਖ, 185 ਕੇਸ ਗਰਭ ਅਵਸਥਾ ਦੇ ਸ਼ੁਰੂ ਵਿੱਚ ਕੀਤੇ ਗਏ ਸਨ। ਇਹ ਸੂਬੇ ਭਰ ਦੇ 800 ਤੋਂ ਵੱਧ ਸੂਚੀਬੱਧ ਹਸਪਤਾਲਾਂ ‘ਚ ਸਮੇਂ ਸਿਰ ਅਤੇ ਸੁਰੱਖਿਅਤ ਪ੍ਰਜਨਨ ਸਿਹਤ ਸੇਵਾਵਾਂ ਤੱਕ ਵਧਦੀ ਪਹੁੰਚ ਨੂੰ ਦਰਸਾਉਂਦਾ ਹੈ।

ਗਰਭਪਾਤ ਦਾ ਫੈਸਲਾ ਕਈ ਨਿੱਜੀ, ਡਾਕਟਰੀ ਅਤੇ ਸਮਾਜਿਕ-ਆਰਥਿਕ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦਾ ਹੈ। ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਪਹਿਲੇ ਅੱਠ ਹਫ਼ਤਿਆਂ ਦੇ ਅੰਦਰ ਕੀਤੇ ਗਏ MTP ਕੇਸ ਕੁੱਲ ਗਿਣਤੀ ਦੇ ਅੱਧੇ ਤੋਂ ਵੱਧ ਸਨ, ਜਿਸ ਨਾਲ ਇਹ ਯੋਜਨਾ ਅਧੀਨ ਸਭ ਤੋਂ ਵੱਧ ਵਰਤੋਂ ਵਾਲੀ ਸ਼੍ਰੇਣੀ ਬਣ ਗਈ ਹੈ।

ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਗਰਭ ਸਮਾਪਤੀ (ਐਮਟੀਪੀ) ਸੇਵਾਵਾਂ ਦੀ ਕੈਸ਼ਲੈੱਸ ਸਹੂਲਤ ਦਾ ਦਾਇਰਾ ਵਧਾਇਆ, ਉਸ ਵੇਲੇ ਅੰਕੜੇ ਸਾਹਮਣੇ ਆਏ ਹਨ। ਹੁਣ ਮਹਿਲਾਵਾਂ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਸੂਚੀਬੱਧ ਨਿੱਜੀ ਹਸਪਤਾਲਾਂ ‘ਚ ਵੀ ਬਿਨਾਂ ਕਿਸੇ ਖ਼ਰਚੇ ਦੇ ਇਹ ਸੇਵਾਵਾਂ ਹਾਸਲ ਕਰ ਸਕਦੀਆਂ ਹਨ |

ਅੰਕੜਿਆਂ ਮੁਤਾਬਕ ਜ਼ਿਆਦਾਤਰ ਲਾਭਪਾਤਰੀ ਗਰਭ ਅਵਸਥਾ ਦੇ ਸ਼ੁਰੂਆਤੀ ਪੜਾਅ ‘ਚ ਹੀ ਗਰਭਪਾਤ ਸੇਵਾਵਾਂ ਦਾ ਲਾਭ ਲੈ ਰਹੇ ਹਨ, ਜਦੋਂ ਡਾਕਟਰੀ ਪ੍ਰਕਿਰਿਆਵਾਂ ਮੁਕਾਬਲਤਨ ਘੱਟ ਜਟਿਲ ਹੁੰਦੀਆਂ ਹਨ ਅਤੇ ਸਿਹਤ ਖ਼ਤਰੇ ਵੀ ਘੱਟ ਹੁੰਦੇ ਹਨ।

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ 800 ਤੋਂ ਵੱਧ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ‘ਚ ਐਮਟੀਪੀ ਸੇਵਾਵਾਂ ਕੈਸ਼ਲੈੱਸ ਉਪਲੱਬਧ ਹਨ। ਇਸ ਯੋਜਨਾ ਦਾ ਉਦੇਸ਼ ਲੋਕਾਂ ਦੇ ਜੇਬ ਤੋਂ ਹੋਣ ਵਾਲੇ ਖ਼ਰਚ ਨੂੰ ਘਟਾਉਣਾ ਅਤੇ ਸਮੇਂ ਸਿਰ ਪ੍ਰਜਨਨ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣਾ ਹੈ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਚੀਬੱਧ ਸਿਹਤ ਸੰਸਥਾਵਾਂ ਦੇ ਹਾਲੀਆ ਵਿਸਥਾਰ ਦਾ ਉਦੇਸ਼ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਉਣਾ ਅਤੇ ਇਲਾਜ ‘ਚ ਹੋਣ ਵਾਲੀ ਦੇਰੀ ਨੂੰ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ‘ਚ ਕੈਸ਼ਲੈੱਸ ਸੇਵਾਵਾਂ ਉਪਲੱਬਧ ਕਰਵਾਉਣ ਦਾ ਉਦੇਸ਼ ਸਮੇਂ ਸਿਰ ਇਲਾਜ ਯਕੀਨੀ ਬਣਾਉਣਾ ਅਤੇ ਦੇਰੀ ਨਾਲ ਦਖ਼ਲਅੰਦਾਜ਼ੀ ਕਾਰਨ ਪੈਦਾ ਹੋਣ ਵਾਲੀਆਂ ਜਟਿਲਤਾਵਾਂ ਨੂੰ ਘਟਾਉਣਾ ਹੈ।”

ਡਾਕਟਰੀ ਮਾਹਰਾਂ ਦਾ ਮੰਨਣਾ ਹੈ ਕਿ ਡਾਕਟਰੀ ਨਿਗਰਾਨੀ ਹੇਠ ਸਮੇਂ ਸਿਰ ਗਰਭਪਾਤ ਸੇਵਾਵਾਂ ਤੱਕ ਪਹੁੰਚ ਸਿਹਤ ਖ਼ਤਰਿਆਂ ਨੂੰ ਘਟਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮਾਤਾ ਕੌਸ਼ਲਿਆ ਹਸਪਤਾਲ ਦੀ ਸੀਨੀਅਰ ਪ੍ਰਸੂਤੀ ਅਤੇ ਇਸਤਰੀ ਰੋਗ ਮਾਹਿਰ ਡਾ. ਰਮਿਤਾ ਅੱਗਰਵਾਲ ਨੇ ਕਿਹਾ ਕਿ ਨਿਰਧਾਰਤ ਗਰਭਕਾਲੀ ਸੀਮਾ ਦੇ ਅੰਦਰ ਡਾਕਟਰੀ ਨਿਗਰਾਨੀ ਹੇਠ ਕੀਤਾ ਗਰਭ ਸਮਾਪਨ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਇਲਾਜ ਲੈਣ ‘ਚ ਦੇਰੀ ਅਕਸਰ ਆਰਥਿਕ ਮੁਸ਼ਕਿਲਾਂ, ਜਾਗਰੂਕਤਾ ਦੀ ਘਾਟ ਅਤੇ ਸਮਾਜਿਕ ਰੁਕਾਵਟਾਂ ਨਾਲ ਜੁੜੀ ਹੁੰਦੀ ਹੈ, ਜਿਸ ਕਾਰਨ ਕਈ ਵਾਰ ਮਹਿਲਾਵਾਂ ਅਸੁਰੱਖਿਅਤ ਤਰੀਕਿਆਂ ਜਾਂ ਖ਼ੁਦ ਦਵਾਈ ਲੈਣ ਦਾ ਸਹਾਰਾ ਲੈਂਦੀਆਂ ਹਨ। ਉਨ੍ਹਾਂ ਕਿਹਾ, “ਸੁਰੱਖਿਆ ਯਕੀਨੀ ਬਣਾਉਣ ਲਈ ਕਿਸੇ ਵੀ ਦਵਾਈ ਜਾਂ ਪ੍ਰਕਿਰਿਆ ਤੋਂ ਪਹਿਲਾਂ ਹਰ ਮਾਮਲੇ ਦਾ ਉਚਿਤ ਡਾਕਟਰੀ ਮੁਲਾਂਕਣ ਲਾਜ਼ਮੀ ਹੈ।”

ਡਾ. ਰਮਿਤਾ ਅਗਰਵਾਲ ਨੇ ਗਰਭਪਾਤ ਕਰਵਾਉਣ ਦੇ ਕੁਝ ਆਮ ਕਾਰਨ ਵੀ ਸਾਂਝੇ ਕੀਤੇ:

ਗਰਭਨਿਰੋਧਕ ਸਾਧਨਾਂ ਦਾ ਪ੍ਰਭਾਵਸ਼ਾਲੀ ਨਾ ਹੋਣਾ: ਕੰਡੋਮ, ਆਈਯੂਡੀ ਜਾਂ ਹੋਰ ਗਰਭਨਿਰੋਧਕ ਸਾਧਨਾਂ ਦਾ ਉਮੀਦ ਮੁਤਾਬਕ ਪ੍ਰਭਾਵਸ਼ਾਲੀ ਨਾ ਹੋਣਾ।

ਅਣਯੋਜਿਤ ਜਾਂ ਅਣਚਾਹੀ ਗਰਭ ਅਵਸਥਾ: ਜਦੋਂ ਮਹਿਲਾ ਜਾਂ ਦੰਪਤੀ ਬੱਚੇ ਲਈ ਤਿਆਰ ਨਾ ਹੋਵੇ।

ਆਰਥਿਕ ਕਾਰਨ: ਜਨਮ ਅਤੇ ਬੱਚੇ ਦੀ ਪਰਵਰਿਸ਼ ਨਾਲ ਜੁੜੇ ਖ਼ਰਚਿਆਂ ਬਾਰੇ ਚਿੰਤਾਵਾਂ।

ਮਾਂ ਦੀ ਸਿਹਤ ਨਾਲ ਸੰਬੰਧਿਤ ਖ਼ਤਰੇ: ਗਰਭ ਅਵਸਥਾ ਜਾਰੀ ਰਹਿਣ ਨਾਲ ਮਹਿਲਾ ਦੀ ਸਰੀਰਕ ਸਿਹਤ ਨੂੰ ਖ਼ਤਰਾ ਹੋਣਾ।

ਭ੍ਰੂਣ ‘ਚ ਗੰਭੀਰ ਅਸਧਾਰਨਤਾਵਾਂ: ਭ੍ਰੂਣ ‘ਚ ਗੰਭੀਰ ਜਨਮਜਾਤ ਜਾਂ ਡਾਕਟਰੀ ਸਮੱਸਿਆਵਾਂ ਦਾ ਪਤਾ ਲੱਗਣਾ।

ਨਿੱਜੀ, ਸਿੱਖਿਆ ਜਾਂ ਕਰੀਅਰ ਨਾਲ ਸੰਬੰਧਿਤ ਕਾਰਨ: ਗਰਭ ਅਵਸਥਾ ਦਾ ਪੜ੍ਹਾਈ, ਨੌਕਰੀ ਜਾਂ ਜੀਵਨ ਦੀਆਂ ਹੋਰ ਯੋਜਨਾਵਾਂ ’ਤੇ ਅਸਰ ਪੈਣਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਵਿਸਥਾਰ ਪ੍ਰਜਨਨ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਕੈਸ਼ਲੈੱਸ ਸਿਹਤ ਸੇਵਾਵਾਂ ਦੀ ਵਧ ਰਹੀ ਭੂਮਿਕਾ ਨੂੰ ਦਰਸਾਉਂਦਾ ਹੈ। ਇਹ ਆਰਥਿਕ ਰੁਕਾਵਟਾਂ ਨੂੰ ਘਟਾ ਕੇ ਅਤੇ ਸੰਸਥਾਗਤ ਸਿਹਤ ਸੇਵਾਵਾਂ ਤੱਕ ਪਹੁੰਚ ਵਧਾ ਕੇ ਬਿਹਤਰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ‘ਚ ਮੱਦਦ ਕਰ ਰਿਹਾ ਹੈ।

Read More: ਬਾਦਲ ਪਰਿਵਾਰ ਦੇ ਕਾਲੇ ਕਾਰਨਾਮੇ ਇੱਕ-ਇੱਕ ਕਰਕੇ ਜਨਤਕ ਕੀਤੇ ਜਾਣਗੇ: CM ਭਗਵੰਤ ਮਾਨ

ਵਿਦੇਸ਼

Scroll to Top