ਅੰਤਰਰਾਸ਼ਟਰੀ ਯੋਗ ਦਿਵਸ 2026

ਅੰਤਰਰਾਸ਼ਟਰੀ ਯੋਗ ਦਿਵਸ ਦਾ ਇਤਿਹਾਸਕ ਪਿਛੋਕੜ, ਪੜ੍ਹੋ ਯੋਗ ਦੇ ਫ਼ਾਇਦੇ

ਅੰਤਰਰਾਸ਼ਟਰੀ ਯੋਗ ਦਿਵਸ 2026: ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਭਰ ‘ਚ ‘ਅੰਤਰਰਾਸ਼ਟਰੀ ਯੋਗ ਦਿਵਸ’ (International Yoga Day) ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਯੋਗਾ ਭਾਰਤ ਦੀ ਇੱਕ ਪ੍ਰਾਚੀਨ ਅਤੇ ਅਨਮੋਲ ਪਰੰਪਰਾ ਹੈ, ਜੋ ਕੇਵਲ ਸਰੀਰਕ ਕਸਰਤ ਨਹੀਂ, ਬਲਕਿ ਮਨ, ਸਰੀਰ ਅਤੇ ਆਤਮਾ ਨੂੰ ਇੱਕ ਸੂਤਰ ‘ਚ ਪਰੋਣ ਦਾ ਵਿਗਿਆਨ ਹੈ।

ਅੱਜ ਇਹ ਭਾਰਤ ਦੀ ਸਰਹੱਦਾਂ ਪਾਰ ਕਰਕੇ ਇੱਕ ਅੰਤਰਰਾਸ਼ਟਰੀ ਪਛਾਣ ਬਣ ਚੁੱਕਾ ਹੈ। ਯੋਗ ਜਿਸਨੂੰ ਅਕਸਰ ਯੋਗਾ ਵੀ ਕਿਹਾ ਜਾਂਦਾ ਹੈ, ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਯੁਜ’ ਤੋਂ ਬਣਿਆ ਹੈ, ਜਿਸਦਾ ਅਰਥ ਹੈ ਜੁੜਨਾ ਯਾ ਜੋੜਨਾ, ਅਧਿਆਤਮਿਕ ਅਤੇ ਸ਼ਰੀਰਕ ਤੌਰ ‘ਤੇ ਇਹ ਜੋੜਦਾ ਹੈ।

ਅੰਤਰਰਾਸ਼ਟਰੀ ਯੋਗ ਦਿਵਸ 2026 ਅਤੇ ਇਤਿਹਾਸਕ ਪਿਛੋਕੜ

ਅੰਤਰਰਾਸ਼ਟਰੀ ਯੋਗਾ ਦਿਵਸ

ਇਸ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ (UNGA) ‘ਚ ਆਪਣੇ ਭਾਸ਼ਣ ਦੌਰਾਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ ਸੀ।

ਇਸ ਪ੍ਰਸਤਾਵ ਨੂੰ ਰਿਕਾਰਡ 177 ਦੇਸ਼ਾਂ ਦਾ ਸਮਰਥਨ ਮਿਲਿਆ ਅਤੇ 11 ਦਸੰਬਰ 2014 ਨੂੰ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਵਜੋਂ ਘੋਸ਼ਿਤ ਕਰ ਦਿੱਤਾ। ਪਹਿਲਾ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ।

ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਹੀ ਕਿਉਂ ਮਨਾਇਆ ਜਾਂਦਾ ਹੈ?

21 ਜੂਨ ਉੱਤਰੀ ਗੋਲਾਰਧ (Northern Hemisphere) ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ, ਜਿਸ ਨੂੰ ‘ਗਰਮੀ ਦਾ ਸੰਕ੍ਰਾਂਤੀ ਦਿਨ’ (Summer Solstice) ਕਿਹਾ ਜਾਂਦਾ ਹੈ। ਭਾਰਤੀ ਸੰਸਕ੍ਰਿਤੀ ‘ਚ ਇਸ ਸਮੇਂ ਦਾ ਖ਼ਾਸ ਅਧਿਆਤਮਿਕ ਮਹੱਤਵ ਹੈ, ਜਿਸ ਕਾਰਨ ਇਸ ਦਿਨ ਨੂੰ ਚੁਣਿਆ ਗਿਆ।

ਯੋਗ ਦੇ ਫ਼ਾਇਦੇ

ਯੋਗ ਦਿਵਸ

ਯੋਗਾ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਹੁਤ ਸਕਾਰਾਤਮਕ ਬਦਲਾਅ ਲਿਆਉਂਦਾ ਹੈ। ਇਸ ਦੇ ਮੁੱਖ ਫ਼ਾਇਦੇ ਹੇਠ ਲਿਖੇ ਅਨੁਸਾਰ ਹਨ |

ਸਰੀਰਕ ਲਚਕਤਾ ਅਤੇ ਮਜ਼ਬੂਤੀ: ਵੱਖ-ਵੱਖ ਆਸਣ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ ਅਤੇ ਰੀੜ੍ਹ ਦੀ ਹੱਡੀ ਨੂੰ ਲਚਕਦਾਰ ਬਣਾਉਂਦੇ ਹਨ ਜਿਸ ਕਾਰਨ ਸਰੀਰ ‘ਚ ਅਕੜਾਵ ਘੱਟਦਾ ਹੈ।

ਮਾਨਸਿਕ ਸ਼ਾਂਤੀ ਅਤੇ ਤਣਾਅ ਤੋਂ ਮੁਕਤੀ: ਪ੍ਰਾਣਾਯਾਮ (ਸਾਹ ਦੀਆਂ ਕਿਰਿਆਵਾਂ) ਅਤੇ ਧਿਆਨ (Meditation) ਨਾਲ ਮਾਨਸਿਕ ਤਣਾਅ, ਚਿੰਤਾ (Anxiety) ਅਤੇ ਡਿਪਰੈਸ਼ਨ ਘੱਟ ਹੁੰਦਾ ਹੈ।

ਬਿਮਾਰੀਆਂ ਤੋਂ ਬਚਾਅ: ਨਿਯਮਿਤ ਯੋਗਾ ਕਰਨ ਨਾਲ ਬਲੱਡ ਪ੍ਰੈਸ਼ਰ, ਸ਼ੂਗਰ (Diabetes), ਮੋਟਾਪਾ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਕੰਟਰੋਲ ‘ਚ ਰੱਖਿਆ ਜਾ ਸਕਦਾ ਹੈ।

ਇਕਾਗਰਤਾ ‘ਚ ਵਾਧਾ: ਵਿਦਿਆਰਥੀਆਂ ਅਤੇ ਨੌਕਰੀਪੇਸ਼ਾ ਲੋਕਾਂ ਲਈ ਯੋਗਾ ਦਿਮਾਗ ਦੀ ਕਾਰਜਸ਼ੀਲਤਾ ਅਤੇ ਇਕਾਗਰਤਾ ਵਧਾਉਣ ‘ਚ ਬਹੁਤ ਮੱਦਦਗਾਰ ਹੈ। ਸਕੂਲੀ ਵਿਦਿਆਰਥੀਆਂ ਖਾਸ ਕਰ ਚੰਚਲ ਮਨ ਵਾਲੇ ਬੱਚਿਆਂ ਨੂੰ ਜੇਕਰ ਯੋਗਾ ਕਰਵਾਇਆ ਜਾਵੇ ਤਾਂ ਇਸ ਨਾਲ ਉਸ ‘ਚ ਪੜ੍ਹਾਈ ਉੱਤੇ ਫੋਕਸ ਕਰਨ ਦੀ ਸਮਰਥਾ ਵਧਦੀ ਹੈ ਅਤੇ ਬੱਚੇ ਆਪਣੇ ਟਾਰਗਟ ਪ੍ਰਾਪਤ ਕਰਦੇ ਹਨ । ਯੋਗਾ ਆਸਨ ਖਿਡਾਰੀਆਂ ‘ਚ ਲਚਕੀਲਾਪਨ ਲਿਆਉਣ ਦੇ ਨਾਲ ਨਾਲ ਉਹਨਾਂ ‘ਚ ਇਕਾਗਰਤਾ ਵੀ ਵਧਾਉਂਦੇ ਹਨ।

ਯੋਗ ਦੇ ਮੁੱਖ ਪੜਾਅ

ਅੰਤਰਰਾਸ਼ਟਰੀ ਯੋਗ ਦਿਵਸ 2026

ਯੋਗਾ ਕੇਵਲ ਆਸਣਾਂ ਤੱਕ ਸੀਮਤ ਨਹੀਂ ਹੈ, ਇਸ ‘ਚ ਮੁੱਖ ਤੌਰ ‘ਤੇ ਤਿੰਨ ਚੀਜ਼ਾਂ ਸ਼ਾਮਲ ਹਨ:
ਅਸ਼ਟਾਂਗ ਯੋਗ- ਇਸ ‘ਚ ਯੋਗ ਦੇ ਅੱਠ ਮੁੱਖ ਪੜਾਅ ਦੱਸੇ ਗਏ ਹਨ :
ਯਮ (Yama): ਅਹਿੰਸਾ, ਸੱਚ, ਚੋਰੀ ਨਾ ਕਰਨਾ।
ਨਿਯਮ (Niyama): ਸਰੀਰਕ ਸ਼ੁੱਧੀ, ਸੰਤੋਖ ਅਤੇ ਸਵੈ-ਅਨੁਸ਼ਾਸਨ।
ਆਸਣ (Asana): ਸਰੀਰ ਨੂੰ ਤੰਦਰੁਸਤ ਰੱਖਣ ਲਈ ਵੱਖ-ਵੱਖ ਮੁਦਰਾਵਾਂ।
ਪ੍ਰਾਣਾਯਾਮ (Pranayama): ਸਾਹ ਲੈਣ ਦੀ ਕਸਰਤ ਜਿਸ ਨਾਲ ਮਨ ਸ਼ਾਂਤ ਹੁੰਦਾ ਹੈ।
ਪ੍ਰਤਿਆਹਾਰ (Pratyahara): ਇੰਦਰੀਆਂ ਨੂੰ ਕਾਬੂ ਕਰਨਾ।
ਧਾਰਨਾ (Dharana): ਮਨ ਨੂੰ ਇਕਾਗਰ ਕਰਨਾ।
ਧਿਆਨ (Dhyana): ਮੈਡੀਟੇਸ਼ਨ ਜਾਂ ਲਗਾਤਾਰ ਧਿਆਨ ਲਗਾਉਣਾ।
ਸਮਾਧੀ (Samadhi): ਅੰਤਮ ਅਵਸਥਾ ਜਾਂ ਆਤਮਿਕ ਗਿਆਨ।

ਯੋਗ ਆਸਣਾਂ ਦੇ ਫ਼ਾਇਦੇ:-

ਵਜਰਾਸਨ : ਇਹ ਆਸਣ ਖਾਣਾ ਖਾਣ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ। ਇਹ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ।

ਭੁਜੰਗਾਸਨ : ਕਮਰ ਦੇ ਦਰਦ ਨੂੰ ਦੂਰ ਕਰਦਾ ਹੈ ਅਤੇ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਬਣਾਉਂਦਾ ਹੈ।

ਸ਼ਵਾਸਨ: ਸਾਰੇ ਸਰੀਰ ਨੂੰ ਆਰਾਮ ਦਿੰਦਾ ਹੈ ਅਤੇ ਅਨੀਂਦਰਾ ਵਰਗੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ।

ਅੰਤਰਰਾਸ਼ਟਰੀ ਯੋਗ ਦਿਵਸ 2026 ਸਾਨੂੰ ਯਾਦ ਦਿਵਾਉਂਦਾ ਹੈ ਕਿ ਸਿਹਤ ਹੀ ਸਭ ਤੋਂ ਵੱਡਾ ਧਨ ਹੈ। ਅੱਜ ਦੀ ਮਸ਼ੀਨੀ ਜ਼ਿੰਦਗੀ ‘ਚ ਜਿੱਥੇ ਇਨਸਾਨ ਖੁਦ ਲਈ ਸਮਾਂ ਨਹੀਂ ਕੱਢ ਪਾ ਰਿਹਾ, ਉੱਥੇ ਰੋਜ਼ਾਨਾ ਸਿਰਫ਼ 20-30 ਮਿੰਟ ਯੋਗਾ ਕਰਕੇ ਇੱਕ ਨਿਰੋਗ ਅਤੇ ਖੁਸ਼ਹਾਲ ਜੀਵਨ ਜੀਵਿਆ ਜਾ ਸਕਦਾ ਹੈ। ਆਓ, ਇਸ ਯੋਗਾ ਦਿਵਸ ‘ਤੇ ਅਸੀਂ ਸਭ ਪ੍ਰਣ ਕਰੀਏ ਕਿ ਯੋਗ ਨੂੰ ਕੇਵਲ ਇੱਕ ਦਿਨ ਲਈ ਨਹੀਂ, ਬਲਕਿ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਦਾ ਹਿੱਸਾ ਬਣਾਵਾਂਗੇ।

ਡਾਕਟਰ ਵਰਿੰਦਰ ਕੁਮਾਰ,
ਸੁਨਾਮ ਊਧਮ ਸਿੰਘ ਵਾਲਾ

Read More: ਮਰਦਾਂ ‘ਚ ਪ੍ਰੋਸਟੇਟ ਕੈਂਸਰ ਕੀ ਹੈ ? ਜਾਣੋ ਲੱਛਣ, ਕਾਰਨ ਅਤੇ ਇਲਾਜ

ਵਿਦੇਸ਼

Scroll to Top