ਮੁੱਖ ਮੰਤਰੀ ਸਿਹਤ ਯੋਜਨਾ

15 ਕਰੋੜ ਭਾਰਤੀਆਂ ਨੂੰ ਮਾਨਸਿਕ ਸਿਹਤ ਸਹਾਇਤਾ ਦੀ ਲੋੜ, ਪੰਜਾਬ ‘ਚ ਮਾਨਸਿਕ ਰੋਗਾਂ ਦਾ ਹੋ ਰਿਹਾ ਮੁਫ਼ਤ ਇਲਾਜ: ਡਾ. ਬਲਬੀਰ ਸਿੰਘ

ਚੰਡੀਗੜ੍ਹ, 18 ਜੂਨ 2026: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਨਸਿਕ ਸਿਹਤ ਨਾਲ ਸਬੰਧਿਤ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮੁਫ਼ਤ ਇਲਾਜ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਇਲਾਜ ‘ਚ ਆਉਣ ਵਾਲੀਆਂ ਆਰਥਿਕ ਰੁਕਾਵਟਾਂ ਨੂੰ ਘਟਾਉਣਾ ਅਤੇ ਲੋਕਾਂ ਨੂੰ ਸਮੇਂ ਸਿਰ ਇਲਾਜ ਲਈ ਪ੍ਰੇਰਿਤ ਕਰਨਾ ਹੈ|

ਸਿਹਤ ਮੰਤਰੀ ਦੇ ਮੁਤਾਬਕ ਇਸ ਯੋਜਨਾ ਤਹਿਤ ਸਿਜ਼ੋਫਰੀਨੀਆ, ਡਿਪ੍ਰੈਸ਼ਨ, ਬਾਈਪੋਲਰ ਡਿਸਆਰਡਰ, ਐਂਜ਼ਾਇਟੀ ਡਿਸਆਰਡਰ, ਤਣਾਅ ਨਾਲ ਜੁੜੀਆਂ ਸਮੱਸਿਆਵਾਂ ਅਤੇ ਨਸ਼ਾਖ਼ੋਰੀ ਨਾਲ ਸਬੰਧਿਤ ਮਾਨਸਿਕ ਸਿਹਤ ਸਥਿਤੀਆਂ ਸਮੇਤ ਕਈ ਮਾਨਸਿਕ ਰੋਗਾਂ ਦਾ ਇਲਾਜ ਸ਼ਾਮਲ ਹੈ। ਮੰਤਰੀ ਨੇ ਕਿਹਾ ,‘‘ਸਰਕਾਰੀ ਹਸਪਤਾਲਾਂ ‘ਚ ਇਲੈਕਟ੍ਰੋਕਨਵਲਸਿਵ ਥੈਰੇਪੀ (ਈਸੀਟੀ), ਟ੍ਰਾਂਸਕ੍ਰੇਨੀਅਲ ਮੈਗਨੈਟਿਕ ਸਟੀਮੂਲੇਸ਼ਨ ਵਰਗੀਆਂ ਉੱਨਤ ਇਲਾਜ ਸਹੂਲਤਾਂ ਅਤੇ ਲੋੜੀਂਦੀਆਂ ਜਾਂਚ ਵਿਧੀਆਂ ਵੀ ਮਨਜ਼ੂਰਸ਼ੁਦਾ ਪੈਕੇਜ ਹੇਠ ਕਵਰ ਕੀਤੀ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਭਾਰਤ ‘ਚ ਮਾਨਸਿਕ ਸਿਹਤ ਅੱਜ ਵੀ ਇੱਕ ਗੰਭੀਰ ਜਨ ਸਿਹਤ ਚੁਣੌਤੀ ਬਣੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਅਤੇ ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ (ਨਿਮਹਾਂਸ, 2016) ਮੁਤਾਬਕ ਦੇਸ਼ ‘ਚ ਲਗਭੱਗ 15 ਤੋਂ 20 ਕਰੋੜ ਲੋਕ ਡਿਪ੍ਰੈਸ਼ਨ, ਐਂਜ਼ਾਇਟੀ ਅਤੇ ਹੋਰ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਹਾਲਾਂਕਿ ਸਮਾਜ ਦੇ ਨਕਾਰਾਤਮਕ ਦ੍ਰਿਸ਼ਟੀਕੋਣ , ਜਾਗਰੂਕਤਾ ਦੀ ਘਾਟ ਅਤੇ ਖ਼ਾਸ ਕਰਕੇ ਪੇਂਡੂ ਅਤੇ ਨੀਮ-ਸ਼ਹਿਰੀ ਖੇਤਰਾਂ ‘ਚ ਮਾਨਸਿਕ ਸਿਹਤ ਮਾਹਰਾਂ ਦੀ ਕਮੀ ਕਾਰਨ ਬਹੁਤ ਸਾਰੇ ਲੋਕ ਹਾਲੇ ਵੀ ਸਮੇਂ ਸਿਰ ਇਲਾਜ ਨਹੀਂ ਕਰਵਾ ਸਕਦੇ।

ਡਾ. ਬਲਬੀਰ ਸਿੰਘ ਨੇ ਕਿਹਾ, “ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਦੇ ਬਰਾਬਰ ਤਰਜੀਹ ਮਿਲਣੀ ਚਾਹੀਦੀ ਹੈ। ਡਿਪ੍ਰੈਸ਼ਨ, ਸਿਜ਼ੋਫਰੀਨੀਆ, ਬਾਈਪੋਲਰ ਡਿਸਆਰਡਰ ਅਤੇ ਐਂਜ਼ਾਇਟੀ ਵਰਗੀਆਂ ਬੀਮਾਰੀਆਂ ਦਾ ਪ੍ਰਭਾਵੀ ਇਲਾਜ ਸੰਭਵ ਹੈ, ਇਸ ਲਈ ਲੋਕਾਂ ਨੂੰ ਮਾਹਿਰ ਸਹਾਇਤਾ ਲੈਣ ‘ਚ ਦੇਰੀ ਨਹੀਂ ਕਰਨੀ ਚਾਹੀਦੀ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੈਸ਼ਲੈੱਸ ਇਲਾਜ ਦੀ ਸਹੂਲਤ ਕਾਰਨ ਵੱਧ ਮਰੀਜ਼ ਬੀਮਾਰੀ ਦੇ ਸ਼ੁਰੂਆਤੀ ਪੜਾਅ ‘ਚ ਹੀ ਇਲਾਜ ਲਈ ਅੱਗੇ ਆ ਰਹੇ ਹਨ, ਜਿਸ ਨਾਲ ਰੋਗ ਦੀ ਪਛਾਣ ਅਤੇ ਇਲਾਜ ‘ਚ ਹੋਣ ਵਾਲੀ ਦੇਰੀ ਘਟ ਰਹੀ ਹੈ।”

ਸਿਹਤ ਮੰਤਰੀ ਨੇ ਮਾਨਸਿਕ ਸਿਹਤ ਨਾਲ ਸਬੰਧਿਤ ਲੱਛਣ ਮਹਿਸੂਸ ਕਰਨ ਵਾਲੇ ਲੋਕਾਂ ਨੂੰ ਸਮੇਂ ਸਿਰ ਸਰਕਾਰੀ ਸਿਹਤ ਸੰਸਥਾਵਾਂ ‘ਚ ਇਲਾਜ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸ਼ੁਰੂਆਤੀ ਇਲਾਜ ਨਾਲ ਲੰਬੇ ਸਮੇਂ ਦੀਆਂ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ,‘‘ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ ਉਪਲੱਬਧ 2300 ਪ੍ਰਕਿਰਿਆਵਾਂ ‘ਚੋਂ 81 ਪ੍ਰਕਿਰਿਆਵਾਂ ਮਾਨਸਿਕ ਸਿਹਤ ਸਬੰਧੀ ਪੈਕੇਜ ਲਈ ਰਾਖਵੀਆਂ ਹਨ।’’

ਡਾ. ਬਲਬੀਰ ਸਿੰਘ ਮੁਤਾਬਕ “ਤਣਾਅ, ਡਿਪ੍ਰੈਸ਼ਨ ਅਤੇ ਐਂਜ਼ਾਇਟੀ ਵਰਗੀਆਂ ਸਮੱਸਿਆਵਾਂ ਅਕਸਰ ਸਾਡੀ ਰੋਜ਼ਾਨਾ ਦੀ ਜੀਵਨਸ਼ੈਲੀ ਨਾਲ ਜੁੜੀਆਂ ਹੁੰਦੀਆਂ ਹਨ। ‘ ਸੀਐਮ ਦੀ ਯੋਗਸ਼ਾਲਾ’ ਰਾਹੀਂ ਅਸੀਂ ਯੋਗ ਨੂੰ ਮਾਨਸਿਕ ਸਿਹਤ, ਜਜ਼ਬਾਤਾਂ ਦੇ ਸੰਤੁਲਨ ਅਤੇ ਸਿਹਤਮੰਦ ਜੀਵਨ ਲਈ ਇੱਕ ਪ੍ਰਭਾਵੀ ਸਾਧਨ ਵਜੋਂ ਉਤਸ਼ਾਹਿਤ ਕਰ ਰਹੇ ਹਾਂ। ਸ਼ਾਂਤ ਮਨ ਹੀ ਤੰਦਰੁਸਤ ਦਿਲ ਦਾ ਅਧਾਰ ਹੁੰਦਾ ਹੈ ਅਤੇ ਅਸੀਂ ਸਭ ਮਿਲ ਕੇ ਇੱਕ ਸਿਹਤਮੰਦ ਪੰਜਾਬ ਦਾ ਨਿਰਮਾਣ ਕਰ ਰਹੇ ਹਾਂ।

ਰਾਜ ਸਿਹਤ ਏਜੰਸੀ (ਐਸਐਚਏ), ਪੰਜਾਬ ਦੇ ਅੰਕੜਿਆਂ ਮੁਤਾਬਕ ਹੁਣ ਤੱਕ 457 ਲਾਭਪਾਤਰੀ ਸਰਕਾਰੀ ਹਸਪਤਾਲਾਂ ‘ਚ ਮਾਨਸਿਕ ਸਿਹਤ ਪੈਕੇਜਾਂ ਤਹਿਤ ਇਲਾਜ ਕਰਵਾ ਚੁੱਕੇ ਹਨ। ਇਨ੍ਹਾਂ ਸੇਵਾਵਾਂ ਅਧੀਨ ਹੁਣ ਤੱਕ ਲਗਭਗ 55 ਲੱਖ ਰੁਪਏ ਦੇ ਦਾਵਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

ਸਿਵਲ ਹਸਪਤਾਲ, ਬਰਨਾਲਾ ਦੇ ਸਲਾਹਕਾਰ ਮਨੋਚਿਕਿਤਸਕ ਡਾ. ਗਗਨਦੀਪ ਸੇਖੋਂ ਨੇ ਦੱਸਿਆ ਕਿ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਹੌਲੀ-ਹੌਲੀ ਵਧ ਰਹੀ ਹੈ। ਉਨ੍ਹਾਂ ਕਿਹਾ, “ਲੋਕ ਹੁਣ ਇਹ ਸਮਝਣ ਲੱਗੇ ਹਨ ਕਿ ਮਾਨਸਿਕ ਸਿਹਤ ਸਬੰਧੀ ਬੀਮਾਰੀਆਂ ਵੀ ਹੋਰ ਸਰੀਰਕ ਬੀਮਾਰੀਆਂ ਵਾਂਗ ਹੀ ਹਨ ਅਤੇ ਇਨ੍ਹਾਂ ਲਈ ਸਮੇਂ ਸਿਰ ਇਲਾਜ ਜ਼ਰੂਰੀ ਹੈ। ਪਹਿਲਾਂ ਸਮਾਜਿਕ ਬਦਨਾਮੀ ਅਤੇ ਆਰਥਿਕ ਤੰਗੀਆਂ ਕਾਰਨ ਲੋਕ ਮੱਦਦ ਲੈਣ ਤੋਂ ਕਤਰਾਉਂਦੇ ਸਨ।”

ਡਾ. ਗਗਨਦੀਪ ਸੇਖੋਂ ਨੇ ਦੱਸਿਆ ਕਿ ਅਕਾਦਮਿਕ ਸਿੱਖਿਆ ਦਾ ਦਬਾਅ, ਰੋਜ਼ਗਾਰ ਦੀ ਅਨਿਸ਼ਚਿਤਤਾ, ਆਰਥਿਕ ਤਣਾਅ, ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਅਤੇ ਸਮਾਜਿਕ ਸਹਿਯੋਗ ਦੀ ਘਾਟ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਨ ਹਨ। ਉਨ੍ਹਾਂ ਕਿਹਾ, “18 ਤੋਂ 45 ਸਾਲ ਉਮਰ ਵਰਗ ਦੇ ਲੋਕ ਖ਼ਾਸ ਤੌਰ ’ਤੇ ਵੱਧ ਸੰਵੇਦਨਸ਼ੀਲ ਹਨ ਕਿਉਂਕਿ ਉਹ ਜੀਵਨ ਦੇ ਕਈ ਮਹੱਤਵਪੂਰਨ ਬਦਲਾਵਾਂ ‘ਚੋਂ ਲੰਘ ਰਹੇ ਹੁੰਦੇ ਹਨ। ਉਚੇਰੀ ਸਿੱਖਿਆ ਦਾ ਦਬਾਅ, ਰੁਜ਼ਗਾਰ ਦੀ ਅਨਿਸ਼ਚਿਤਤਾ, ਕੰਮਕਾਜ ਵਾਲੀ ਥਾਂ ਦਾ ਤਣਾਅ, ਰਿਸ਼ਤਿਆਂ ਨਾਲ ਜੁੜੀਆਂ ਚੁਣੌਤੀਆਂ ਅਤੇ ਵਧਦੀਆਂ ਆਰਥਿਕ ਜ਼ਿੰਮੇਵਾਰੀਆਂ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਕਰਦੀਆਂ ਹਨ।”

ਉਨ੍ਹਾਂ ਨੇ ਕਿਹਾ ਕਿ ਤੇਜ਼ ਰਫ਼ਤਾਰ ਜੀਵਨਸ਼ੈਲੀ, ਘਟ ਰਿਹਾ ਪਰਿਵਾਰਕ ਮੇਲ-ਜੋਲ, ਡਿਜ਼ੀਟਲ ਮਾਧਿਅਮਾਂ ਦੀ ਲਗਾਤਾਰ ਵਧ ਰਹੀ ਵਰਤੋਂ ਅਤੇ ਕੰਮਕਾਜ ਨਾਲ ਜੁੜਿਆ ਤਣਾਅ ਮਾਨਸਿਕ ਸਿਹਤ ਸਮੱਸਿਆਵਾਂ ‘ਚ ਵਾਧੇ ਦੇ ਮੁੱਖ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ, “ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਉਹ ਇੱਕੋ ਸਮੇਂ ਸਿੱਖਿਆ, ਰੁਜ਼ਗਾਰ, ਰਿਸ਼ਤਿਆਂ ਅਤੇ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਹੁੰਦੇ ਹਨ, ਜਦਕਿ ਉਨ੍ਹਾਂ ਕੋਲ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਲੋੜੀਂਦੇ ਸਾਧਨ ਜ਼ਿਆਦਾਤਰ ਉਪਲੱਬਧ ਨਹੀਂ ਹੁੰਦੇ।”

ਡਾ. ਗਗਨਦੀਪ ਸੇਖੋਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਉਪਲੱਬਧ ਕੈਸ਼ਲੈੱਸ ਇਲਾਜ ਸਹੂਲਤ ਨੇ ਹੋਰ ਵੱਧ ਲੋਕਾਂ ਨੂੰ ਹਸਪਤਾਲਾਂ ‘ਚ ਸਲਾਹ ਅਤੇ ਇਲਾਜ ਲਈ ਆਉਣ ਵਾਸਤੇ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ, “ਸਮੇਂ ਸਿਰ ਦਖ਼ਲ ਬਿਹਤਰ ਨਤੀਜੇ ਯਕੀਨੀ ਬਣਾਉਣ ਅਤੇ ਪੇਚੀਦਗੀਆਂ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ।

Read More: ਪੰਜਾਬ ਸਰਕਾਰ ਵੱਲੋਂ ਮੁਕਾਬਲੇ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਦਾ ਐਲਾਨ, ਇੰਝ ਕਰੋ ਅਪਲਾਈ

ਵਿਦੇਸ਼

Scroll to Top