Canada news

ਕੈਨੇਡਾ ‘ਚ ਵਸੂਲੀ ਰੈਕੇਟ ਚਲਾਉਣ ਦੇ ਦੋਸ਼ ਹੇਠ ਕਈਂ ਭਾਰਤੀ ਮੂਲ ਦੇ ਨੌਜਵਾਨ ਗ੍ਰਿਫਤਾਰ

ਕੈਨੇਡਾ , 26 ਮਈ 2026: ਕੈਨੇਡਾ ‘ਚ ਭਾਰਤੀ ਮੂਲ ਦੇ ਨੌਜਵਾਨਾਂ ਦੁਆਰਾ ਅੰਤਰਰਾਸ਼ਟਰੀ ਜਬਰਨ ਵਸੂਲੀ ਰੈਕੇਟ ਚਲਾਉਣ ਦੇ ਦੋਸ਼ ਹੇਠ ਪੀਲ ਰੀਜਨਲ ਪੁਲਿਸ ਨੇ ਓਨਟਾਰੀਓ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਅਮਰੀਕੀ ਖੁਫੀਆ ਏਜੰਸੀ ਦੇ ਸਹਿਯੋਗ ਨਾਲ ਇੱਕ ਵੱਡੇ ਸਾਂਝੇ ਆਪ੍ਰੇਸ਼ਨ ‘ਚ “ਫੋਰ ਬ੍ਰਦਰਜ਼” ਵਜੋਂ ਜਾਣੇ ਜਾਂਦੇ ਇੱਕ ਗਿਰੋਹ ਦੇ 17 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਸਾਰੇ ਸ਼ੱਕੀ ਭਾਰਤੀ ਨਾਗਰਿਕ ਹਨ। ਪੁਲਿਸ ਮੁਤਾਬਕ ਇਸ ਗਿਰੋਹ ਨੇ ਕਈ ਕੈਨੇਡੀਅਨ ਅਤੇ ਅਮਰੀਕੀ ਸ਼ਹਿਰਾਂ ‘ਚ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਜਬਰਨ ਵਸੂਲੀ, ਅੱਗਜ਼ਨੀ ਅਤੇ ਅੰਨ੍ਹੇਵਾਹ ਗੋਲੀਬਾਰੀ ਦੀਆਂ 24 ਤੋਂ ਵੱਧ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।

ਪੁਲਿਸ ਮੁਤਾਬਕ ਮੁਲਜ਼ਮਾਂ ਵਿਰੁੱਧ ਕੁੱਲ 106 ਗੰਭੀਰ ਅਪਰਾਧਿਕ ਦੋਸ਼ ਦਾਇਰ ਕੀਤੇ ਗਏ ਹਨ। ਕਿਉਂਕਿ ਉਹ ਸਾਰੇ ਗੈਰ-ਕੈਨੇਡੀਅਨ ਨਾਗਰਿਕ ਹਨ, ਇਸ ਲਈ ਉਨ੍ਹਾਂ ਨੂੰ ਹੁਣ ਤੁਰੰਤ ਭਾਰਤ ਭੇਜ ਦਿੱਤਾ ਜਾਵੇਗਾ।

ਪੁਲਿਸ ਜਾਂਚ ਦੇ ਮੁਤਾਬਕ ਇਹ 17 ਸ਼ੱਕੀ ਵੱਖ-ਵੱਖ ਵੀਜ਼ਾ ਸਥਿਤੀਆਂ (ਜਿਵੇਂ ਕਿ ਵਿਦਿਆਰਥੀ ਜਾਂ ਵਰਕ ਪਰਮਿਟ) ‘ਤੇ ਕੈਨੇਡਾ ਅਤੇ ਅਮਰੀਕਾ ‘ਚ ਰਹਿ ਰਹੇ ਸਨ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਸ ਗਿਰੋਹ ਦੇ ਭਾਰਤ ‘ਚ ਸਥਿਤ ਆਪਣੇ ਆਗੂਆਂ ਨਾਲ ਸਿੱਧੇ ਸਬੰਧ ਹਨ। ਮੁਲਜ਼ਮਾਂ ‘ਚੋਂ ਇੱਕ ਪਹਿਲਾਂ ਹੀ ਕਤਲ ਦੀ ਕੋਸ਼ਿਸ਼ ਲਈ ਭਾਰਤ ‘ਚ ਲੋੜੀਂਦਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਦੇ ਮੈਂਬਰ ਕੈਨੇਡਾ ਅਤੇ ਸੰਯੁਕਤ ਰਾਜ ‘ਚ ਫੈਲਿਆ ਇੱਕ ਨੈੱਟਵਰਕ ਚਲਾਉਂਦੇ ਸਨ। ਸਭ ਤੋਂ ਵੱਧ ਸ਼ੱਕੀ, 14, ਓਨਟਾਰੀਓ ‘ਚ ਗ੍ਰਿਫ਼ਤਾਰ ਕੀਤੇ ਗਏ ਹਨ। ਦੋ ਹੋਰਾਂ ਨੂੰ ਬ੍ਰਿਟਿਸ਼ ਕੋਲੰਬੀਆ ‘ਚ ਅਤੇ ਇੱਕ ਨੂੰ ਕੈਲੀਫੋਰਨੀਆ ‘ਚ ਐਫਬੀਆਈ ਦੀ ਸਹਾਇਤਾ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਨ੍ਹਾਂ ਵਿਅਕਤੀਆਂ ਨੇ ਮੁੱਖ ਤੌਰ ‘ਤੇ ਕੈਨੇਡਾ ‘ਚ ਰਹਿ ਰਹੇ ਦੱਖਣੀ ਏਸ਼ੀਆਈ (ਖਾਸ ਕਰਕੇ ਪੰਜਾਬੀ) ਮੂਲ ਦੇ ਅਮੀਰ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ, ਤਾਂ ਜੋ ਉਹ ਡਰ ਕਾਰਨ ਪੁਲਿਸ ਕੋਲ ਨਾ ਜਾਣ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ 21 ਤੋਂ 30 ਸਾਲ ਦੇ ਵਿਚਕਾਰ ਹੈ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਸੂਚੀ ‘ਚ ਇਕਬਾਲ ਸਿੰਘ ਭਗੜੀਆ (25 ਸਾਲ), ਰਵਿੰਦਰ ਸਿੰਘ (25 ਸਾਲ), ਦਿਲਵਰਪ੍ਰੀਤ ਸਿੰਘ (26 ਸਾਲ), ਪ੍ਰਭਦੀਪ ਸੋਹਲ (22 ਸਾਲ), ਅਜੈਦੀਪ ਸਿੰਘ (29 ਸਾਲ), ਰਾਜਨ ਸਿੰਘ (28 ਸਾਲ), ਆਕਾਸ਼ਦੀਪ ਸਿੰਘ (24 ਸਾਲ), ਜਸ਼ਨਬੀਰ ਸਿੰਘ (21 ਸਾਲ), ਪ੍ਰਤਾਪਬੀਰ ਘੁੰਮਣ (22 ਸਾਲ), ਨਵਰੂਪ ਸਿੰਘ (24 ਸਾਲ), ਮਹਿੰਦਰ ਸਿੰਘ (30 ਸਾਲ), ਮਨਦੀਪ ਸਿੰਘ (21 ਸਾਲ), ਅਮ੍ਰਿਤਜੋਤ ਸਿੰਘ (22 ਸਾਲ) ਅਤੇ ਜਸ਼ਨਪ੍ਰੀਤ ਸਿੰਘ (22 ਸਾਲ) ਸ਼ਾਮਲ ਹਨ |

Read More: Quad Meet: ਦਿੱਲੀ ‘ਚ ਕਵਾਡ ਵਿਦੇਸ਼ ਮੰਤਰੀਆਂ ਦੀ ਹੋਈ ਮੀਟਿੰਗ, ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਰਿਹਾ ਕੇਂਦਰ ਬਿੰਦੂ

ਵਿਦੇਸ਼

Scroll to Top