PBKS ਬਨਾਮ DC Result

PBKS ਬਨਾਮ DC Result: ਪੰਜਾਬ ਕਿੰਗਜ਼ ਦਾ ਸਭ ਤੋਂ ਵੱਡਾ ਰਨ ਚੇਜ, ਕੇਐਲ ਰਾਹੁਲ IPL ‘ਚ 150 ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ

ਸਪੋਰਟਸ, 26 ਅਪ੍ਰੈਲ 2026: PBKS ਬਨਾਮ DC Result: ਪੰਜਾਬ ਕਿੰਗਜ਼ ਨੇ ਆਈਪੀਐਲ 2026 ‘ਚ ਆਪਣੀ ਲਗਾਤਾਰ ਛੇਵੀਂ ਜਿੱਤ ਦਰਜ ਕੀਤੀ। ਪੰਜਾਬ ਟੀਮ ਨੇ ਸ਼ਨੀਵਾਰ ਨੂੰ ਦਿੱਲੀ ਕੈਪੀਟਲਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਨੇ ਅਰੁਣ ਜੇਤਲੀ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੋ ਵਿਕਟਾਂ ‘ਤੇ 264 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਦਾ ਇਹ ਸਭ ਤੋਂ ਵੱਡਾ ਰਨ ਚੇਜ (ਸਭ ਵੱਡੇ ਦੌੜਾਂ ਦੇ ਟੀਚੇ) ਹੈ | ਇਸਤੋਂ ਪਹਿਲਾਂ ਵੀ ਪੰਜਾਬ ਸਭ ਤੋਂ ਵੱਡੇ ਟੀਚੇ ਨੂੰ ਹਾਸਲ ਕਰਨ ਵਾਲੀ ਟੀਮ ਹੈ |

ਜਵਾਬ ਚ ਪੰਜਾਬ ਨੇ 18.5 ਓਵਰਾਂ ‘ਚ ਚਾਰ ਵਿਕਟਾਂ ‘ਤੇ 265 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਇਹ ਆਈਪੀਐਲ ਇਤਿਹਾਸ ‘ਚ ਸਭ ਤੋਂ ਵੱਡੇ ਸਫਲ ਦੌੜਾਂ ਦਾ ਪਿੱਛਾ ਹੈ। ਪੰਜਾਬ ਸੱਤ ਮੈਚਾਂ ‘ਚੋਂ ਛੇ ਜਿੱਤਾਂ ਨਾਲ ਅੰਕ ਸੂਚੀ ‘ਚ ਸਿਖਰ ‘ਤੇ ਹੈ। ਉਨ੍ਹਾਂ ਦਾ ਇੱਕ ਮੈਚ ਮੀਂਹ ਕਾਰਨ ਧੋਤਾ ਗਿਆ ਸੀ। ਇਹ ਦਿੱਲੀ ਦੀ ਸੱਤ ਮੈਚਾਂ ‘ਚ ਚੌਥੀ ਹਾਰ ਸੀ।

ਕੇਐਲ ਰਾਹੁਲ ਦੀਆਂ ਨਾਬਾਦ 152 ਦੌੜਾਂ

ਦਿੱਲੀ ਦੇ ਕੇਐਲ ਰਾਹੁਲ ਨੇ ਨਾਬਾਦ ਸੈਂਕੜਾ ਲਗਾਇਆ। ਉਨ੍ਹਾਂ ਨੇ 152 ਦੌੜਾਂ ਬਣਾਈਆਂ। ਇਹ ਆਈਪੀਐਲ ‘ਚ ਕਿਸੇ ਭਾਰਤੀ ਦੁਆਰਾ ਸਭ ਤੋਂ ਵੱਧ ਸਕੋਰ ਹੈ। ਪਿਛਲਾ ਰਿਕਾਰਡ ਅਭਿਸ਼ੇਕ ਸ਼ਰਮਾ ਦੇ ਨਾਮ ਸੀ, ਜਿਸਨੇ ਪਿਛਲੇ ਸੀਜ਼ਨ ‘ਚ ਪੰਜਾਬ ਵਿਰੁੱਧ 141 ਦੌੜਾਂ ਬਣਾਈਆਂ ਸਨ। ਦਿੱਲੀ ਲਈ ਨਿਤੀਸ਼ ਰਾਣਾ ਨੇ 91 ਦੌੜਾਂ ਬਣਾਈਆਂ। ਰਾਹੁਲ ਅਤੇ ਰਾਣਾ ਨੇ ਦੂਜੀ ਵਿਕਟ ਲਈ 220 ਦੌੜਾਂ ਦੀ ਸਾਂਝੇਦਾਰੀ ਕੀਤੀ।

265 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪੰਜਾਬ ਦੇ ਕਪਤਾਨ ਸ਼੍ਰੇਅਸ ਅਈਅਰ ਅਤੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ ਅਰਧ ਸੈਂਕੜੇ ਲਗਾਏ। ਪ੍ਰਭਸਿਮਰਨ ਸਿੰਘ ਨੇ 26 ਗੇਂਦਾਂ ‘ਤੇ 76 ਦੌੜਾਂ ਬਣਾਈਆਂ, ਜਦੋਂ ਕਿ ਸ਼੍ਰੇਅਸ ਨੇ 36 ਗੇਂਦਾਂ ‘ਤੇ ਨਾਬਾਦ 71 ਦੌੜਾਂ ਬਣਾਈਆਂ। ਪ੍ਰਿਯਾਂਸ਼ ਆਰੀਆ ਨੇ ਵੀ 43 ਦੌੜਾਂ ਦਾ ਯੋਗਦਾਨ ਪਾਇਆ। ਪ੍ਰਭਸਿਮਰਨ ਅਤੇ ਪ੍ਰਿਯਾਂਸ਼ ਨੇ 126 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਦਿੱਲੀ ਲਈ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ, ਜਦੋਂ ਕਿ ਅਕਸ਼ਰ ਪਟੇਲ ਅਤੇ ਵਿਪ੍ਰਜ ਨਿਗਮ ਨੇ ਇੱਕ-ਇੱਕ ਵਿਕਟ ਲਈ।

ਨਗਿਦੀ ਨੂੰ ਲੱਗੀ ਗੰਭੀਰ ਸੱਟ

ਦਿੱਲੀ ਦੇ ਤੇਜ਼ ਗੇਂਦਬਾਜ਼ ਲੁੰਗਿਦੀ ਨਗਿਦੀ ਨੂੰ ਪੰਜਾਬ ਦੀ ਪਾਰੀ ਦੇ ਤੀਜੇ ਓਵਰ ਦੌਰਾਨ ਸੱਟ ਲੱਗ ਗਈ। ਮੈਡੀਕਲ ਟੀਮ ਤੁਰੰਤ ਪਹੁੰਚੀ ਅਤੇ ਇਲਾਜ ਸ਼ੁਰੂ ਕਰ ਦਿੱਤਾ। ਨਗਿਦੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਸੱਟ ਕਾਰਨ ਖੇਡ ਰੋਕ ਦਿੱਤੀ ਗਈ, ਅਤੇ ਲਗਭਗ 15 ਮਿੰਟ ਬਾਅਦ ਦੁਬਾਰਾ ਸ਼ੁਰੂ ਹੋਈ। ਆਈਪੀਐਲ ਪ੍ਰਬੰਧਨ ਨੇ ਟਵੀਟ ਕੀਤਾ ਕਿ ਨਗਿਦੀ ਖ਼ਤਰੇ ਤੋਂ ਬਾਹਰ ਹੈ ਅਤੇ ਛੇਤੀ ਹੀ ਛੁੱਟੀ ਦੇ ਦਿੱਤੀ ਜਾਵੇਗੀ।

Read More: MI ਬਨਾਮ CSK Result: ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ IPL ‘ਚ ਸਭ ਤੋਂ ਵੱਡੀ ਹਾਰ

ਵਿਦੇਸ਼

Scroll to Top