ਚੰਡੀਗੜ੍ਹ; 23 ਅਪ੍ਰੈਲ 2026: ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਅੰਕੜੇ ਸਾਂਝੇ ਕੀਤੇ ਹਨ | ਪੰਜਾਬ ਪੁਲਿਸ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ਨਸ਼ਾ ਤਸਕਰੀ ਨੈੱਟਵਰਕਾਂ ਨੂੰ ਵੱਡੇ ਪੱਧਰ ਤੇ ਬੇਅਸਰ ਕੀਤਾ ਗਿਆ ਹੈ | ਅੰਕੜਿਆਂ ਮੁਤਾਬਕ 2022 ਤੋਂ 2026 (ਹੁਣ ਤੱਕ) ਦਰਮਿਆਨ 73,541 ਐਨਡੀਪੀਐਸ ਕੇਸ ਦਰਜ ਕੀਤੇ ਹਨ, ਜੋ ਕਿ 2017–21 ਦੇ 52,255 ਮਾਮਲਿਆਂ ਨਾਲੋਂ 40 ਫੀਸਦੀ ਤੋਂ ਵੱਧ ਹਨ। ਪੁਲਿਸ ਮੁਤਾਬਕ ਗ੍ਰਿਫ਼ਤਾਰੀਆਂ ਦੀ ਗਿਣਤੀ ਵੀ ਕਾਫੀ ਵਧੀ ਹੈ, ਜੋ 68,064 ਤੋਂ ਵੱਧ ਕੇ 98,596 ਹੋ ਗਈ ਹੈ |
ਪੰਜਾਬ ਪੁਲਿਸ ਨੇ ਜ਼ਬਤੀਆਂ ਦੇ ਅੰਕੜੇ ਬਾਰੇ ਦੱਸਿਆ ਕਿ ਹੈਰੋਇਨ ਦੀ ਬਰਾਮਦਗੀ ‘ਚ 148% ਦਾ ਵਾਧਾ ਹੋਇਆ ਹੈ | 2022 ਤੋਂ ਹੁਣ ਤੱਕ 5,979 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ, ਜਦਕਿ 2017–21 ‘ਚ ਇਹ ਮਾਤਰਾ 2,412 ਕਿਲੋਗ੍ਰਾਮ ਸੀ। ਅਫੀਮ ਦੀ ਜ਼ਬਤੀ ‘ਚ ਵੀ 43% ਤੋਂ ਵੱਧ ਵਾਧਾ ਹੋ ਕੇ 3,583 ਕਿਲੋਗ੍ਰਾਮ ਹੋਇਆ ਹੈ, ਜੋ ਜ਼ਮੀਨੀ ਪੱਧਰ ‘ਤੇ ਕਾਰਵਾਈ ਦੇ ਤੇਜ਼ ਹੋਣ ਨੂੰ ਦਰਸਾਉਂਦਾ ਹੈ।
ਸਿੰਥੈਟਿਕ ਨਸ਼ਿਆਂ ਖ਼ਿਲਾਫ਼ ਕਾਰਵਾਈ ‘ਚ ਖਾਸ ਤੌਰ ‘ਤੇ ਵੱਡਾ ਉਛਾਲ ਦੇਖਿਆ ਗਿਆ ਹੈ। ਆਈਸ (ਕ੍ਰਿਸਟਲ ਮੈਥਐਮਫੈਟਾਮਾਈਨ) ਦੀ ਜ਼ਬਤੀ 17 ਕਿਲੋਗ੍ਰਾਮ ਤੋਂ ਵੱਧ ਕੇ 93 ਕਿਲੋਗ੍ਰਾਮ ਹੋ ਗਈ ਹੈ, ਜੋ ਕਿ 447% ਦਾ ਵਾਧਾ ਹੈ। ਕੋਕੇਨ ਦੀ ਜ਼ਬਤੀ 6,064 ਕਿਲੋਗ੍ਰਾਮ ਰਹੀ, ਜੋ ਕਿ ਪਹਿਲਾਂ ਦਰਜ 6,852 ਕਿਲੋਗ੍ਰਾਮ ਦੇ ਕਰੀਬ ਬਰਾਬਰ ਹੈI ਪੰਜਾਬ ਪੁਲਿਸ ਨੇ 2022–26 ਦੇ ਦੌਰਾਨ 8.7 ਕਰੋੜ ਗੋਲੀਆਂ ਅਤੇ ਕੈਪਸੂਲ ਜ਼ਬਤ ਕੀਤੇ ਹਨ |
ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਕਾਰਵਾਈ ਨਿਆਂ ਪ੍ਰਣਾਲੀ ‘ਚ ਵੀ ਨਤੀਜੇ ਦੇ ਰਹੀ ਹੈ। ਦੋਸ਼ੀਆਂ ਲਈ ਸਜ਼ਾ ਦਰ 89% ਤੱਕ ਪਹੁੰਚ ਗਈ ਹੈ, ਜੋ ਮਜ਼ਬੂਤ ਜਾਂਚ, ਸੁਚੱਜਤਾ ਨਾਲ ਸਬੂਤ ਜੁਟਾਉਣ ਅਤੇ ਪ੍ਰਭਾਵਸ਼ਾਲੀ ਮੁਕੱਦਮੇਬਾਜ਼ੀ ਨੂੰ ਦਰਸਾਉਂਦੀ ਹੈ।
ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਕਿਹਾ, “ਇਹ ਸਿਰਫ਼ ਕਾਰਵਾਈ ‘ਚ ਵਾਧਾ ਨਹੀਂ, ਸਗੋਂ ਨਸ਼ਿਆਂ ਦੇ ਖ਼ਤਰੇ ਨਾਲ ਨਜਿੱਠਣ ਦੇ ਢੰਗ ‘ਚ ਇਕ ਬੁਨਿਆਦੀ ਬਦਲਾਅ ਹੈ। ਕੇਸਾਂ ਅਤੇ ਜ਼ਬਤੀਆਂ ‘ਚ ਵਾਧਾ ਇੰਟੈਲੀਜੈਂਸ ਅਧਾਰਿਤ ਕਾਰਵਾਈ ਨੂੰ ਦਰਸਾਉਂਦਾ ਹੈ, ਜਦਕਿ ਵਧਦੀ ਸਜ਼ਾ ਦਰ ਦਿਖਾਉਂਦੀ ਹੈ ਕਿ ਕੇਸ ਸਿੱਟਾ ਪੂਰਨ ਪੜਾਅ ਤੱਕ ਲਿਜਾਏ ਜਾ ਰਹੇ ਹਨ। ਸਪਲਾਇਰ ਤੋਂ ਲੈ ਕੇ ਡਿਸਟ੍ਰੀਬਿਊਟਰ ਤੱਕ ਪੂਰੀ ਲੜੀ ‘ਤੇ ਲਗਾਤਾਰ ਦਬਾਅ ਬਣਾਇਆ ਗਿਆ ਹੈ।”
Read More: ਅੰਮ੍ਰਿਤਸਰ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰ ਤੇ ਨਸ਼ੀਲੇ ਪਦਾਰਥਾਂ ਸਣੇ 3 ਜਣੇ ਕਾਬੂ




