ਮੈਕਸੀਕੋ, 21 ਅਪ੍ਰੈਲ 2026: Mexico pyramid shooting: ਇੱਕ ਮਸ਼ਹੂਰ ਮੈਕਸੀਕਨ ਪਿਰਾਮਿਡ ਸਥਾਨ ‘ਤੇ ਗੋਲੀਬਾਰੀ ‘ਚ ਇੱਕ ਕੈਨੇਡੀਅਨ ਔਰਤ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ, 20 ਅਪ੍ਰੈਲ ਨੂੰ ਸਥਾਨਕ ਸਮੇਂ ਅਨੁਸਾਰ ਮਸ਼ਹੂਰ ਟੀਓਟੀਹੁਆਕਨ ਪੁਰਾਤੱਤਵ ਸਥਾਨ ‘ਤੇ ਵਾਪਰੀ ਹੈ। ਹਮਲਾਵਰ ਨੇ ਰਾਹਗੀਰਾਂ ‘ਤੇ ਗੋਲੀਬਾਰੀ ਕੀਤੀ ਅਤੇ ਬਾਅਦ ‘ਚ ਆਪਣੇ ਆਪ ਨੂੰ ਮਾਰ ਲਿਆ।
ਮੈਕਸੀਕੋ ਰਾਜ ਦੇ ਸੁਰੱਖਿਆ ਸਕੱਤਰ ਕ੍ਰਿਸਟੋਬਲ ਕਾਸਟਨੇਡਾ ਨੇ ਕਿਹਾ ਕਿ ਇਹ ਘਟਨਾ ਮੱਧ ਮੈਕਸੀਕੋ ਦੇ ਇਸ ਪ੍ਰਸਿੱਧ ਸੈਰ-ਸਪਾਟਾ ਸਥਾਨ ‘ਤੇ ਵਾਪਰੀ, ਜੋ ਕਿ ਪ੍ਰੀ-ਐਜ਼ਟੈਕ ਪਿਰਾਮਿਡਾਂ ਦਾ ਘਰ ਹੈ। ਗੋਲੀਬਾਰੀ ‘ਚ ਜ਼ਖਮੀਆਂ ਦਾ ਸਥਾਨਕ ਹਸਪਤਾਲਾਂ ‘ਚ ਇਲਾਜ ਕੀਤਾ ਗਿਆ। ਇਨ੍ਹਾਂ ‘ਚ ਇੱਕ ਕੈਨੇਡੀਅਨ ਔਰਤ, ਇੱਕ ਕੋਲੰਬੀਆਈ ਔਰਤ ਅਤੇ ਬੱਚਾ, ਇੱਕ ਬ੍ਰਾਜ਼ੀਲੀਅਨ ਆਦਮੀ ਅਤੇ ਦੋ ਅਮਰੀਕੀ ਸ਼ਾਮਲ ਹਨ।
ਭਗਦੜ ‘ਚ ਸੱਤ ਹੋਰ ਲੋਕ ਜ਼ਖਮੀ ਹੋਏ ਅਤੇ ਉਨ੍ਹਾਂ ਦਾ ਮੌਕੇ ‘ਤੇ ਇਲਾਜ ਕੀਤਾ ਗਿਆ। ਇਨ੍ਹਾਂ ‘ਚ ਇੱਕ ਰੂਸੀ, ਇੱਕ ਕੋਲੰਬੀਆਈ, ਇੱਕ ਬ੍ਰਾਜ਼ੀਲੀਅਨ ਅਤੇ ਚਾਰ ਅਮਰੀਕੀ ਸ਼ਾਮਲ ਸਨ। ਦੁਪਹਿਰ ਨੂੰ ਹੋਈ ਗੋਲੀਬਾਰੀ ਨੇ ਸਾਈਟ ‘ਤੇ ਆਉਣ ਵਾਲੇ ਸੈਲਾਨੀਆਂ ਨੂੰ ਡਰਾ ਦਿੱਤਾ। ਇਹ ਘਟਨਾ 2026 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ ਵਾਪਰੀ ਸੀ, ਜਿਸ ਦੇ ਮੈਚ ਮੈਕਸੀਕੋ, ਸੰਯੁਕਤ ਰਾਜ ਅਤੇ ਕੈਨੇਡਾ ‘ਚ ਹੋਣੇ ਸਨ।
ਸੈਰ-ਸਪਾਟਾ ਅਧਿਕਾਰੀਆਂ ਦੇ ਮੁਤਾਬਕ, ਮੈਕਸੀਕੋ ਸਿਟੀ ਦੇ ਨੇੜੇ ਇਹ ਪਿਰਾਮਿਡ ਸ਼ਹਿਰ 2,000 ਸਾਲ ਤੋਂ ਵੱਧ ਪੁਰਾਣਾ ਹੈ ਅਤੇ 2025 ‘ਚ 18 ਲੱਖ ਤੋਂ ਵੱਧ ਸੈਲਾਨੀ ਆਏ ਸਨ। ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਇਸਨੂੰ “ਭਿਆਨਕ ਬੰਦੂਕ ਹਿੰਸਾ” ਦੱਸਿਆ। ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਪੂਰੀ ਜਾਂਚ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਉਸਨੇ ਸਹਾਇਤਾ ਲਈ ਇੱਕ ਟੀਮ ਭੇਜੀ ਹੈ। ਉਸਨੇ ਕਿਹਾ, “ਅੱਜ ਟੀਓਟੀਹੁਆਕਨ ਵਿੱਚ ਜੋ ਹੋਇਆ ਉਸ ਤੋਂ ਅਸੀਂ ਬਹੁਤ ਦੁਖੀ ਹਾਂ।”
Read More: ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਸੈਮੀਕੰਡਕਟਰ ਤੇ ਖੇਤਰਾਂ ਲਈ ਅਹਿਮ ਸਮਝੌਤੇ ਸਹੀਬੱਧ




