ਗੈਂਗਸਟਰਾਂ ‘ਤੇ ਵਾਰ

‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 3 ਮਹੀਨਿਆਂ ‘ਚ 49,298 ਮੁਲਜ਼ਮਾਂ ਖ਼ਿਲਾਫ ਕਾਰਵਾਈ: ਪੰਜਾਬ ਪੁਲਿਸ

ਚੰਡੀਗੜ੍ਹ 20 ਅਪ੍ਰੈਲ 2026: ਪੰਜਾਬ ਸਰਕਾਰ ਵੱਲੋਂ ਸੂਬੇ ਪੱਧਰ ‘ਤੇ ਚਲਾਏ ਜਾ ਰਹੇ ਐਂਟੀ-ਗੈਂਗਸਟਰ ਅਭਿਆਨ ‘ਗੈਂਗਸਟਰਾਂ ‘ਤੇ ਵਾਰ’ ਦੇ 3 ਮਹੀਨੇ ਪੂਰੇ ਹੋ ਚੁੱਕੇ ਹਨ। ਇਹ ਅਭਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿਗਰਾਨੀ ਹੇਠ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ‘ਚ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ।

ਪੰਜਾਬ ਸਰਕਾਰ ਮੁਤਾਬਕ 20 ਜਨਵਰੀ ਨੂੰ ਸ਼ੁਰੂ ਕੀਤੇ ਇਸ ਅਭਿਆਨ ਦਾ ਉਦੇਸ਼ ਸਿਰਫ਼ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਦੇ ਲਾਜਿਸਟਿਕ ਨੈੱਟਵਰਕ, ਫੰਡਿੰਗ ਅਤੇ ਸੰਚਾਰ ਸਿਸਟਮ ਨੂੰ ਵੀ ਖਤਮ ਕਰਨਾ ਸੀ।

ਪੰਜਾਬ ਪੁਲਿਸ ਦੇ ਅੰਕੜਿਆਂ ਮੁਤਾਬਕ ਪਿਛਲੇ ਤਿੰਨ ਮਹੀਨਿਆਂ ‘ਚ 19 ਅਪ੍ਰੈਲ ਤੱਕ ਪੰਜਾਬ ਪੁਲਿਸ ਨੇ ਸੂਬੇ ਭਰ ‘ਚ 62,302 ਛਾਪੇ ਮਾਰੇ, ਜਿਨ੍ਹਾਂ ‘ਚ 915 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ । ਕੁੱਲ ਮਿਲਾ ਕੇ 22,605 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਚ 461 ਗੈਂਗਸਟਰਾਂ ਦੇ ਸਾਥੀ ਅਤੇ 22,144 ਲੋੜੀਂਦੇ ਮੁਲਜ਼ਮ ਸ਼ਾਮਲ ਹਨ।

ਪੰਜਾਬ ਪੁਲਿਸ ਮੁਤਾਬਕ ਕੁੱਲ 10,254 ਮੁਲਜ਼ਮਾਂ ਨੂੰ ਨਿਵਾਰਕ ਹਿਰਾਸਤ ‘ਚ ਲਿਆ, ਇਨ੍ਹਾਂ ‘ਚ 444 ਸਾਥੀ ਅਤੇ 9,810 ਲੋੜੀਂਦੇ ਮੁਲਜ਼ਮ ਸਨ। ਇਸ ਤੋਂ ਇਲਾਵਾ 16,439 ਜਣਿਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਰਿਹਾਅ ਕੀਤਾ, ਜਿਨ੍ਹਾਂ ‘ਚ 1,277 ਸਾਥੀ ਅਤੇ 15,162 ਲੋੜੀਂਦੇ ਮੁਲਜ਼ਮ ਸ਼ਾਮਲ ਸਨ। ਕੁੱਲ ਮਿਲਾ ਕੇ ਇਸ ਅਭਿਆਨ ਦੌਰਾਨ 49,298 ਮੁਲਜ਼ਮਾਂ ਖ਼ਿਲਾਫ ਕਾਰਵਾਈ ਕੀਤੀ ਹੈ, ਜਿਨ੍ਹਾਂ ‘ਚ 2,182 ਸਾਥੀ ਅਤੇ 47,116 ਲੋੜੀਂਦੇ ਮੁਲਜ਼ਮ ਸ਼ਾਮਲ ਹਨ |

ਗ੍ਰਿਫ਼ਤਾਰੀਆਂ ਦੇ ਨਾਲ-ਨਾਲ ਵੱਡੀ ਮਾਤਰਾ ‘ਚ ਹਥਿਆਰ ਅਤੇ ਵਿਸਫੋਟਕ ਵੀ ਬਰਾਮਦ ਕੀਤੇ ਹਨ |
ਪੁਲਿਸ ਨੇ ਇਸ ਦੌਰਾਨ 408 ਹਥਿਆਰ, 148 ਤੇਜ਼ਧਾਰ ਹਥਿਆਰ, 1197 ਕਾਰਤੂਸ, 122 ਮੈਗਜ਼ੀਨ, 2.5 ਕਿਲੋਗ੍ਰਾਮ ਵਿਸਫੋਟਕ ਅਤੇ 6 ਹੈਂਡ ਗ੍ਰੇਨੇਡ ਬਰਾਮਦ ਕੀਤੇ।

ਪੰਜਾਬ ਪੁਲਿਸ ਮੁਤਾਬਕ ਪੁਲਿਸ ਨੇ 378.45 ਕਿਲੋਗ੍ਰਾਮ ਹੈਰੋਇਨ, 301.947 ਕਿਲੋਗ੍ਰਾਮ ਅਫੀਮ, 2,838.77 ਕਿਲੋਗ੍ਰਾਮ ਭੁੱਕੀ, 12,37,318 ਨਸ਼ੀਲੀਆਂ ਗੋਲੀਆਂ, 7373.82 ਗ੍ਰਾਮ ਨਸ਼ੀਲਾ ਪਾਊਡਰ, 101.459 ਕਿਲੋਗ੍ਰਾਮ ਗਾਂਜਾ ਅਤੇ 790 ਗ੍ਰਾਮ ‘ਆਈਈਸੀ’ ਬਰਾਮਦ ਕੀਤੀ। ਇਸ ਤੋਂ ਇਲਾਵਾ 1,05,31,171 ਰੁਪਏ ਦੀ ਡਰੱਗ ਮਨੀ, 50,66,740 ਰੁਪਏ ਨਕਦ ਅਤੇ 273 ਗ੍ਰਾਮ ਸੋਨਾ ਵੀ ਜ਼ਬਤ ਕੀਤਾ।

ਇਸਦੇ ਨਾਲ ਹੀ ਪੁਲਿਸ ਨੇ 24,520.25 ਲੀਟਰ ਗੈਰਕਾਨੂੰਨੀ ਸ਼ਰਾਬ ਵੀ ਜ਼ਬਤ ਕੀਤੀ, ਜਿਸ ‘ਚ 10,984.75 ਬੋਤਲਾਂ ਅਤੇ 176 ਪੇਟੀਆਂ ਸ਼ਾਮਲ ਹਨ। ਗੈਂਗਸਟਰਾਂ ਦੇ ਲਾਜਿਸਟਿਕ ਨੈੱਟਵਰਕ ਨੂੰ ਤੋੜਨ ਲਈ 4,229 ਮੋਬਾਈਲ ਫੋਨ, 815 ਵਾਹਨ ਅਤੇ 31 ਡਰੋਨ ਬਰਾਮਦ ਕੀਤੇ।

ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਦਾ ਕਹਿਣਾ ਹੈ ਕਿ,“ਇਹ ਅਭਿਆਨ ਸਿਰਫ਼ ਗੈਂਗ ਜਾਂ ਉਨ੍ਹਾਂ ਦੇ ਨੈੱਟਵਰਕ ਦੀ ਪਛਾਣ ਤੱਕ ਸੀਮਿਤ ਨਹੀਂ, ਸਗੋਂ ਕਰਨਾ ਇਸ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਜੜੋਂ ਖਤਮ ਹੈ। ਪੰਜਾਬ ਦੇ ਹਰ ਜ਼ਿਲ੍ਹੇ, ਪਿੰਡ ਅਤੇ ਸ਼ਹਿਰ ‘ਚ ਸਥਾਨਕ ਗੈਂਗਸਟਰ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।”

ਨਸ਼ਿਆਂ ਦੇ ਖ਼ਿਲਾਫ਼ ਚੱਲ ਰਹੇ ਅਭਿਆਨ ਦੇ ਸਦਕਾ ਪੰਜਾਬ ਸਰਕਾਰ ਨੇ ਇਸ ਮੁਹਿੰਮ ਨੂੰ ਸੰਗਠਿਤ ਅਪਰਾਧ ‘ਤੇ ਇੱਕ ਵਿਆਪਕ ਪ੍ਰਹਾਰ ਵਜੋਂ ਤਿਆਰ ਕੀਤਾ ਹੈ। ਇਸ ਆਪਰੇਸ਼ਨ ‘ਚ ਅਪਰਾਧੀਆਂ ਦੀ ਟ੍ਰੈਕਿੰਗ ਅਤੇ ਨਿਗਰਾਨੀ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ ਸਮੇਤ ਆਧੁਨਿਕ ਤਕਨਾਲੋਜੀਆਂ ਨੂੰ ਸ਼ਾਮਲ ਕੀਤਾ ਹੈ। ਨਾਲ ਹੀ ਨਾਗਰਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਭਰੋਸੇਯੋਗ ਜਾਣਕਾਰੀ ‘ਤੇ ਇਨਾਮ ਦੇਣ ਲਈ ਐਂਟੀ-ਗੈਂਗਸਟਰ ਹੈਲਪਲਾਈਨ (93946-93946) ਵੀ ਸ਼ੁਰੂ ਕੀਤੀ ਹੈ।

Read More: ਅੰਮ੍ਰਿਤਸਰ ਪੁਲਿਸ ਵੱਲੋਂ ਗੈਰ-ਕਾਨੂੰਨੀ ਹਥਿਆਰ ਮਾਡਿਊਲ ਦਾ ਪਰਦਾਫਾਸ਼, 3 ਜਣੇ ਕਾਬੂ

ਵਿਦੇਸ਼

Scroll to Top