Mukh mantri Sehat Yojna

ਪਟਿਆਲਾ ਦੀ 65 ਸਾਲਾ ਬਜ਼ੁਰਗ ਮਾਤਾ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਮਿਲਿਆ ਕੈਂਸਰ ਦਾ ਮੁਫ਼ਤ ਇਲਾਜ਼

ਚੰਡੀਗੜ੍ਹ/ਪਟਿਆਲਾ, 18 ਅਪ੍ਰੈਲ 2026: ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੈਸ ਮੁਤਾਬਕ ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ 65 ਸਾਲਾ ਮਾਤਾ ਬਲਜੀਤ ਕੌਰ ਨੇ ਗੰਭੀਰ ਬਿਮਾਰੀ ਕਾਰਨ ਹੌਲੀ-ਹੌਲੀ ਖਾਣਾ-ਪੀਣਾ ਛੱਡ ਦਿੱਤਾ ਸੀ। ‘

ਗੁਰਪਿੰਦਰ ਜੀਤ ਦੇ ਮੁਤਾਬਕ ਪਹਿਲਾਂ ਨਿੱਜੀ ਡਾਕਟਰਾਂ ਕੋਲ ਦੌੜ-ਭੱਜ ਕੀਤੀ ਗਈ, ਫਿਰ ਮਾਤਾ ਨੂੰ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਦਵਾਈਆਂ ਚੱਲੀਆਂ, ਟੈਸਟ ਹੋਏ, ਪਰ ਹਾਲਤ ਸੁਧਰਨ ਦੀ ਬਜਾਏ ਹੋਰ ਗੰਭੀਰ ਹੋ ਗਈ । ਜਦੋਂ ਰਿਪੋਰਟ ਆਈ ਤਾਂਉਨ੍ਹਾਂ ਦੀ ਮਾਂ ਨੂੰ ਬੱਚੇਦਾਨੀ ਦਾ ਕੈਂਸਰ ਸੀ।

ਗੁਰਪਿੰਦਰ ਲਈ ਇਹ ਬਹੁਤ ਔਖੀ ਘੜੀ ਸੀ, ਉਸਨੂੰ ਜਨਮ ਦੇਣ ਅਤੇ ਪਾਲਣ -ਪੋਸਣ ਵਾਲੀ ਮਾਂ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਸੀ। ਬਿਨਾਂ ਦੇਰ ਕੀਤੇ ਉਹ ਮਾਂ ਨੂੰ ਸੰਗਰੂਰ ਦੇ ਟਾਟਾ ਕੈਂਸਰ ਹਸਪਤਾਲ ਲੈ ਗਿਆ। ਇਲਾਜ ਸ਼ੁਰੂ ਹੋਇਆ, ਪਰ ਪਹਿਲੇ ਹੀ ਝਟਕੇ ‘ਚ 60 ਹਜ਼ਾਰ ਰੁਪਏ ਤੋਂ ਵੱਧ ਖਰਚ ਹੋ ਗਏ। ਇੱਕ ਡਰਾਈਵਰ ਲਈ ਇਹ ਰਕਮ ਬਹੁਤ ਵੱਡੀ ਸੀ ਅਤੇ ਕਰਜ਼ਾ ਲੈਣ ਦੀ ਨੌਬਤ ਵੀ ਆ ਗਈ ਸੀ। ਪੰਜਾਬ ਸਰਕਾਰ ਮੁਤਾਬਕ ਹਸਪਤਾਲ ‘ਚ ਉਸਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਪਤਾ ਲੱਗਾ ।

ਗੁਰਪਿੰਦਰ ਨੇ ਉੱਥੇ ਹੀ ਰਜਿਸਟ੍ਰੇਸ਼ਨ ਕਰਵਾ ਲਿਆ। ਕੁਝ ਸਮੇਂ ‘ਚ ਹੀ ਉਸ ਦੇ ਮੋਬਾਈਲ ’ਤੇ ਮੈਸੇਜ ਆ ਗਿਆ ਅਤੇ ਸਮਾਰਟ ਕਾਰਡ ਬਣ ਗਿਆ। ਇਸ ਤੋਂ ਬਾਅਦ ਲੱਖਾਂ ਰੁਪਏ ਦਾ ਇਲਾਜ—ਜਿਸ ‘ਚ ਮਹਿੰਗੇ ਟੈਸਟ, ਵਾਰ-ਵਾਰ ਕੀਮੋਥੈਰੇਪੀ, ਦਵਾਈਆਂ, ਆਪਰੇਸ਼ਨ, ਆਈਸੀਯੂ, ਵੈਂਟੀਲੇਟਰ ਅਤੇ ਹਸਪਤਾਲ ‘ਚ ਰਹਿਣ-ਖਾਣ ਤੱਕ ਦਾ ਖਰਚ ਸ਼ਾਮਲ ਸੀ, ਇਸਦਾ ਸਾਰਾ ਖਰਚ ਪੰਜਾਬ ਸਰਕਾਰ ਨੇ ਝੱਲਿਆ।

ਗੁਰਪਿੰਦਰ ਨੇ ਕਿਹਾ ਕਿ “ਮਾਂ ਤਾਂ ਮਾਂ ਹੁੰਦੀ ਹੈ,ਉਸਨੂੰ ਹਰ ਹਾਲ ‘ਚ ਬਚਾਉਣਾ ਸੀ। ਪੈਸੇ ਨਹੀਂ ਸਨ, ਪਰ ਰੱਬ ਨੇ ਇਸ ਯੋਜਨਾ ਦੇ ਰੂਪ ‘ਚ ਰਸਤਾ ਵਿਖਾ ਦਿੱਤਾ।” ਡਾਕਟਰਾਂ ਲਈ ਵੀ ਇਹ ਕੇਸ ਬਹੁਤ ਚੁਣੌਤੀਪੂਰਨ ਸੀ। ਕੈਂਸਰ ਬੱਚੇਦਾਨੀ ਤੋਂ ਵੱਧ ਕੇ ਲੀਵਰ ਅਤੇ ਫੇਫੜਿਆਂ ਤੱਕ ਫੈਲ ਗਿਆ ਸੀ। ਪਹਿਲਾਂ ਤਿੰਨ ਵਾਰ ਕੀਮੋਥੈਰੇਪੀ ਦਿੱਤੀ ਗਈ, ਪਰ ਸਰੀਰ ਕਮਜ਼ੋਰ ਹੋਣ ਕਰਕੇ ਸਾਈਡ ਇਫੈਕਟ ਸਾਹਮਣੇ ਆਏ। ਫਿਰ ਹੌਲੀ-ਹੌਲੀ ਡੋਜ਼ ਘੱਟ ਕਰਕੇ ਨੌ ਵਾਰ ਹੋਰ ਕੀਮੋਥੈਰੇਪੀ ਦਿੱਤੀ ਗਈ।

ਇਲਾਜ ਤੋਂ ਬਾਅਦ ਟਿਊਮਰ ਇੱਕ ਥਾਂ ’ਤੇ ਸਿਮਟ ਗਿਆ ਅਤੇ ਡਾਕਟਰਾਂ ਨੇ ਲਗਭਗ ਅੱਠ ਘੰਟੇ ਲੰਬਾ ਆਪਰੇਸ਼ਨ ਕਰਕੇ ਉਸਨੂੰ ਕੱਢ ਦਿੱਤਾ। 35 ਤੋਂ 40 ਟਾਂਕਿਆਂ ਨਾਲ ਮਾਂ ਨੇ ਦਰਦ ਸਹਿੰਦੇ ਹੋਏ ਵੀ ਜ਼ਿੰਦਗੀ ਦੀ ਡੋਰ ਫੜ੍ਹੀ ਰੱਖੀ। ਮਾਂ ਆਪਰੇਸ਼ਨ ਤੋਂ ਬਾਅਦ ਦੋ-ਤਿੰਨ ਦਿਨਾਂ ਲਈ ਆਈਸੀਯੂ ‘ਚ ਅਤੇ ਵੈਂਟੀਲੇਟਰ ’ਤੇ ਰਹੀ, ਫਿਰ ਉਹਨਾਂ ਨੂੰ ਵਾਰਡ ‘ਚ ਸ਼ਿਫ਼ਟ ਕਰ ਦਿੱਤਾ ਗਿਆ।

ਅੱਠ ਦਿਨ ਹਸਪਤਾਲ ‘ਚ ਬਿਤਾਉਣ ਤੋਂ ਬਾਅਦ ਜਦੋਂ ਮਾਂ ਦੀ ਹਾਲਤ ਸੁਧਰਨ ਲੱਗੀ, ਤਾਂ ਜਿਵੇਂ ਉਨ੍ਹਾਂ ਦੀ ਦੁਨੀਆ ਵਾਪਸ ਆ ਗਈ। 24 ਨਵੰਬਰ 2025 ਤੋਂ ਸ਼ੁਰੂ ਹੋਇਆ ਇਹ ਸਫ਼ਰ ਅਜੇ ਵੀ ਜਾਰੀ ਹੈ। ਅਗਲੇ ਇਲਾਜ ਅਤੇ ਜਾਂਚ ਲਈ ਉਹ ਮੁੱਲਾਂਪੁਰ ਸਥਿਤ ਹਸਪਤਾਲ ‘ਚ ਫਾਲੋਅਪ ਲਈ ਜਾਣਗੇ। ਕੁੱਝ ਦਵਾਈਆਂ ਜੋ ਹਸਪਤਾਲ ‘ਚ ਉਪਲੱਬਧ ਨਹੀਂ ਸਨ, ਉਹਨਾਂ ਦਾ ਖਰਚ ਗੁਰਪਿੰਦਰ ਨੇ ਆਪ ਉਠਾਇਆ, ਪਰ ਬਾਕੀ ਸਾਰਾ ਇਲਾਜ ਯੋਜਨਾ ਅਧੀਨ ਮੁਫ਼ਤ ਹੋਇਆ।

ਹਸਪਤਾਲ ‘ਚ ਗਾਇਨੇਕੋਲੋਜੀ ਦੀ ਡਾ. ਸ਼ਿਵਾਲੀ ਨੇ ਸਰਜਰੀ ਦੇ ਡਾਕਟਰਾਂ ਨਾਲ ਮਿਲ ਕੇ ਆਪਰੇਸ਼ਨ ਕੀਤਾ। ਟਾਟਾ ਮੈਮੋਰੀਅਲ ਦੇ ਡਾਕਟਰਾਂ ਮੁਤਾਬਕ, ਇਸ ਸਰਜਰੀ ਉੱਤੇ ਦਵਾਈਆਂ ਨੂੰ ਮਿਲਾ ਕੇ ਘੱਟੋ-ਘੱਟ 8 ਤੋਂ 10 ਲੱਖ ਰੁਪਏ ਦਾ ਖਰਚ ਹੋਇਆ ਹੈ l ਗੁਰਪਿੰਦਰ ਨੇ ਇਸ ਮੱਦਦ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ |

Read More: ਪੰਜਾਬ ਦੇ ਸਕੂਲਾਂ ‘ਚ AI ਨੂੰ ਮੁੱਖ ਵਿਸ਼ੇ ਵਜੋਂ ਕੀਤਾ ਜਾਵੇਗਾ ਸ਼ਾਮਲ

ਵਿਦੇਸ਼

Scroll to Top