ਚੰਡੀਗੜ੍ਹ, 28 ਮਾਰਚ 2026: ਪੰਜਾਬ ਸਰਕਾਰ ਮੁਤਾਬਕ ‘ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਐਂਟੀ ਗੈਂਗਸਟਰ ਹੈਲਪਲਾਈਨ 93946-93946 ਰਾਹੀਂ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤੇ ਹਨ ਅਤੇ 21 ਜਨਵਰੀ, 2026 ਨੂੰ ਇਸਦੀ ਸ਼ੁਰੂਆਤ ਤੋਂ ਬਾਅਦ ਇਸਨੂੰ ਭਾਰੀ ਜਨਤਕ ਸਮਰਥਨ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਗੁਰਮੀਤ ਸਿੰਘ ਚੌਹਾਨ ਨੇ ਕਿਹਾ ਕਿ ਇਸ ਹੈਲਪਲਾਈਨ ‘ਤੇ ਹੁਣ ਤੱਕ ਕੁੱਲ 590 ਇਨਪੁਟ ਪ੍ਰਾਪਤ ਹੋਏ ਹਨ। ਇਹਨਾਂ ‘ਚੋਂ 83 ਨਸ਼ੀਲੇ ਪਦਾਰਥਾਂ ਨਾਲ ਸਬੰਧਤ, 35 ਜਬਰੀ ਵਸੂਲੀ ਨਾਲ ਸਬੰਧਤ, 43 ਗੈਂਗਸਟਰ, 86 ਗੈਰ-ਕਾਨੂੰਨੀ ਹਥਿਆਰਾਂ ਨਾਲ ਸਬੰਧਤ, 74 ਨਿੱਜੀ ਦੁਸ਼ਮਣੀ ਨਾਲ ਸਬੰਧਤ, 13 ਡਕੈਤੀ/ਚੋਰੀ, 11 ਭਗੌੜੇ ਅਪਰਾਧੀ (ਪੀਓ)/ਭਗੌੜੇ ਸ਼ਾਮਲ ਸਨ | ਇਸਦੇ ਨਾਲ ਹੀ ਦੋ ਇਮੀਗ੍ਰੇਸ਼ਨ ਧੋਖਾਧੜੀ ਨਾਲ ਸਬੰਧਤ ਮਾਮਲੇ ਸਨ, ਜਦੋਂ ਕਿ 97 ਮਾਮਲਿਆਂ ਨੂੰ “ਹੋਰ” ਵਜੋਂ ਸ਼੍ਰੇਣੀਬੱਧ ਕੀਤਾ ਸੀ।
ਡੀਆਈਜੀ ਗੁਰਮੀਤ ਚੌਹਾਨ ਨੇ ਕਿਹਾ ਕਿ ਇਸ ਮੁਹਿੰਮ’ਚ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਜਨਤਾ ਦੁਆਰਾ ਦਿੱਤੀ ਜਾਣਕਾਰੀ ਦੇ ਆਧਾਰ ‘ਤੇ, 63 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 26 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਸ ‘ਚ 21 ਰੋਕਥਾਮ ਹਿਰਾਸਤ ਦੇ ਮਾਮਲੇ ਸ਼ਾਮਲ ਹਨ।
ਡੀਆਈਜੀ ਨੇ ਨਾਗਰਿਕਾਂ ਨੂੰ ਪੁਲਿਸ ਦੀਆਂ “ਅੱਖਾਂ ਅਤੇ ਕੰਨ” ਵਜੋਂ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਲੋਕ ਇਸ ਹੈਲਪਲਾਈਨ ‘ਤੇ ਨਾ ਸਿਰਫ਼ ਜਬਰੀ ਵਸੂਲੀ ਨਾਲ ਸਬੰਧਤ ਮਾਮਲਿਆਂ ਦੀ ਰਿਪੋਰਟ ਕਰ ਸਕਦੇ ਹਨ, ਸਗੋਂ ਕਿਸੇ ਵੀ ਸ਼ੱਕੀ ਗੈਂਗਸਟਰ, ਅਪਰਾਧੀ ਜਾਂ ਸਮਾਜ ਵਿਰੋਧੀ ਗਤੀਵਿਧੀ ਦੀ ਵੀ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਕਿਹਾ, “ਮੈਂ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਪੁਲਿਸ ਨੂੰ ਜਾਣਕਾਰੀ ਦੇਣ ਵਾਲੇ ਹਰੇਕ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।”
ਡੀਆਈਜੀ ਗੁਰਮੀਤ ਚੌਹਾਨ ਨੇ ਵੀ ਜਨਤਾ ਨੂੰ ਵਿਦੇਸ਼ਾਂ ‘ਚ ਸਥਿਤ ਸਮਾਜ ਵਿਰੋਧੀ ਅਨਸਰਾਂ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਜੋ ਮਾਸੂਮ ਨੌਜਵਾਨਾਂ ਨੂੰ ਥੋੜ੍ਹੀ ਜਿਹੀ ਰਕਮ ਦੀ ਪੇਸ਼ਕਸ਼ ਕਰਕੇ ਅਪਰਾਧ ‘ਚ ਫਸਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ UPI ਜਾਂ ਹੋਰ ਡਿਜੀਟਲ ਸਾਧਨਾਂ ਰਾਹੀਂ ਅਣਜਾਣ ਵਿਅਕਤੀਆਂ ਨੂੰ ਵਿੱਤੀ ਲੈਣ-ਦੇਣ ਤੋਂ ਬਚਣ। ਉਨ੍ਹਾਂ ਲੋਕਾਂ ਨੂੰ ਅਣਜਾਣ ਥਾਵਾਂ ਤੋਂ ਪੈਕੇਜ ਚੁੱਕਣ ਜਾਂ ਛੱਡਣ ਤੋਂ ਵੀ ਸਾਵਧਾਨ ਕੀਤਾ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਸਥਿਤ ਅਪਰਾਧੀ ਗੈਰ-ਕਾਨੂੰਨੀ ਗਤੀਵਿਧੀਆਂ ਲਈ ਹਥਿਆਰਾਂ ਦੀ ਖੇਪ ਪਹੁੰਚਾਉਣ ਲਈ “ਡੈੱਡ ਲੈਟਰ ਬਾਕਸ” ਦੀ ਵਰਤੋਂ ਕਰ ਰਹੇ ਹਨ।
ਡਿਜੀਟਲ ਅਪਰਾਧ ਈਕੋਸਿਸਟਮ ‘ਤੇ ਕਾਰਵਾਈ ਬਾਰੇ ਡੀਆਈਜੀ ਨੇ ਕਿਹਾ ਕਿ AGTF ਸੋਸ਼ਲ ਮੀਡੀਆ ‘ਤੇ ਸਮਾਜ ਵਿਰੋਧੀ ਗਤੀਵਿਧੀਆਂ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ 643 ਪੰਨਿਆਂ ਨੂੰ ਬਲਾਕ ਕਰ ਦਿੱਤਾ ਹੈ ਜੋ ਹਥਿਆਰਾਂ ਜਾਂ ਅਪਰਾਧਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਹਨ।
ਜਿਕਰਯੋਗ ਹੈ ਕਿ ਪੰਜਾਬ ਪੁਲਿਸ ਪਹਿਲਾਂ ਹੀ ਵਿਦੇਸ਼ਾਂ ‘ਚ ਸਥਿਤ 61 ਵਿਦੇਸ਼ੀ ਗੈਂਗਸਟਰਾਂ ਦੀ ਪਛਾਣ ਕਰ ਚੁੱਕੀ ਹੈ। ਇੱਕ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰੈਡਿਸ਼ਨ ਸੈੱਲ (OFTEC) ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਅਪਰਾਧੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ।
ਉਨ੍ਹਾਂ ਕਿਹਾ ਕਿ ਨਾਗਰਿਕ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਲੋੜੀਂਦੇ ਅਪਰਾਧੀਆਂ ਬਾਰੇ ਜਾਣਕਾਰੀ ਗੁਪਤ ਰੂਪ ‘ਚ ਸਾਂਝੀ ਕਰ ਸਕਦੇ ਹਨ, ਨਾਲ ਹੀ ਸੂਬੇ ‘ਚ ਅਪਰਾਧ ਨੂੰ ਰੋਕਣ ਲਈ ਗੁਪਤ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ।
AGTF ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, DIG ਗੁਰਮੀਤ ਚੌਹਾਨ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅਪ੍ਰੈਲ 2022 ਤੋਂ ਪੰਜਾਬ ਭਰ ‘ਚ 1,111 ਗੈਂਗਸਟਰ/ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ 2,868 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਗਏ 2,273 ਹਥਿਆਰ ਅਤੇ 656 ਵਾਹਨ ਬਰਾਮਦ ਕੀਤੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਰਾਜ ਵਿੱਚ ਗੈਂਗਸਟਰ ਸੱਭਿਆਚਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰਨ ਲਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਪ੍ਰਮੋਦ ਬਾਨ ਦੀ ਅਗਵਾਈ ਹੇਠ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਦਾ ਗਠਨ ਕੀਤਾ ਸੀ।




