ਸਿਡਨੀ, 28 ਮਾਰਚ 2026: ਸਿਡਨੀ ‘ਚ ਭਾਰਤੀ ਭਾਈਚਾਰੇ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ ਤੱਕ ਪਹੁੰਚ ਕਰਨ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਭਾਰਤੀ ਮੀਡੀਆ ਨਾਲ ਸੰਬੰਧਿਤ ਗੁਰਮੀਤ ਸਿੰਘ ਸੰਨੀ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਹੈਰਿਸ ਪਾਰਕ ਵਿਖੇ ਸੰਘੀ ਸੰਸਦ ਮੈਂਬਰ ਐਡਰਿਊ ਚਾਰਟਨ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਭਾਈਚਾਰੇ ਦੀਆਂ ਸਮੱਸਿਆਵਾਂ ਸੰਬੰਧੀ ਉਨ੍ਹਾਂ ਨੂੰ ਇੱਕ ਵਿਸਥਾਰ ਪੱਤਰ ਸੌਂਪਿਆ ਗਿਆ |
ਇਸ ਮੌਕੇ ਬੋਲਦਿਆਂ ਗੁਰਮੀਤ ਸਿੰਘ ਸੰਨੀ ਨੇ ਕਿਹਾ ਕਿ ਲੋਕ ਅਕਸਰ ਮੰਤਰੀਆਂ ਨਾਲ ਸਿਰਫ਼ ਆਪਣੀਆਂ ਫੋਟੋਆਂ ਖਿਚਵਾਉਣ ਲਈ ਮਿਲਦੇ ਹਨ, ਪਰ ਸ਼ਾਇਦ ਹੀ ਕੋਈ ਅਸਲ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਗੰਭੀਰ ਯਤਨ ਕਰਦਾ ਹੈ। ਸੰਨੀ ਨੇ ਕਿਹਾ ਕਿ ਉਨ੍ਹਾਂ ਇੱਕ ਵਿਸ਼ੇਸ਼ ਦਸਤਾਵੇਜ਼ ਤਿਆਰ ਕਰਕੇ ਮੰਤਰੀ ਨੂੰ ਸੌਂਪਿਆ ਗਿਆ ਹੈ, ਇਸ ਪੱਤਰ ‘ਚ ਭਾਰਤੀ ਭਾਈਚਾਰੇ ਨਾਲ ਸੰਬੰਧੀ ਮਸਲਿਆਂ ਦੀ ਸੂਚੀ ਦਿੱਤੀ ਹੈ।
ਗੁਰਮੀਤ ਸਿੰਘ ਸੰਨੀ ਨੇ ਇਸ ਪੱਤਰ ‘ਚ ਸਕੂਲਾਂ ‘ਚ ਸਿੱਖ ਬੱਚਿਆਂ ਨਾਲ ਵਿਤਕਰੇ ਦਾ ਮੁੱਦਾ ਉਠਾਇਆ, ਜਿੱਥੇ ਉਨ੍ਹਾਂ ਦਾ ਕਈ ਵਾਰ ਪੱਗਾਂ ਨੂੰ ਲੈ ਕੇ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਅਕਸਰ ਪੱਗਾਂ ਨੂੰ ਪੱਟੀ (ਬੈਂਡਿਜ਼) ਕਿਹਾ ਜਾਂਦਾ ਹੈ। ਇਸ ਪੱਤਰ ‘ਚ ਮੰਗ ਕੀਤੀ ਹੈ ਕਿ ਸਕੂਲਾਂ ‘ਚ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣ ਤਾਂ ਜੋ ਸਿੱਖ ਪਛਾਣ ਅਤੇ ਭਾਰਤੀ ਅਤੇ ਪੰਜਾਬੀ ਭਾਈਚਾਰਿਆਂ ਦੇ ਇਤਿਹਾਸਕ ਯੋਗਦਾਨ ਬਾਰੇ ਵਧੇਰੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਭਾਰਤੀ ਕਰਿਆਨੇ ਦੀਆਂ ਦੁਕਾਨਾਂ ‘ਚ ਵੇਚੇ ਜਾ ਰਹੇ ਘਟੀਆ ਅਤੇ ਮਿਆਦ ਪੁੱਗ ਚੁੱਕੇ ਉਤਪਾਦਾਂ ਬਾਰੇ ਚਿੰਤਾ ਪ੍ਰਗਟ ਕੀਤੀ। ਪੱਤਰ ‘ਚ ਮੰਗ ਕੀਤੀ ਹੈ ਕਿ ਸਰਕਾਰ ਕਾਮਿਨੀ ਵਰਗੀਆਂ ਨਸ਼ੇ ਦੀਆਂ ਖਤਰਨਾਕ ਦਵਾਈ ਨੂੰ ਰੋਕਣ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਸਥਾਪਤ ਕਰੇ। ਲੋਕਾਂ ਦੀ ਸਿਹਤ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਅਜਿਹੇ ਮਾਮਲਿਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਮਜ਼ਦੂਰਾਂ ਨਾਲ ਹੋ ਰਹੇ ਸ਼ੋਸ਼ਣ ਦਾ ਮੁੱਦਾ ਵੀ ਚੁੱਕਿਆ, ਜਿੱਥੇ ਮਜ਼ਦੂਰਾਂ ਨੂੰ ਕਈ ਥਾਵਾਂ ‘ਤੇ ਘੱਟ ਤਨਖਾਹ ‘ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਰੈਂਡਮ ਜਾਂਚਾਂ ਰਾਹੀਂ ਅਜਿਹੇ ਗੈਰ-ਕਾਨੂੰਨੀ ਪ੍ਰੀਕਿਰਿਆਵਾਂ ਨੂੰ ਰੋਕਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ, ਰਾਜਨੀਤੀ ‘ਚ ਭਾਰਤੀ ਔਰਤਾਂ ਦੀ ਘੱਟ ਭਾਗੀਦਾਰੀ ਅਤੇ ਉਨ੍ਹਾਂ ਨੂੰ ਵਧੇਰੇ ਮੌਕੇ ਅਤੇ ਅਹੁਦੇ ਪ੍ਰਦਾਨ ਕਰਨ ਦੀ ਜ਼ਰੂਰਤ ਵੱਲ ਧਿਆਨ ਦਿਵਾਇਆ। ਇਸ ਮੌਕੇ ਬੋਲਦਿਆਂ ਸੰਘੀ ਸੰਸਦ ਮੈਂਬਰ ਐਡਰਿਊ ਚਾਰਟਨ ਨੇ ਭਰੋਸਾ ਦਿੱਤਾ ਕਿ ਪੇਸ਼ ਕੀਤੀਆਂ ਸਿਫ਼ਾਰਸ਼ਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਮੁੱਦਿਆਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ |
Read More: ਭਾਰਤੀ ਫੌਜ ਦੀ ਵਧੇਗੀ ਤਾਕਤ, ₹2.38 ਲੱਖ ਕਰੋੜ ਦੇ ਫੌਜੀ ਹਾਰਡਵੇਅਰ ਦੇ ਖਰੀਦ ਪ੍ਰਸਤਾਵਾਂ ਨੂੰ ਮਨਜ਼ੂਰੀ



