ਨਵੀਂ ਦਿੱਲੀ, 27 ਮਾਰਚ 2026: ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਦਨ ‘ਚ ਆਪਣੇ ਸੰਬੋਧਨ ਦੌਰਾਨ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ‘ਮੋਟੇ ਅਨਾਜ (ਮਿਲਟਸ) ਖੋਜ ਕੇਂਦਰ’ ਸਥਾਪਿਤ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ 15ਵੀਂ ਸਦੀ ਵਿੱਚ ਭਾਰਤ ਵਿੱਚ ਮੋਟੇ ਅਨਾਜ (ਕੋਧਰਾ) ਦੀ ਵਰਤੋਂ ਦਾ ਪ੍ਰਚਾਰ ਕਰਨ ਵਾਲੇ ਪਹਿਲੇ ਸੰਤ, ਪਹਿਲੇ ਸਿੱਖ ਗੁਰੂ ਹੀ ਸਨ। ਸੰਸਦ ਮੈਂਬਰ ਸੰਧੂ ਨੇ ਖੋਜ ਕਰਨ ਅਤੇ ਫ਼ਸਲਾਂ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕਰਨ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਹਿਮ ਭੂਮਿਕਾ ‘ਤੇ ਵੀ ਚਾਨਣਾ ਪਾਇਆ; ਇਸੇ ਭੂਮਿਕਾ ਸਦਕਾ ਹਰੀ ਕ੍ਰਾਂਤੀ ਦੌਰਾਨ ਭਾਰਤ ਅਨਾਜ ਦੇ ਖੇਤਰ ਵਿੱਚ ਇੱਕ ਆਤਮ-ਨਿਰਭਰ ਦੇਸ਼ ਬਣ ਸਕਿਆ।
ਪਿਛਲੇ ਸੈਸ਼ਨ ਦੌਰਾਨ ਸੰਸਦ ਵਿੱਚ ਅਜਿਹੇ ਤੱਥ ਅਤੇ ਅੰਕੜੇ ਪੇਸ਼ ਕਰਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਦਾ ਧੰਨਵਾਦ ਕਰਦਿਆਂ, ਜਿਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਪਰਾਲੀ ਸਾੜਨ ਕਾਰਨ ਵਧਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨਹੀਂ ਸਨ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਲਈ ਕਿਸਾਨ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਨੇ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪਰਾਲੀ ਸਾੜਨ ਦੇ ਰਵਾਇਤੀ ਤਰੀਕੇ ਨੂੰ ਤਿਆਗ ਕੇ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੇ ਨਵੇਂ ਅਤੇ ਆਧੁਨਿਕ ਤਰੀਕਿਆਂ ਨੂੰ ਅਪਣਾਇਆ ਹੈ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਨਵੰਬਰ 2025 ਵਿੱਚ ਮੋਗਾ ਦੇ ਪਿੰਡ ਰਣਸੀਂਹ ਕਲਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਦੇ ਨਵੇਂ ਤਰੀਕੇ, ਜਿਵੇਂ ਕਿ ਸਿੱਧੀ ਬਿਜਾਈ ਅਤੇ ਮਲਚਿੰਗ ਅਪਣਾਉਂਦੇ ਹੋਏ ਦੇਖਿਆ।
ਕੇਂਦਰੀ ਮੰਤਰੀ ਨੇ ਸਦਨ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਕਿਸਾਨਾਂ ਲਈ ਮੋਟੇ ਅਨਾਜ (ਬਾਜਰਾ) ਦੀਆਂ ਕੁੱਲ 45 ਵੱਧ ਝਾੜ ਦੇਣ ਵਾਲੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਜੁਆਰ, ਬਾਜਰਾ ਅਤੇ ਹੋਰ ਫ਼ਸਲਾਂ ਸ਼ਾਮਲ ਹਨ। ਇਨ੍ਹਾਂ ਫ਼ਸਲਾਂ ਦੀ ਕਾਸ਼ਤ ਮੌਜੂਦਾ ਸਮੇਂ ਵਿੱਚ ਬਠਿੰਡਾ, ਫ਼ਾਜ਼ਿਲਕਾ, ਮਾਨਸਾ, ਮੋਗਾ, ਰੂਪਨਗਰ ਅਤੇ ਸੰਗਰੂਰ ਵਰਗੇ ਉਨ੍ਹਾਂ ਜ਼ਿਲ੍ਹਿਆਂ ਵਿੱਚ ਕੀਤੀ ਜਾ ਰਹੀ ਹੈ, ਜੋ ਰਵਾਇਤੀ ਤੌਰ ‘ਤੇ ਮੋਟੇ ਅਨਾਜ ਦੀ ਪੈਦਾਵਾਰ ਲਈ ਜਾਣੇ ਜਾਂਦੇ ਹਨ।
Read More: ਦੇਸ਼ ਨੂੰ ਅਨਾਜ ‘ਚ ਆਤਮ ਨਿਰਭਰ ਬਣਾਉਣ ਲਈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਸ਼ਲਾਘਾ




