ਦੇਸ਼, 13 ਮਾਰਚ 2026: West Asia Tensions: ਪੱਛਮੀ ਏਸ਼ੀਆ ‘ਚ ਈਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਕਾਰ ਵਧਦਾ ਤਣਾਅ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਟਕਰਾਅ ‘ਚ ਭਾਰਤੀ ਨਾਗਰਿਕਾਂ ਦੇ ਮਾਰੇ ਜਾਣ ਅਤੇ ਬੰਬ ਧਮਾਕਿਆਂ ਦੀਆਂ ਰਿਪੋਰਟਾਂ ਨੇ ਸਰਕਾਰ ਨੂੰ ਸੁਚੇਤ ਕਰ ਦਿੱਤਾ ਹੈ। ਸਥਿਤੀ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਜੀਤ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਤੇਜ਼ੀ ਨਾਲ ਵਿਕਸਤ ਹੋ ਰਹੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਹਾਲ ਹੀ ‘ਚ ਈਰਾਨ ਦੇ ਰਾਸ਼ਟਰਪਤੀ ਡਾ. ਮਸੂਦ ਪੇਜ਼ੇਸ਼ਕੀਅਨ ਨਾਲ ਫ਼ੋਨ ‘ਤੇ ਗੱਲ ਕੀਤੀ। ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨੇ ਈਰਾਨ ‘ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਸੰਬੰਧੀ ਭਾਰਤ ਦੀਆਂ ਤਰਜੀਹਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਊਰਜਾ ਅਤੇ ਸਮੱਗਰੀ ਆਵਾਜਾਈ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਖੇਤਰ ‘ਚ ਸੁਰੱਖਿਆ ਸਥਿਤੀ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਭਾਰਤ ਦੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।
ਵਿਦੇਸ਼ ਮੰਤਰੀ ਨੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨਾਲ ਵੀ ਗੱਲ ਕੀਤੀ। ਦੋਵਾਂ ਮੰਤਰੀਆਂ ਨੇ ਦੁਵੱਲੇ ਮੁੱਦਿਆਂ ਦੇ ਨਾਲ-ਨਾਲ ਬ੍ਰਿਕਸ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ। ਇਹ ਦਰਸਾਉਂਦਾ ਹੈ ਕਿ ਭਾਰਤ ਖੇਤਰ ‘ਚ ਸਥਿਰਤਾ ਬਣਾਈ ਰੱਖਣ ਅਤੇ ਆਪਣੇ ਹਿੱਤਾਂ ਦੀ ਰੱਖਿਆ ਲਈ ਸਾਰੇ ਸੰਭਵ ਕੂਟਨੀਤਕ ਚੈਨਲਾਂ ਦੀ ਵਰਤੋਂ ਕਰ ਰਿਹਾ ਹੈ।
ਭਾਰਤੀ ਨਾਗਰਿਕ ਈਰਾਨ ਤੋਂ ਸੁਰੱਖਿਅਤ ਵਾਪਸੀ
ਵੱਡੀ ਗਿਣਤੀ ‘ਚ ਭਾਰਤੀ ਨਾਗਰਿਕ ਈਰਾਨ ਤੋਂ ਸੁਰੱਖਿਅਤ ਵਾਪਸ ਆ ਰਹੇ ਹਨ। ਪਿਛਲੇ ਕੁਝ ਦਿਨਾਂ ‘ਚ, ਅੱਜ ਸਮੇਤ 170 ਭਾਰਤੀ ਨਾਗਰਿਕ ਅਰਮੀਨੀਆ ਰਾਹੀਂ ਜ਼ਮੀਨੀ ਸਰਹੱਦ ਪਾਰ ਕਰ ਚੁੱਕੇ ਹਨ। ਇਨ੍ਹਾਂ ‘ਚੋਂ ਬਹੁਤ ਸਾਰੇ ਭਾਰਤ ਵਾਪਸ ਆ ਗਏ ਹਨ, ਅਤੇ ਬਾਕੀ ਆਉਣ ਵਾਲੇ ਦਿਨਾਂ ‘ਚ ਵਪਾਰਕ ਉਡਾਣਾਂ ਰਾਹੀਂ ਵਾਪਸ ਆ ਜਾਣਗੇ।
ਸਮੁੰਦਰੀ ਖੇਤਰ ‘ਚ ਭਾਰਤੀ ਮਲਾਹਾਂ ਦੀ ਸਥਿਤੀ
ਸ਼ਿਪਿੰਗ ਮੰਤਰਾਲੇ ਦੇ ਅਧਿਕਾਰੀ ਰਾਜੇਸ਼ ਕੁਮਾਰ ਸਿਨਹਾ ਨੇ ਵੀ ਖਾੜੀ ਖੇਤਰ ‘ਚ ਭਾਰਤੀ ਜਹਾਜ਼ਾਂ ਅਤੇ ਮਲਾਹਾਂ ਦੀ ਸਥਿਤੀ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਐਲਪੀਜੀ ਕੈਰੀਅਰ ਜਹਾਜ਼ਾਂ ਨੂੰ ਪ੍ਰਮੁੱਖ ਬੰਦਰਗਾਹਾਂ ‘ਤੇ ਤਰਜੀਹ ਦਿੱਤੀ ਜਾ ਰਹੀ ਹੈ। ਮੌਜੂਦਾ ਸੰਕਟ ਅਤੇ ਖਾੜੀ ਖੇਤਰ ‘ਚ ਵਿਕਸਤ ਹੋ ਰਹੀ ਸਥਿਤੀ ਦੇ ਮੱਦੇਨਜ਼ਰ, ਬਦਕਿਸਮਤੀ ਨਾਲ, ਭਾਰਤੀ ਮਲਾਹਾਂ ਨਾਲ ਸਬੰਧਤ ਤਿੰਨ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ, ਜਿਨ੍ਹਾਂ ‘ਚੋਂ ਇੱਕ ਅਜੇ ਵੀ ਲਾਪਤਾ ਹੈ। ਇਸ ਤੋਂ ਇਲਾਵਾ, ਚਾਰ ਮਲਾਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਡਾਕਟਰੀ ਇਲਾਜ ਹੋ ਰਿਹਾ ਹੈ।
ਫਾਰਸ ਦੀ ਖਾੜੀ ‘ਚ, ਹੋਰਮੁਜ਼ ਦੇ ਪੱਛਮ ਚ 24 ਭਾਰਤੀ ਝੰਡੇ ਵਾਲੇ ਜਹਾਜ਼ 677 ਭਾਰਤੀ ਮਲਾਹਾਂ ਦੇ ਨਾਲ ਮੌਜੂਦ ਹਨ। ਓਮਾਨ ਦੀ ਖਾੜੀ ‘ਚ, ਹੋਰਮੁਜ਼ ਦੇ ਪੂਰਬ ‘ਚ ਚਾਰ ਜਹਾਜ਼ ਸਨ, ਜਿਨ੍ਹਾਂ ਵਿੱਚੋਂ ਇੱਕ ਹੁਣ ਖੇਤਰ ਛੱਡ ਗਿਆ ਹੈ, ਜਿਸ ਨਾਲ ਤਿੰਨ ਭਾਰਤੀ ਝੰਡੇ ਵਾਲੇ ਜਹਾਜ਼ ਖੇਤਰ ਵਿੱਚ ਰਹਿ ਗਏ ਹਨ ਜਿਨ੍ਹਾਂ ਵਿੱਚ 76 ਭਾਰਤੀ ਮਲਾਹ ਹਨ। ਲਗਭਗ 23,000 ਭਾਰਤੀ ਮਲਾਹ ਖਾੜੀ ਖੇਤਰ ‘ਚ ਵੱਖ-ਵੱਖ ਜਹਾਜ਼ਾਂ ‘ਤੇ ਕੰਮ ਕਰਦੇ ਹਨ।
ਵਿਦੇਸ਼ ਮੰਤਰਾਲੇ ‘ਚ ਸੰਯੁਕਤ ਸਕੱਤਰ (ਖਾੜੀ) ਅਸੀਮ ਮਹਾਜਨ ਨੇ ਮਸਕਟ ਦੇ ਸੋਹਰ ‘ਚ ਇੱਕ ਘਟਨਾ ਦਾ ਜ਼ਿਕਰ ਕੀਤਾ, ਜਿਸ ਵਿੱਚ ਦੋ ਭਾਰਤੀ ਨਾਗਰਿਕ ਮਾਰੇ ਗਏ ਅਤੇ 11 ਜ਼ਖਮੀ ਹੋਏ, ਜਿਨ੍ਹਾਂ ‘ਚੋਂ 10 ਭਾਰਤੀ ਸਨ। ਜ਼ਖਮੀਆਂ ਵਿੱਚੋਂ ਪੰਜ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਪੰਜ ਸਥਾਨਕ ਹਸਪਤਾਲਾਂ ‘ਚ ਹਨ। ਕੋਈ ਗੰਭੀਰ ਸੱਟਾਂ ਦੀ ਰਿਪੋਰਟ ਨਹੀਂ ਹੈ।
ਇਸ ਤੋਂ ਇਲਾਵਾ, ਇਰਾਕ ਦੇ ਬਸਰਾ ਨੇੜੇ “ਸੇਫਸੀ ਵਿਸ਼ਨੂੰ” ਨਾਮਕ ਇੱਕ ਜਹਾਜ਼ ‘ਤੇ ਹੋਏ ਹਮਲੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਜਹਾਜ਼ ਦੇ 15 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਉਹ ਬਸਰਾ ਦੇ ਇੱਕ ਹੋਟਲ ‘ਚ ਠਹਿਰੇ ਹੋਏ ਹਨ। ਮ੍ਰਿਤਕ ਭਾਰਤੀ ਨਾਗਰਿਕ ਦੀ ਲਾਸ਼ ਨੂੰ ਪ੍ਰਾਪਤ ਕਰਨ ਅਤੇ ਬਾਕੀ 15 ਮਲਾਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਯਤਨ ਜਾਰੀ ਹਨ।
Read More: ਇਰਾਕ ‘ਚ ਅਮਰੀਕੀ ਹਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, 4 ਚਾਲਕ ਦਲ ਮੈਂਬਰਾਂ ਦੀ ਮੌ.ਤ




