ਚੰਡੀਗੜ੍ਹ/ਐਸਏਐਸ ਨਗਰ, 01 ਮਾਰਚ 2026: ਪੰਜਾਬ ਦੇ ਸਿੱਖਿਆ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇੱਕ ਵਿਕਸਤ ਰਾਸ਼ਟਰ ਦਾ ਮਾਰਗ ਉਸਦੀਆਂ ਵਿਗਿਆਨਕ ਖੋਜਾਂ ਦੁਆਰਾ ਨਿਰਧਾਰਤ ਹੁੰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਦੀ ਵਿਕਾਸ ਕਹਾਣੀ ਨੂੰ ਵਿਸ਼ਵ ਪੱਧਰ ‘ਤੇ ਉੱਚਾ ਚੁੱਕਣ ਲਈ ਉਤਸੁਕਤਾ ਦੀ ਭਾਵਨਾ ਅਪਣਾਉਣ ਦਾ ਸੱਦਾ ਦਿੱਤਾ।
ਰਾਸ਼ਟਰੀ ਵਿਗਿਆਨ ਦਿਵਸ ਦੇ ਮੌਕੇ ‘ਤੇ ਆਈਆਈਐਸਈਆਰ ਮੋਹਾਲੀ ਵਿਖੇ ਸਾਲਾਨਾ ਸਾਇੰਸ ਫੈਸਟ “ਤੱਤਵਾ” ਦਾ ਉਦਘਾਟਨ ਕਰਦੇ ਹੋਏ, ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਵਿਗਿਆਨ ਨੂੰ ਸਿਰਫ਼ ਇੱਕ ਵਿਸ਼ੇ ਵਜੋਂ ਨਹੀਂ ਸਗੋਂ ਰਾਸ਼ਟਰ ਨਿਰਮਾਣ ਲਈ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਦੇਖਣ ਦੀ ਅਪੀਲ ਕੀਤੀ।
ਸੰਸਥਾ ਅਤੇ ਸਕੂਲ ਆਫ਼ ਐਮੀਨੈਂਸ ਐਂਡ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਪਹੀਏ ਦੀ ਕਾਢ ਤੋਂ ਲੈ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ, ਮਨੁੱਖੀ ਤਰੱਕੀ ਦਾ ਹਰ ਪੜਾਅ ਵਿਗਿਆਨ ‘ਤੇ ਅਧਾਰਤ ਰਿਹਾ ਹੈ। ਸਾਡੇ ਦੇਸ਼ ਦੀ ਤਰੱਕੀ ਵਿਗਿਆਨ ਦੀ ਭਾਸ਼ਾ ‘ਚ ਲਿਖੀ ਗਈ ਹੈ।”
ਹਾਈ-ਸਪੀਡ ਰੇਲ, ਏਰੋਸਪੇਸ, ਮੈਡੀਕਲ ਸਾਇੰਸ ਅਤੇ ਡਿਜੀਟਲ ਬੁਨਿਆਦੀ ਢਾਂਚੇ ‘ਚ ਭਾਰਤ ਦੀ ਤਰੱਕੀ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਹਾਈ-ਸਪੀਡ ਰੇਲ, ਏਰੋਸਪੇਸ, ਮੈਡੀਕਲ ਸਾਇੰਸ ਅਤੇ ਡਿਜੀਟਲ ਬੁਨਿਆਦੀ ਢਾਂਚੇ ‘ਚ ਭਾਰਤ ਦੀ ਤਰੱਕੀ ਇੱਕ ਵਿਗਿਆਨਕ ਪਹੁੰਚ ਦਾ ਨਤੀਜਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਹਾਨ ਭਾਰਤੀ ਵਿਗਿਆਨੀਆਂ – ਸੀ.ਵੀ. ਰਮਨ, ਜਿਨ੍ਹਾਂ ਦੀ ਰਮਨ ਈਫੈਕਟ ਦੀ ਖੋਜ ਨੂੰ ਰਾਸ਼ਟਰੀ ਵਿਗਿਆਨ ਦਿਵਸ ‘ਤੇ ਯਾਦ ਕੀਤਾ ਜਾਂਦਾ ਹੈ | ਉਨ੍ਹਾਂ ਨੇ ਨਰਿੰਦਰ ਸਿੰਘ ਕਪਾਨੀ, ਪਿਆਰਾ ਸਿੰਘ ਗਿੱਲ ਅਤੇ ਨੋਬਲ ਪੁਰਸਕਾਰ ਜੇਤੂ ਹਰ ਗੋਬਿੰਦ ਖੁਰਾਨਾ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੂਰਦਰਸ਼ੀ ਵਿਗਿਆਨੀਆਂ ਨੇ ਨਾ ਸਿਰਫ਼ ਸਮੱਸਿਆਵਾਂ ਨੂੰ ਹੱਲ ਕੀਤਾ ਬਲਕਿ ਆਧੁਨਿਕ ਭਾਰਤ ਦੀ ਨੀਂਹ ਵੀ ਰੱਖੀ। ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨੀਆਂ ਨੂੰ ਆਪਣਾ ਰੋਲ ਮਾਡਲ ਅਤੇ ਕਿਤਾਬਾਂ ਨੂੰ ਆਪਣਾ ਜੀਵਨ ਭਰ ਦਾ ਸਾਥੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਟੀਚਾ ਸਿਰਫ਼ ਆਈਆਈਟੀ, ਆਈਆਈਐਮ, ਜਾਂ ਆਈਆਈਐਸਈਆਰ ਵਰਗੇ ਵੱਕਾਰੀ ਅਦਾਰਿਆਂ ‘ਚ ਦਾਖਲਾ ਲੈਣਾ ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਤੋਂ ਗਿਆਨ ਪ੍ਰਾਪਤ ਕਰਨਾ ਅਤੇ ਰਾਸ਼ਟਰ-ਨਿਰਮਾਤਾ ਵਜੋਂ ਉਭਰਨਾ ਹੋਣਾ ਚਾਹੀਦਾ ਹੈ।
ਰਾਸ਼ਟਰੀ ਵਿਕਾਸ ‘ਚ ਉਤਸੁਕਤਾ ਦੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ, ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ‘ਚ ਵਾਪਰ ਰਹੀਆਂ ਘਟਨਾਵਾਂ ਦੇ “ਕਿਉਂ” ਅਤੇ “ਕਿਵੇਂ” ਬਾਰੇ ਸਵਾਲ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਮਿਆਰੀ ਬੁਨਿਆਦੀ ਢਾਂਚੇ ਅਤੇ ਪ੍ਰਤੀਯੋਗੀ ਕੋਚਿੰਗ ‘ਤੇ ਧਿਆਨ ਚੰਗੇ ਨਤੀਜੇ ਦੇ ਰਿਹਾ ਹੈ, ਇਸ ਸਾਲ ਸਰਕਾਰੀ ਸਕੂਲਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਜੇਈਈ ਮੇਨਜ਼ ਪ੍ਰੀਖਿਆ ਪਾਸ ਕੀਤੀ ਹੈ।
ਉਨ੍ਹਾਂ ਨੇ ਆਈਆਈਐਸਈਆਰ ਮੋਹਾਲੀ ਦੇ ਡਾਇਰੈਕਟਰ ਅਨਿਲ ਕੁਮਾਰ ਤ੍ਰਿਪਾਠੀ ਨੂੰ ਵਿਗਿਆਨ ਵਾਤਾਵਰਣ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ ਅਤੇ ਰਾਜ ਦੇ ਸਕੂਲ ਸਿੱਖਿਆ ਵਿਭਾਗ ਅਤੇ ਮੋਹਰੀ ਖੋਜ ਸੰਸਥਾਵਾਂ ਵਿਚਕਾਰ ਸਹਿਯੋਗ ਵਧਾਉਣ ਦੀ ਇੱਛਾ ਪ੍ਰਗਟ ਕੀਤੀ।
ਉਨ੍ਹਾਂ ਕਿਹਾ ਕਿ ਆਈਆਈਐਸਈਆਰ ਵਰਗੇ ਸੰਸਥਾਨ ਨਵੀਨਤਾ ਦੇ ਪ੍ਰਮੁੱਖ ਕੇਂਦਰ ਹਨ, ਅਤੇ ਸਰਕਾਰ ਚਾਹੁੰਦੀ ਹੈ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਸਰੋਤਾਂ ਤੱਕ ਸਿੱਧੀ ਪਹੁੰਚ ਹੋਵੇ, ਪ੍ਰਯੋਗਸ਼ਾਲਾਵਾਂ ‘ਚ ਕੰਮ ਕਰਨ, ਫੈਕਲਟੀ ਤੋਂ ਸਿੱਖਣ ਅਤੇ ਵਿਗਿਆਨਕ ਵਾਤਾਵਰਣ ਦਾ ਅਨੁਭਵ ਕਰਨ।
ਇਸ ਸਮਾਗਮ ਦੌਰਾਨ ਮੰਤਰੀ ਨੇ ਵਿਗਿਆਨ ਮੈਗਜ਼ੀਨ “ਮੇਰਾਕੀ” ਜਾਰੀ ਕੀਤਾ ਅਤੇ ਆਈਆਈਐਸਈਆਰ ਮੋਹਾਲੀ ਦੇ ਸਾਬਕਾ ਵਿਦਿਆਰਥੀਆਂ ਦੀ ਵੈੱਬਸਾਈਟ ਲਾਂਚ ਕੀਤੀ। ਉਨ੍ਹਾਂ ਵਿਦਿਆਰਥੀਆਂ ਦੁਆਰਾ ਕਰਵਾਈ ਇੱਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ, ਨੌਜਵਾਨ ਖੋਜਕਰਤਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਗਿਆਨਕ ਮਾਡਲਾਂ ਅਤੇ ਨਵੀਨਤਾਕਾਰੀ ਸੋਚ ਦੀ ਸ਼ਲਾਘਾ ਕੀਤੀ।
ਇਸ ਮੌਕੇ ‘ਤੇ, ਡਾਇਰੈਕਟਰ ਡਾ. ਅਨਿਲ ਕੁਮਾਰ ਤ੍ਰਿਪਾਠੀ ਨੇ ਸਿੱਖਿਆ ਮੰਤਰੀ ਦਾ ਸਵਾਗਤ ਕੀਤਾ ਅਤੇ ‘ਰਮਨ ਇਫੈਕਟ’ ਨੂੰ ਸਮਰਪਿਤ ਰਾਸ਼ਟਰੀ ਵਿਗਿਆਨ ਦਿਵਸ ਦੀ ਮਹੱਤਤਾ ‘ਤੇ ਚਾਨਣਾ ਪਾਇਆ, ਜਿਸ ਰਾਹੀਂ ਭਾਰਤੀ ਵਿਗਿਆਨ ਨੇ ਵਿਸ਼ਵ ਪੱਧਰ ‘ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ।
Read More: ਆਬਕਾਰੀ ਨੀਤੀ ਮਾਮਲੇ ‘ਚ ਅਰਵਿੰਦ ਕੇਜਰੀਵਾਲ ਨੂੰ ਬਰੀ ਕਰਨਾ ਲੋਕਤੰਤਰ ਦੀ ਜਿੱਤ: ਮੋਹਿੰਦਰ ਭਗਤ




