ਚੰਡੀਗੜ੍ਹ, 27 ਫਰਵਰੀ 2026: ਪੰਜਾਬ ਸਰਕਾਰ ਨੇ ਆਪਣੇ ਟਰਸ਼ਟੀ ਕੇਅਰ ਨੈੱਟਵਰਕ ‘ਚ ਆਧੁਨਿਕ ਕੋਕਲੀਅਰ ਇਮਪਲਾਂਟ ਸਰਜਰੀਆਂ ਦੀ ਪੂਰੀ ਤਰ੍ਹਾਂ ਮੁਫ਼ਤ ਸਹੂਲਤ ਸ਼ੁਰੂ ਕੀਤੀ ਹੈ | ਪੰਜਾਬ ਸਰਕਾਰ ਮੁਤਾਬਕ ਇਹ ਸੇਵਾ ਜੋ ਹੁਣ ਤੱਕ ਆਮ ਵਰਗ ਦੀ ਪਹੁੰਚ ਤੋਂ ਬਾਹਰ ਸੀ ਅਤੇ ਸਿਰਫ਼ ਕੁਝ ਖਾਸ ਲੋਕਾਂ ਤੱਕ ਹੀ ਸੀਮਿਤ ਸੀ, ਹੁਣ ਸਮੁੱਚੇ ਪੰਜਾਬ ਦੇ ਬੱਚਿਆਂ ਲਈ ਮੁਫ਼ਤ ਉਪਲਬੱਧ ਹੈ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਇਸਦੀ ਅਜ਼ਮਾਇਸ਼ ਤੋਂ ਬਾਅਦ ਸਰਕਾਰ ਨੇ ਬੱਚਿਆਂ ਦੇ ਬੇਲੋਪਣ ਦੀ ਸਮੱਸਿਆ ਨੂੰ ਖਤਮ ਕਰਨ ਲਈ ਇੱਕ ਮਜ਼ਬੂਤ ਚਾਰ-ਨੋਡ ਸਰਜੀਕਲ ਢਾਂਚਾ ਸਥਾਪਤ ਕੀਤਾ ਹੈ। ਕੋਕਲੀਅਰ ਇਮਪਲਾਂਟ ਸਰਜਰੀਆਂ ਹੁਣ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਅੰਮ੍ਰਿਤਸਰ; ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਪਟਿਆਲਾ; ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ; ਅਤੇ ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਐਸਏਐਸ ਨਗਰ ਵਿਖੇ ਪੂਰੀ ਤਰ੍ਹਾਂ ਕਾਰਜਸ਼ੀਲ ਹਨ।
ਸਰਕਾਰ ਨੇ ਕਿਹਾ ਹੈ ਕਿ ਕੋਕਲੀਅਰ ਇਮਪਲਾਂਟ ਸੇਵਾਵਾਂ ਆਧੁਨਿਕ ਸਿਹਤ ਸੰਭਾਲ ‘ਚ ਸਭ ਤੋਂ ਮਹਿੰਗੇ ਡਾਕਟਰੀ ਇਲਾਜ ‘ਚੋਂ ਇੱਕ ਹੈ। ਪ੍ਰਾਈਵੇਟ ਸੈਕਟਰ ‘ਚ ਇਸਦਾ ਖਰਚਾ ਆਮ ਤੌਰ ‘ਤੇ ਇੱਕ ਕੰਨ ਲਈ 6,00,000 ਤੋਂ 10,00,000 ਰੁਪਏ ਦੇ ਵਿਚਾਲੇ ਆਉਂਦਾ ਹੈ। ਜ਼ਿਆਦਾਤਰ ਪਰਿਵਾਰਾਂ ਲਈ ਇਹ ਖਰਚਾ ਵੱਡੇ ਕਰਜ਼ ਦਾ ਕਾਰਨ ਬਣਦਾ ਸੀ ਜਾਂ ਉਹ ਦਿਲ ਭਾਰਾ ਕਰਕੇ ਇਲਾਜ ਤੋਂ ਪਾਸਾ ਵੱਟ ਲੈਂਦੇ ਸਨ।
ਪੰਜਾਬ ਸਰਕਾਰ ਨੇ ਕਿਹਾ ਕਿ ਇਸ ਵਿੱਤੀ ਰੁਕਾਵਟ ਨੂੰ ਖਤਮ ਕਰ ਦਿੱਤਾ ਹੈ। ਇਸ ਉਪਰਾਲੇ ਨਾਲ ਇਮਪਲਾਂਟ ਡਿਵਾਈਸ, ਸਰਜਰੀ, ਹਸਪਤਾਲ ‘ਚ ਭਰਤੀ ਅਤੇ ਪੋਸਟ-ਆਪਰੇਟਿਵ ਦੇਖਭਾਲ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ। ਪਰਿਵਾਰਾਂ ਨੂੰ ਹੁਣ ਆਪਣੇ ਬੱਚੇ ਦੀ ਸੁਣਨ ਅਤੇ ਬੋਲਣ ਦੀ ਯੋਗਤਾ ਨੂੰ ਸੁਰੱਖਿਅਤ ਕਰਨ ਲਈ ਆਪਣਾ ਭਵਿੱਖ ਗਿਰਵੀ ਰੱਖਣ ਲਈ ਮਜਬੂਰ ਨਹੀਂ ਹੋਣਾ ਪੈਂਦਾ।
ਅਣਜਾਣ ਸੰਕਟ ਨਾਲ ਨਜਿੱਠਣਾ
ਸੁਣਨ ਸ਼ਕਤੀ ਦਾ ਵਿਕਾਰ ਭਾਰਤ ਦੀਆਂ ਸਭ ਤੋਂ ਘੱਟ ਪਹਿਚਾਣੀਆਂ ਜਾਣ ਵਾਲੀਆਂ ਸਿਹਤ ਚੁਣੌਤੀਆਂ ‘ਚੋਂ ਇੱਕ ਹੈ। ਭਾਰਤ ‘ਚ ਕਰੀਬ 6.3 ਫ਼ੀਸਦੀ ਆਬਾਦੀ ਸੁਣਨ ਸ਼ਕਤੀ ਦੇ ਵਿਕਾਰ ਤੋਂ ਪੀੜਤ ਹੈ। ਭਾਰਤ ‘ਚ ਹਰ 1,000 ਨਵਜੰਮੇ ਬੱਚਿਆਂ ‘ਚੋਂ ਲਗਭੱਗ 5 ਬੱਚੇ ਸੁਣਨ ਸ਼ਕਤੀ ਦੇ ਗੰਭੀਰ ਵਿਕਾਰ ਨਾਲ ਪੈਦਾ ਹੁੰਦੇ ਹਨ, ਜੋ ਕਿ ਵਿਸ਼ਵਵਿਆਪੀ ਔਸਤ ਨਾਲੋਂ ਕਾਫ਼ੀ ਜ਼ਿਆਦਾ ਹੈ। ਇਸ ਤੋਂ ਇਲਾਵਾ, ਅੰਦਾਜ਼ਨ 5 ਫ਼ੀਸਦੀ ਵਿਦਿਆਰਥੀਆਂ ‘ਚ ਸੁਣਨ ਸ਼ਕਤੀ ਦੀ ਸਮੱਸਿਆ ਦਾ ਪਤਾ ਨਹੀਂ ਲੱਗਦਾ, ਜਿਨ੍ਹਾਂ ਨੂੰ ਅਕਸਰ ਅਣਜਾਣੇ ‘ਚ ਹੌਲੀ ਸਿੱਖਣ ਵਾਲੇ ਜਾਂ ਘੱਟ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਮਝਿਆ ਜਾਂਦਾ ਹੈ।
ਇਹ ਅੰਕੜੇ ਇੱਕ ਅਜਿਹੇ ਸੰਕਟ ਨੂੰ ਦਰਸਾਉਂਦੇ ਹਨ ਜੋ ਨਾ ਸਿਰਫ਼ ਮੈਡੀਕਲ ਨਾਲ ਸਬੰਧਤ ਹੈ ਬਲਕਿ ਸਮਾਜਿਕ ਅਤੇ ਵਿਦਿਅਕ ਖੇਤਰ ਨਾਲ ਵੀ ਸਬੰਧਤ ਹੈ। ਇਨ੍ਹਾਂ ਬੱਚਿਆਂ ਦੀ ਸੁਣਨ ਸ਼ਕਤੀ ਦੇ ਵਿਕਾਰ ਦਾ ਇਲਾਜ ਨਹੀਂ ਕੀਤਾ ਜਾਂਦਾ, ਉਨ੍ਹਾਂ ਨੂੰ ਅਕਸਰ ਬਦਨਾਮੀ ਅਤੇ ਇਕੱਲਾਪਣ ਮਹਿਸੂਸ ਹੁੰਦਾ ਹੈ ਅਤੇ ਉਨ੍ਹਾਂ ਦੇ ਵਿਕਾਸ ਦੀ ਸੰਭਾਵਨਾ ਘੱਟ ਜਾਂਦੀ ਹੈ। ਮੁਫ਼ਤ ਕੋਕਲੀਅਰ ਇਮਪਲਾਂਟ ਸੇਵਾਵਾਂ ਨੂੰ ਸੰਸਥਾਗਤ ਬਣਾ ਕੇ, ਪੰਜਾਬ ਨੇ ਸਿੱਧੇ ਤੌਰ ‘ਤੇ ਇਸ ਅਣਜਾਣ ਸੰਕਟ ਦਾ ਸਾਹਮਣਾ ਕੀਤਾ ਹੈ।
ਗੋਲਡਨ ਵਿੰਡੋ
ਡਾਕਟਰੀ ਵਿਗਿਆਨ ਸ਼ੁਰੂਆਤੀ ਦਖਲ ਦੀ ਮਹੱਤਤਾ ‘ਤੇ ਜ਼ੋਰ ਦਿੰਦਾ ਹੈ। ਭਾਸ਼ਾ ਦੇ ਵਿਕਾਸ ਲਈ ਦਿਮਾਗ ਦੀ ਪਲਾਸਟੀਸਿਟੀ 0 ਤੋਂ 3 ਸਾਲ ਦੀ ਉਮਰ ਦੇ ਵਿਚਾਲੇ ਸਭ ਤੋਂ ਵੱਧ ਹੁੰਦੀ ਹੈ। ਇਹ ਸਮਾਂ ਕੋਕਲੀਅਰ ਇਮਪਲਾਂਟੇਸ਼ਨ ਲਈ ਸਭ ਤੋਂ ਢੁੱਕਵਾਂ ਹੁੰਦਾ ਹੈ, ਜਿਸ ਦੌਰਾਨ ਬੱਚੇ ਆਮ ਸੁਣਨ ਵਾਲੇ ਬੱਚਿਆਂ ਦੇ ਬਰਾਬਰ ਬੋਲੀ ਅਤੇ ਭਾਸ਼ਾ ਵਿਕਸਤ ਕਰ ਸਕਦੇ ਹਨ।
3 ਤੋਂ 5 ਸਾਲ ਦੀ ਉਮਰ ਦੇ ਵਿਚਾਲੇ ਵੀ ਸਰਜਰੀ ਲਾਭਦਾਇਕ ਹੁੰਦੀ ਹੈ ਪਰ ਵਿਕਾਸ ਵਿਚਲੀ ਦੇਰੀ ਦੀ ਭਰਪਾਈ ਲਈ ਆਡੀਟੋਰੀ-ਵਰਬਲ ਥੈਰੇਪੀ ਦੀ ਲੋੜ ਹੁੰਦੀ ਹੈ। ਇਸ ਪੜਾਅ ਤੋਂ ਬਾਅਦ, ਪ੍ਰਭਾਵਸ਼ੀਲਤਾ ਤੇਜ਼ੀ ਨਾਲ ਘਟ ਜਾਂਦੀ ਹੈ ਅਤੇ ਸਰਜਰੀ ਬੇਅਸਰ ਹੋ ਜਾਂਦੀ ਹੈ।
ਦੇਰੀ ਦੇ ਨਤੀਜੇ ਬਹੁਤ ਗੰਭੀਰ ਹੁੰਦੇ ਹਨ, ਸਮੇਂ ਸਿਰ ਦਖਲ ਤੋਂ ਬਿਨਾਂ, ਬੱਚਿਆਂ ਨੂੰ ਬੋਲਣ ਦੀ ਸਥਾਈ ਅਯੋਗਤਾ, ਸਮਾਜਿਕ ਇਕੱਲਾਪਣ, ਸੀਮਤ ਵਿਦਿਅਕ ਮੌਕਿਆਂ ਅਤੇ ਜੀਵਨ ਭਰ ਦੀ ਨਿਰਭਰਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਵਾਰ ਸਹੀ ਸਮੇਂ ਸਿਰ ਕੀਤੀ ਸਰਜਰੀ ਦਹਾਕਿਆਂ ਤੱਕ ਇਕੱਲੇਪਣ ਨਾਲ ਰਹਿਣ ਤੋਂ ਬਚਾਅ ਸਕਦੀ ਹੈ। ਸਾਰੇ ਸਰਕਾਰੀ ਮੈਡੀਕਲ ਕਾਲਜਾਂ ‘ਚ ਇਸ ਪਹੁੰਚ ਦਾ ਵਿਸਤਾਰ ਕਰਕੇ, ਪੰਜਾਬ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ |
ਰਾਸ਼ਟਰੀ ਯੋਜਨਾ ਬੰਦ ਹੋਣ ਤੋਂ ਬਾਅਦ ਵੀ ਪੰਜਾਬ ਮੋਹਰੀ
ਜਦੋਂ ਭਾਰਤ ਸਰਕਾਰ ਦੀ ਕੋਕਲੀਅਰ ਇਮਪਲਾਂਟ ਸਕੀਮ ਨਵੰਬਰ 2023 ‘ਚ ਬੰਦ ਕਰ ਦਿੱਤੀ ਗਈ, ਤਾਂ ਇਸ ਜੀਵਨ ਬਦਲਣ ਵਾਲੇ ਇਲਾਜ ਤੱਕ ਅਣਗਿਣਤ ਬੱਚਿਆਂ ਦੀ ਪਹੁੰਚ ਵੀ ਖਤਮ ਹੋ ਗਈ। ਉਸ ਨਾਜ਼ੁਕ ਮੋੜ ‘ਤੇ, ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਰਵਣ ਅਸ਼ੀਰਵਾਦ ਯੋਜਨਾ, “ਸੁਣਨ ਦਾ ਹੱਕ ਸਭਦਾ” ਸ਼ੁਰੂ ਕਰਕੇ ਫੈਸਲਾਕੁੰਨ ਕਦਮ ਚੁੱਕਿਆ ਹੈ।
ਇਸ ਪਹਿਲਕਦਮੀ ਤਹਿਤ, ਪੰਜਾਬ ਸਰਕਾਰ ਵੱਲੋਂ 100 ਫੀਸਦੀ ਸੂਬਾਈ ਫੰਡਾਂ ਰਾਹੀਂ ਕੋਕਲੀਅਰ ਇਮਪਲਾਂਟ ਸਰਜਰੀਆਂ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਨੇ ਇਮਪਲਾਂਟ ਡਿਵਾਈਸ, ਸਰਜਰੀ ਅਤੇ ਹਸਪਤਾਲ ‘ਚ ਭਰਤੀ ਸਮੇਤ ਸਾਰੇ ਖਰਚਿਆਂ ਦਾ ਬੋਝ ਚੁੱਕਿਆ, ਜਦੋਂ ਕਿ ਸਰਕਾਰੀ ਮੈਡੀਕਲ ਕਾਲਜਾਂ ਨੂੰ ਉੱਚਤਮ ਮਿਆਰਾਂ ਨਾਲ ਉੱਨਤ, ਵਿਸ਼ੇਸ਼ ਦੇਖਭਾਲ ਪ੍ਰਦਾਨ ਕਰਨ ਲਈ ਮਜ਼ਬੂਤ ਕੀਤਾ ਹੈ।




