Mata Sundari University Girls College

ਹਰਪਾਲ ਸਿੰਘ ਚੀਮਾ ਨੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ‘ਚ ਲੜਕੀਆਂ ਦੇ ਨਵੇਂ ਹੋਸਟਲ ਦਾ ਨੀਂਹ ਪੱਥਰ ਰੱਖਿਆ

ਚੰਡੀਗੜ੍ਹ/ਮਾਨਸਾ, 21 ਫਰਵਰੀ 2026: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਵਿਖੇ ਲੜਕੀਆਂ ਦੇ ਨਵੇਂ ਹੋਸਟਲ ਦਾ ਨੀਂਹ ਪੱਥਰ ਰੱਖਿਆ ਹੈ।

ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰੀਬ 10 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਨ ਵਾਲੇ ਇਸ ਗਰਲਜ਼ ਹੋਸਟਲ ਦਾ ਨਿਰਮਾਣ ਅਗਲੇ ਛੇ ਮਹੀਨਿਆਂ ‘ਚ ਪੂਰਾ ਕਰ ਲਿਆ ਜਾਵੇਗਾ। ਇਹ ਸਹੂਲਤ ਉਨ੍ਹਾਂ ਵਿਦਿਆਰਥਣਾਂ ਨੂੰ ਵੱਡੀ ਰਾਹਤ ਦੇਵੇਗੀ ਜੋ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪੜ੍ਹਾਈ ਲਈ ਆਉਂਦੀਆਂ ਹਨ।”

ਉਨ੍ਹਾਂ ਨੇ ਐਲਾਨ ਕੀਤਾ, “ਕਾਲਜ ‘ਚ 13 ਲੱਖ ਰੁਪਏ ਦੀ ਲਾਗਤ ਨਾਲ ਇੱਕ ਅਤਿ-ਆਧੁਨਿਕ ਡਿਜੀਟਲ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਜਾਵੇਗੀ। ਇਹ ਡਿਜੀਟਲ ਲਾਇਬ੍ਰੇਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਸਹਾਈ ਹੋਵੇਗੀ।”

ਆਪਣੀ ਪਿਛਲੀ ਫੇਰੀ ਨੂੰ ਯਾਦ ਕਰਦਿਆਂ ਵਿੱਤ ਮੰਤਰੀ ਨੇ ਕਿਹਾ, “ਮੇਰੀ ਪਿਛਲੀ ਫੇਰੀ ਦੌਰਾਨ ਵਿਦਿਆਰਥਣਾਂ ਨੇ ਰਿਹਾਇਸ਼ੀ ਸਹੂਲਤਾਂ ਦੀ ਘਾਟ ਕਾਰਨ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਸੀ। ਉਨ੍ਹਾਂ ਦੀਆਂ ਚਿੰਤਾਵਾਂ ਦਾ ਤੁਰੰਤ ਨੋਟਿਸ ਲੈਂਦਿਆਂ ਅਸੀਂ ਸਬੰਧਤ ਵਿਭਾਗਾਂ ਨਾਲ ਤਾਲਮੇਲ ਕੀਤਾ ਅਤੇ ਪੀ.ਐਮ-ਊਸ਼ਾ ਸਕੀਮ ਤਹਿਤ ਇਸ ਕਰੋੜਾਂ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।” ਉਨ੍ਹਾਂ ਕਿਹਾ, “ਹੋਸਟਲ ‘ਚ 122 ਵਿਦਿਆਰਥਣਾਂ ਦੇ ਰਹਿਣ ਲਈ ਕਮਰੇ ਹੋਣਗੇ, ਜੋ ਸਾਡੀਆਂ ਧੀਆਂ ਲਈ ਇੱਕ ਸੁਰੱਖਿਅਤ ਅਤੇ ਸਹਾਇਕ ਮਾਹੌਲ ਯਕੀਨੀ ਬਣਾਉਣਗੇ।”

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਰੁਜ਼ਗਾਰ ਦੇ ਮੋਰਚੇ ‘ਤੇ ਪੰਜਾਬ ਸਰਕਾਰ ਦੇ ਰਿਕਾਰਡ ਬਾਰੇ ਦੱਸਦਿਆਂ ਨੇ ਕਿਹਾ, “ਪਿਛਲੇ ਚਾਰ ਸਾਲਾਂ ‘ਚ ਪੰਜਾਬ ਦੇ ਨੌਜਵਾਨਾਂ ਨੂੰ 63,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਨ੍ਹਾਂ ਪਾਰਦਰਸ਼ੀ ਅਤੇ ਯੋਗਤਾ ਅਧਾਰਤ ਭਰਤੀਆਂ ਨੇ ਜਨਤਾ ਦਾ ਵਿਸ਼ਵਾਸ ਬਹਾਲ ਕੀਤਾ ਹੈ ਅਤੇ ਨੌਜਵਾਨਾਂ ਦੇ ਵਿਦੇਸ਼ਾਂ ‘ਚ ਜਾਣ ਦੇ ਰੁਝਾਨ ‘ਚ ਸਪੱਸ਼ਟ ਗਿਰਾਵਟ ਆਈ ਹੈ।”

ਵਿੱਤ ਮੰਤਰੀ ਚੀਮਾ ਨੇ ਕਿਹਾ, “ਪੰਜਾਬ ‘ਚੋਂ ਨਸ਼ਿਆਂ ਅਤੇ ਗੈਂਗਸਟਰਾਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।”

ਇਸ ਮੌਕੇ ਮਾਨਸਾ ਦੇ ਵਿਧਾਇਕ ਡਾ: ਵਿਜੇ ਸਿੰਗਲਾ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਇਸ ਅਹਿਮ ਬੁਨਿਆਦੀ ਢਾਂਚੇ ਲਈ ਧੰਨਵਾਦ ਕਰਦਾ ਹਾਂ, ਜਿਸ ਨਾਲ ਇਸ ਖੇਤਰ ਦੀਆਂ ਵਿਦਿਆਰਥਣਾਂ ਨੂੰ ਬਹੁਤ ਫਾਇਦਾ ਹੋਵੇਗਾ।”

ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ: ਬਰਿੰਦਰ ਕੌਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ (ਸੀ.ਸੀ.) ਡਾ: ਅਮਰ ਇੰਦਰ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਵਿਦਿਅਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਲਗਾਤਾਰ ਸਹਿਯੋਗ ਦੀ ਸ਼ਲਾਘਾ ਕੀਤੀ।

ਆਪਣੀ ਫੇਰੀ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਂਪਸ ‘ਚ ਕਿੱਕਬਾਕਸਿੰਗ ਦੇ ਮੈਚ ਵੀ ਦੇਖੇ, ਖਿਡਾਰੀਆਂ ਦੀ ਲਗਨ ਅਤੇ ਅਨੁਸ਼ਾਸਨ ਲਈ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ | ਇਸ ਦੌਰਾਨ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਵਿੱਤ ਮੰਤਰੀ ਦੇ ਓ.ਐਸ.ਡੀ ਤਪਿੰਦਰ ਸਿੰਘ ਸੋਹੀ, ਡਾਇਰੈਕਟਰ ਅਮਨ ਮਿੱਤਲ, ਐਸ.ਡੀ.ਐਮ ਕਾਲਾ ਰਾਮ ਕਾਂਸਲ, ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ ਅਤੇ ਕਈ ਹੋਰ ਪ੍ਰਸ਼ਾਸਨਿਕ ਅਤੇ ਸਿਆਸੀ ਸ਼ਖਸੀਅਤਾਂ ਹਾਜ਼ਰ ਸਨ।

Read More: DGP ਗੌਰਵ ਯਾਦਵ ਨੇ 1951 ਬੈਚ ਦੇ IPS ਅਧਿਕਾਰੀ ਜਗਜੀਤ ਸਿੰਘ ਬਾਵਾ ਨੂੰ ਉਨ੍ਹਾਂ ਦੇ 100ਵੇਂ ਜਨਮਦਿਨ ‘ਤੇ ਦਿੱਤੀਆਂ ਸ਼ੁਭਕਾਮਨਾਵਾਂ

ਵਿਦੇਸ਼

Scroll to Top