ਮੋਹਾਲੀ 19 ਫਰਵਰੀ 2026: ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਮੋਹਾਲੀ ਉੱਤਰੀ ਭਾਰਤ ਦਾ ਨੰਬਰ ਵਨ ਸ਼ਹਿਰ ਬਣ ਜਾਵੇਗਾ, ਕਿਉਂਕਿ ਮੋਹਾਲੀ ਦਾ ਵੱਡੇ ਪੱਧਰ ਤੇ ਸਰਬਪੱਖੀ ਵਿਕਾਸ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਇੰਡਸਟਰੀ ਏਰੀਏ ਨਾਲ ਸੰਬੰਧਿਤ ਸੜਕਾਂ ਦੀ ਕਨੈਕਟੀਵਿਟੀ ਪੂਰੀ ਤਰ੍ਹਾਂ ਕਰ ਦਿੱਤੀ ਜਾਵੇਗੀ, ਇਨ੍ਹਾਂ ਸੜਕਾਂ ਨੂੰ ਆਪਸ ‘ਚ ਜੋੜੇ ਜਾਣ ਤੋਂ ਬਾਅਦ ਏਅਰਪੋਰਟ ਰੋਡ ‘ਤੇ ਟਰੈਫਿਕ ਕੰਟਰੋਲ ਹੋ ਜਾਵੇਗਾ |
ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਅੱਜ ਮੋਹਾਲੀ ਇੰਡਸਟਰੀ ਐਸੋਸੀਏਸ਼ਨ- (ਐਮ. ਆਈ. ਏ.) ਦੀ ਨਵੀਂ ਚੁਣੀ ਟੀਮ ਵੱਲੋਂ ਰੱਖੇ ਗਏ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੇ ‘ਚ 10 ਚੌਂਕ ਬਣ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ‘ਚ 10 ਤੋਂ 15 ਚੌਂਕ ਹੋਰ ਬਣਾਏ ਜਾ ਰਹੇ ਹਨ, ਜਿਸ ਨਾਲ ਮੋਹਾਲੀ ਸ਼ਹਿਰ ਪੂਰੀ ਤਰ੍ਹਾਂ ਖੁੱਲਾ-ਡੁੱਲਾ ਲੱਗੇਗਾ |

ਇਸ ਦੇ ਨਾਲ ਹੀ ਟਰੈਫਿਕ ਦੀ ਸਮੱਸਿਆ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲੇਗੀ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ ਤੇ ਅਧਾਰਤ ਇੰਡਸਟਰੀ ਦੀ ਪੂਰੀ ਟੀਮ ਅੱਜ ਵਧਾਈ ਦੀ ਪਾਤਰ ਹੈ ਅਤੇ ਸਾਨੂੰ ਪੂਰਾ ਯਕੀਨ ਹੈ ਕਿ ਇਹ ਟੀਮ ਉਦਯੋਗਪਤੀਆਂ ਦੇ ਦੀਆਂ ਲੋੜਾਂ ਅਤੇ ਮਸਲਿਆਂ ਨੂੰ ਸਰਕਾਰ ਕੋਲ ਉਠਾ ਕੇ ਉਨ੍ਹਾਂ ਦਾ ਛੇਤੀ ਤੋਂ ਛੇਤੀ ਹੱਲ ਕਰਵਾ ਸਕੇਗੀ |
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲਾਂ ਹੀ ਉਦਯੋਗਪਤੀਆਂ ਦੇ ਸਮੁੱਚੇ ਮਸਲਿਆਂ ਦਾ ਲਗਾਤਾਰ ਸਥਾਈ ਹੱਲ ਕਰ ਰਹੀ ਹੈ ਅਤੇ ਉਦਯੋਗਪਤੀਆਂ ਦੀ ਹਰ ਇੱਕ ਲੋੜ ਨੂੰ ਆਨਲਾਈਨ ਅਪਲਾਈ ਕਰਵਾ ਕੇ ਆਨਲਾਈਨ ਹੀ ਸਮਾਂ ਵੱਧ ਸਮੇਂ ਦੇ ਅੰਦਰ-ਅੰਦਰ ਹੱਲ ਕਰ ਦਿੱਤਾ ਜਾਂਦਾ ਹੈ ਅਤੇ ਜਰੂਰੀ ਪ੍ਰਵਾਨਗੀਆਂ ਵੀ ਸਮੇਂ ਸਿਰ ਮਿਲ ਰਹੀਆਂ ਹਨ |
ਇਸ ਮੌਕੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ, ਤੋਂ ਇਲਾਵਾ ਸਾਬਕਾ ਪ੍ਰਧਾਨ -ਬਲਜੀਤ ਸਿੰਘ, ਕੇ. ਐਸ. ਮਾਹਲ, ਬਲਵੀਰ ਸਿੰਘ, ਹਰਿੰਦਰਪਾਲ ਸਿੰਘ ਬਿੱਲਾ, ਗੁਰਪ੍ਰਤਾਪ ਸਿੰਘ, ਗੁਰਚੇਤ ਸਿੰਘ, ਗੁਰਮੁਖ ਸਿੰਘ ਭਾਟੀਆ, ਜਰਨਲ ਸਕੱਤਰ- ਰਾਕੇਸ਼ ਬਿੱਜ, ਪ੍ਰੋਫੈਸਰ ਸਲੂਜਾ, ਅਕਵਿੰਦਰ ਸਿੰਘ ਗੋਸਲ, ਸੁਖਚੈਨ ਸਿੰਘ, ਗੁਰਮੁਖ ਸਿੰਘ ਸੋਹਲ, ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ ਤਰਲੋਚਨ ਸਿੰਘ ਮਟੌਰ, ਹਰਮੇਸ਼ ਸਿੰਘ ਕੁੰਬੜਾ, ਬਿਕਰਮ ਸਿੰਘ, ਰਾਜਿੰਦਰ ਪ੍ਰਸਾਦ ਸ਼ਰਮਾ ਵੀ ਹਾਜ਼ਰ ਸਨ |
Read More: ਕੇਂਦਰ ਸਰਕਾਰ ਨੂੰ ਅਪੋਲੋ ਹਸਪਤਾਲ ਦੇ ਡਾਕਟਰਾਂ ਦੀ ਸਲਾਹ ‘ਤੇ ਧਿਆਨ ਦੇਣ ਦੀ ਲੋੜ: ਕੁਲਤਾਰ ਸਿੰਘ ਸੰਧਵਾਂ




