ਪਟਿਆਲਾ 19 ਫਰਵਰੀ 2026: ਪਟਿਆਲਾ ਦੇ ਇਤਿਹਾਸਕ ਬਾਰਾਂਦਰੀ ਬਾਗ ‘ਚ ਹੋਰਟੀਕਲਚਰ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਸਹਿਯੋਗ ਨਾਲ ਸਲਾਨਾ ਫੁੱਲਾਂ ਦੀ ਪ੍ਰਦਰਸ਼ਨੀ ਅਤੇ ਫੂਡ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਇਸ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ (ਮੀਡੀਆ ਐਡਵਾਈਜ਼ਰ) ਬਲਤੇਜ ਪੰਨੂ ਅਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਫੈਸਟੀਵਲ ‘ਚ ਪਟਿਆਲਵੀਆਂ ਨੇ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਸਮਾਗਮ ਨੂੰ ਕਾਮਯਾਬ ਬਣਾਇਆ।
ਬਲਤੇਜ ਪੰਨੂ ਨੇ ਪ੍ਰਦਰਸ਼ਨੀ ਦਾ ਉਦਘਾਟਨ ਕਰਦੇ ਹੋਏ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਬਾਗਬਾਨੀ ਪ੍ਰੇਮੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਬਾਗਾਂ ਤੇ ਰਾਗਾਂ ਦਾ ਸ਼ਹਿਰ ਹੈ ਅਤੇ ਇਸ ਦੀ ਵਿਰਾਸਤ ਸਾਡੀ ਸਾਂਝੀ ਜਾਇਦਾਦ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਸ ਹੈਰੀਟੇਜ ਨੂੰ ਬਚਾਉਣ ‘ਚ ਯੋਗਦਾਨ ਪਾਏ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸਵੇਰ ਦੀ ਸੈਰ ਲਈ ਬਾਗਾਂ ‘ਚ ਆਉਣ ਅਤੇ ਸਾਫ਼-ਸੁਥਰਾ ਮਾਹੌਲ ਬਣਾਈ ਰੱਖਣ ਦੀ ਅਪੀਲ ਵੀ ਕੀਤੀ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਹਰਿਆਵਲੀ ਅਤੇ ਵਿਰਾਸਤੀ ਸਥਾਨਾਂ ਦੀ ਸੰਭਾਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਾਲਾਨਾ ਫੈਸਟੀਵਲ ਨਾ ਸਿਰਫ਼ ਪ੍ਰਕਿਰਤੀ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ, ਸਗੋਂ ਸਥਾਨਕ ਕਲਾਕਾਰਾਂ ਅਤੇ ਵਪਾਰੀਆਂ ਨੂੰ ਵੀ ਮੰਚ ਪ੍ਰਦਾਨ ਕਰਦੇ ਹਨ।
ਫੈਸਟੀਵਲ ਦੇ ਨੋਡਲ ਅਫ਼ਸਰ ਜਸ਼ਨਪ੍ਰੀਤ ਕੌਰ ਗਿੱਲ ਨੇ ਸਮਾਗਮ ਦੀ ਸਫਲਤਾ ਲਈ ਸਾਰੇ ਵਿਭਾਗਾਂ, ਸਹਿਯੋਗੀਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਉਤਸ਼ਾਹ ਅਤੇ ਸਹਿਯੋਗ ਨਾਲ ਹੀ ਇਸ ਤਰ੍ਹਾਂ ਦੇ ਸਮਾਗਮ ਸੰਭਵ ਹੋ ਸਕਦੇ ਹਨ |
ਹੋਰਟੀਕਲਚਰ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਫਲਾਵਰ ਸ਼ੋਅ ਦੌਰਾਨ ਕੱਟ ਫਲਾਵਰ, ਫਲਾਵਰ ਪੋਟਸ ਅਤੇ ਕੈਕਟਸ ਅਤੇ ਬੋਨਸਾਈ ਆਦਿ ਦੇ ਮੁਕਾਬਲੇ ਕਰਵਾਏ। ਉਨ੍ਹਾਂ ਨੇ ਦੱਸਿਆ ਕਿ ਮੇਲੇ ‘ਚ 20 ਫੂਡ ਦੀਆਂ ਸਟਾਲਾਂ ਅਤੇ 25 ਓਰਗੈਨਿਕ ਸਟਾਲਾਂ ਅਤੇ ਦੋ ਹਜਾਰ ਫੁੱਲਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਹਨ। ਉਨ੍ਹਾਂ ਨੇ ਦੱਸਿਆ ਕਿ 25 ਜੇਤੂ ਉਮੀਦਵਾਰਾਂ ਨੂੰ ਇਨਾਮ ਵੀ ਵੰਡੇ ।
ਇਹ ਸਾਲਾਨਾ ਫੁੱਲ ਪ੍ਰਦਰਸ਼ਨੀ ਅਤੇ ਫੂਡ ਫੈਸਟੀਵਲ ਪਟਿਆਲਾ ਦੀ ਵਿਰਾਸਤ, ਹਰਿਆਵਲੀ ਅਤੇ ਸੱਭਿਆਚਾਰਕ ਰੰਗਤ ਨੂੰ ਉਜਾਗਰ ਕਰਨ ਵਾਲਾ ਯਾਦਗਾਰ ਸਮਾਗਮ ਸਾਬਤ ਹੋਇਆ। ਸ਼ਹਿਰ ਵਾਸੀਆਂ ਦੀ ਭਾਰੀ ਹਾਜ਼ਰੀ ਨੇ ਇਹ ਦਰਸਾ ਦਿੱਤਾ ਕਿ ਪਟਿਆਲਾ ਆਪਣੇ ਇਤਿਹਾਸਕ ਬਾਗਾਂ ਅਤੇ ਵਿਰਾਸਤ ਨਾਲ ਗਹਿਰਾ ਪਿਆਰ ਰੱਖਦਾ ਹੈ ਅਤੇ ਉਨ੍ਹਾਂ ਦੀ ਸੰਭਾਲ ਲਈ ਸਦਾ ਤਤਪਰ ਹੈ।




